Saturday, September 14, 2024

ਭਾਸ਼ਾ ਵਿਭਾਗ ਦੇ ਜ਼ਿਲ੍ਹਾ ਪੱਧਰੀ ਕੁਇਜ਼ ਮੁਕਾਬਲੇ 10 ਅਕਤੂਬਰ ਨੂੰ – ਜ਼ਿਲ੍ਹਾ ਭਾਸ਼ਾ ਅਫ਼ਸਰ

ਅੰਮ੍ਰਿਤਸਰ, 25 ਅਗਸਤ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਉਚੇਰੀ ਸਿੱਖਿਆ ਤੇ ਭਾਸ਼ਾਵਾਂ ਵਿਭਾਗ ਦੇ ਮੰਤਰੀ ਹਰਜੋਤ ਸਿੰਘ ਬੈਂਸ ਦੀ ਸੁਯੋਗ ਅਗਵਾਈ ਅਤੇ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਦੇ ਨਿਰਦੇਸ਼ਾਂ ਹੇਠ ਨੈਸ਼ਨਲ ਐਵਾਰਡੀ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਪਰਮਜੀਤ ਸਿੰਘ ਕਲਸੀ ਦੀ ਨਿਗਰਾਨੀ ਹੇਠ ਜ਼ਿਲ੍ਹਾ ਪੱਧਰੀ ਬਾਲ ਸਾਹਿਤ ਮੁਕਾਬਲੇ (ਪੰਜਾਬੀ ਸਾਹਿਤ, ਧਰਮ, ਭਾਸ਼ਾ, ਸੱਭਿਆਚਾਰ, ਇਤਿਹਾਸ ਤੇ ਭੂਗੋਲ ਵਿਸ਼ੇ ਨਾਲ ਸਬੰਧਿਤ) 10 ਅਕਤੂਬਰ ਨੂੰ ਕਰਵਾਏ ਜਾ ਰਹੇ ਹਨ।
ਜ਼ਿਲ੍ਹਾ ਗੁਰਦਾਸਪੁਰ ਦੇ ਇਹ ਮੁਕਾਬਲੇ ਸਰਕਾਰੀ ਕਾਲਜ ਗੁਰਦਾਸਪੁਰ ਵਿਖੇ ਅਤੇ ਜ਼ਿਲ੍ਹਾ ਅੰਮ੍ਰਿਤਸਰ ਦੇ ਇਹ ਮੁਕਾਬਲੇ ਡੀ.ਏ.ਵੀ ਸ.ਸ ਸਕੂਲ ਹਾਥੀ ਗੇਟ ਅੰਮ੍ਰਿਤਸਰ ਵਿੱਚ ਹੋਣਗੇ।ਇਨ੍ਹਾਂ ਮੁਕਾਬਲਿਆਂ ਦੇ ਤਿੰਨ ਵਰਗ ਹੋਣਗੇ, ਜਿਸ ਵਿੱਚ ਪਹਿਲਾ ਵਰਗ ਅੱਠਵੀਂ ਸ਼੍ਰੇਣੀ ਤੱਕ ਦੇ ਵਿਦਿਆਰਥੀਆਂ ਦਾ ਹੋਵੇਗਾ, ਜਦੋਂਕਿ ਦੂਸਰਾ ਵਰਗ ਨੌਵੀਂ ਤੋਂ ਬਾਰ੍ਹਵੀਂ ਤੱਕ ਅਤੇ ਤੀਸਰਾ ਵਰਗ ਗ੍ਰੈਜੂਏਸ਼ਨ ਤੱਕ ਦੇ ਵਿਦਿਆਰਥੀਆਂ ਦਾ ਹੋਵੇਗਾ।ਭਾਗ ਲੈਣ ਵਾਲੇ ਵਿਦਿਆਰਥੀ ਦੀ ਜਮਾਤ ਅਤੇ ਜਨਮ ਮਿਤੀ ਸਬੰਧੀ ਸੰਸਥਾ ਮੁਖੀ ਵਲੋਂ ਲਿਖਤੀ ਤਸਦੀਕ ਲਾਜ਼ਮੀ ਹੈ।ਹਰ ਵਰਗ ਵਿੱਚ ਇੱਕ ਸੰਸਥਾ ਵਿੱਚੋਂ ਵੱਧ ਤੋਂ ਵੱਧ ਦੋ ਵਿਦਿਆਰਥੀ ਹੀ ਭੇਜੇ ਜਾ ਸਕਦੇ ਹਨ।ਇਹ ਮੁਕਾਬਲਾ 100 ਪ੍ਰਸ਼ਨਾਂ ਦੇ ਰੂਪ ਵਿੱਚ ਬਹੁ-ਚੋਣ ਪ੍ਰਸ਼ਨਾਵਲੀ ਦੇ ਲਿਖਤੀ ਰੂਪ ਵਿੱਚ ਹੋਵੇਗਾ।ਜ਼ਿਲ੍ਹਾ ਪੱਧਰ ‘ਤੇ ਹਰ ਵਰਗ ਵਿੱਚੋਂ ਪਹਿਲੇ ਸਥਾਨ ‘ਤੇ ਆਉਣ ਵਾਲੇ ਵਿਦਿਆਰਥੀ ਰਾਜ ਪੱਧਰ ਦੇ ਮੁਕਾਬਲੇ ਵਿੱਚ ਹਿੱਸਾ ਲੈਣਗੇ।ਹਰ ਵਰਗ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ਵਿੱਚ ਪਹਿਲੇ ਸਥਾਨ ‘ਤੇ ਆਉਣ ਵਾਲੇ ਵਿਦਿਆਰਥੀ ਨੂੰ 1000/- ਰੁਪਏ, ਦੂਸਰੇ ਸਥਾਨ ਵਾਲੇ ਜੇਤੂ ਵਿਦਿਆਰਥੀ ਨੂੰ 750/- ਰੁਪਏ ਅਤੇ ਤੀਸਰੇ ਸਥਾਨ ‘ਤੇ ਆਉਣ ਵਾਲੇ ਵਿਦਿਆਰਥੀ ਨੂੰ 500/- ਰੁਪਏ ਨਕਦ ਇਨਾਮ ਵਜੋਂ ਮੌਕੇ ‘ਤੇ ਦਿੱਤੇ ਜਾਣਗੇ।
ਅੰਮ੍ਰਿਤਸਰ ਅਤੇ ਗੁਰਦਾਸਪੁਰ ਦੇ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਪਰਮਜੀਤ ਸਿੰਘ ਕਲਸੀ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਜੇਤੂ ਵਿਦਿਆਰਥੀਆਂ ਨੂੰ ਨਕਦ ਇਨਾਮ ਤੋਂ ਇਲਾਵਾ ਭਾਸ਼ਾ ਵਿਭਾਗ ਵਲੋਂ ਜਾਰੀ ਕੀਤੇ ਸਰਟੀਫ਼ਿਕੇਟ/ਪ੍ਰਸੰਸਾ ਪੱਤਰ ਵੀ ਪ੍ਰਦਾਨ ਕੀਤੇ ਜਾਣਗੇ।ਇਨ੍ਹਾਂ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਵਿਦਿਆਰੀਥਾਂ ਦੀ ਅਗੇਤੀ ਲਿਖਤੀ ਸੂਚਨਾ ਵਿਭਾਗ ਦੀ ਈਮੇਲ dlogurdaspur8@gmail.com (ਗੁਰਦਾਸਪੁਰ), amritsar.dlo@gmail.com (ਅੰਮ੍ਰਿਤਸਰ) ‘ਤੇ ਦਿੱਤੀ ਜਾ ਸਕਦੀ ਹੈ ਅਤੇ ਕੁਇਜ਼ ਮੁਕਾਬਲਿਆਂ ਸਬੰਧੀ ਵਿਭਾਗ ਵਲੋਂ ਪ੍ਰਕਾਸ਼ਿਤ ਕੀਤੀ ਗਈ ਨਮੂਨਾ ਪੁਸਤਕ ਜ਼ਿਲ੍ਹਾ ਭਾਸ਼ਾ ਦਫ਼ਤਰ ਤੋਂ ਖ਼ਰੀਦੀ ਜਾ ਸਕਦੀ ਹੈ।

Check Also

ਖ਼ਾਲਸਾ ਕਾਲਜ ਵੁਮੈਨ ਨੇ ਸਵੱਛ ਭਾਰਤ ਮਿਸ਼ਨ ’ਚ ਪ੍ਰਾਪਤ ਕੀਤਾ ਦੂਜਾ ਸਥਾਨ

ਅੰਮ੍ਰਿਤਸਰ, 14 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵੁਮੈਨ ਨੇ ਨਗਰ ਨਿਗਮ ਅਧੀਨ ਚੱਲ …