Thursday, November 21, 2024

ਖ਼ਾਲਸਾ ਕਾਲਜ ਐਜ਼ੂਕੇਸ਼ਨ ਜੀ.ਟੀ ਰੋਡ ਵਿਖੇ ਨੈਤਿਕ ਕਦਰਾਂ-ਕੀਮਤਾਂ ਦੇ ਵਿਕਾਸ ’ਤੇ ਪ੍ਰੋਗਰਾਮ

ਅੰਮ੍ਰਿਤਸਰ, 24 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਜੀ.ਟੀ ਰੋਡ ਵਿਖੇ ਵਿਦਿਆਰਥੀਆਂ ਦੇ ਅੰਦਰ ਰਚਨਾਤਮਕ ਪ੍ਰਵਿਰਤੀਆਂ ਅਤੇ ਨੈਤਿਕ ਕਦਰਾ ਕੀਮਤਾਂ ਦੇ ਵਿਕਾਸ ਸਬੰਧੀ 7 ਰੋਜ਼ਾ ਪ੍ਰੋਗਰਾਮ ਕਰਵਾਇਆ ਗਿਆ।ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ’ਤੇ ਕਰਵਾਏ ਇਸ ਪ੍ਰੋਗਰਾਮ ’ਚ ਕਾਲਜ ਦੇ ਸਮੂਹ ਵਿਦਿਆਰਥੀਆਂ ਨੇ ਸ਼ਿਰਕਤ ਕਰਦਿਆਂ ਅਧਿਆਪਨ ਕੌਸ਼ਲਾਂ ਦੇ ਨਾਲ-ਨਾਲ ਸਮਾਜਿਕ, ਭਾਵਨਾਤਮਕ ਅਤੇ ਬੌਧਿਕ ਪੱਧਰ ਦਾ ਵਿਕਾਸ ਕਰਨ ਲਈ ਵੱਖ-ਵੱਖ ਗਤੀਵਿਧੀਆਂ ’ਚ ਹਿੱਸਾ ਲਿਆ।
ਡਾ. ਕੁਮਾਰ ਨੇ ਕਿਹਾ ਕਿ ਕਾਲਜ ਵਿਦਿਆਰਥੀਆਂ ਨੂੰ ਇਕ ਚੰਗਾ ਅਧਿਆਪਕ ਬਣਾਉਣ ਦੇ ਨਾਲ-ਨਾਲ ਇੱਕ ਸਭਿਅਕ ਅਤੇ ਅਜੋਕੀਆਂ ਸਮੱਸਿਆਵਾਂ ਨਾਲ ਨਿਪਟਣ ਯੋਗ ਨਾਗਰਿਕ ਬਣਾਉਣ ਲਈ ਵਚਨਬੱਧ ਹੈ, ਜਿਸ ਤਹਿਤ ਕਾਲਜ ਵੱਲੋਂ ਉਲੀਕੇ ਗਏ ਇਸ ਇਕ ਹਫ਼ਤੇ ਦੇ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੇ ਐਨ.ਐਸ.ਐਸ ਕੈਂਪ ਅਤੇ ਕਲਾ ਸਬੰਧੀ ਵਰਕਸ਼ਾਪ ’ਚ ਵੀ ਹਿੱਸਾ ਲੈ ਕੇ ਆਪਣੀ ਯੋਗਤਾ ਅਤੇ ਕਲਾ ਦਾ ਸ਼ਾਨਦਾਰ ਮੁਜ਼ਾਹਰਾ ਕੀਤਾ।
ਪ੍ਰਿੰਸੀਪਲ ਡਾ. ਕੁਮਾਰ ਨੇ ਕਿਹਾ ਕਿ 7 ਰੋਜ਼ਾ ਚੱਲੇ ਉਕਤ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੇ ਦਿਹਾਤੀ ਅਤੇ ਪਛੜੇ ਇਲਾਕਿਆਂ ਦੇ ਸਕੂਲਾਂ ’ਚ ਜਾ ਕੇ ਉਥੋਂ ਦੀਆਂ ਸਹੂਲਤਾਂ ਅਤੇ ਅਕਾਦਮਿਕ ਪੱਧਰ ਦਾ ਜ਼ਾਇਜ਼ਾ ਲੈਣ ਲਈ ਸਰਵੇ ਕੀਤਾ।ਵਿਦਿਆਰਥੀਆਂ ਅੰਦਰ ਸੰਵੇਦਨਸ਼ੀਲਤਾ ਪੈਦਾ ਕਰਨ ਲਈ ਉਨ੍ਹਾਂ ਨੂੰ ਭਗਤ ਪੂਰਨ ਸਿੰਘ ਪਿੰਗਲਵਾੜਾ (ਮਾਂਨਾਵਾਲਾ), ਸੈਂਟਰਲ ਖ਼ਾਲਸਾ ਯਤੀਮਖ਼ਾਨਾ, ਪੁਤਲੀਘਰ, ਅੰਧ ਵਿਦਿਆਲਯ ਅਤੇ ਬਿਰਧ ਘਰ ਵੀ ਲਿਜਾਇਆ ਗਿਆ। ਇਸ ਦੇ ਨਾਲ ਹੀ ਵਿਦਿਆਰਥੀਆਂ ਅੰਦਰ ਬੋਧਿਕ ਵਿਕਾਸ ਕਰਨ ਲਈ ਬੋਟਾਨੀਕਲ ਗਾਰਡਨ, ਵਿਗਿਆਨਕ ਪ੍ਰਯੋਗਸ਼ਾਲਾਵਾਂ, ਗਣਿਤ ਪਾਰਕ ਅਤੇ ਛੋਟੇ ਕਿੱਤਿਆਂ ਨਾਲ ਸਬੰਧਿਤ ਟ੍ਰੇਨਿੰਗ ਸੈਂਟਰਾਂ ਦਾ ਦੌਰਾ ਵੀ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਇਸ ਦੌਰਾਨ ਡਾ. ਨਿਰਮਲਜੀਤ ਕੌਰ ਅਤੇ ਸ੍ਰੀਮਤੀ ਪੂਨਮਪ੍ਰੀਤ ਕੌਰ ਨੇ ਕੋਆਰਡੀਨੇਟਰ ਦੀ ਭੂਮਿਕਾ ਬਾਖੂਬੀ ਨਿਭਾਈ।

 

Check Also

ਉਦਯੋਗਪਤੀਆਂ ਦੇ ਬਕਾਇਆ ਕੇਸਾਂ ਨੂੰ ਸਮਬੱਧ ਤਰੀਕੇ ਨਾਲ ਕੀਤਾ ਜਾਵੇਗਾ ਹੱਲ – ਖਰਬੰਦਾ

ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ …