ਅੰਮ੍ਰਿਤਸਰ, 7 ਸਤੰਬਰ (ਦੀਪ ਦਵਿੰਦਰ ਸਿੰਘ) – ਭਾਜੀ ਗੁਰਸ਼ਰਨ ਸਿੰਘ ਵਿਰਾਸਤ ਸੰਭਾਲ ਕਮੇਟੀ ਵਲੋਂ ਪ੍ਰਸਿੱਧ ਲੋਕ ਪੱਖੀ ਇਨਕਲਾਬੀ ਨਾਟਕਕਾਰ ਅਤੇ ਸਮਾਜਿਕ ਚਿੰਤਕ ਗੁਰਸ਼ਰਨ ਸਿੰਘ ਦੇ 95ਵੇਂ ਜਨਮ ਦਿਨ ਦੇ ਮੌਕੇ 16 ਸਤੰਬਰ ਨੂੰ ਬਾਅਦ ਦੁਪਹਿਰ 2.30 ਵਜੇ ਸਥਾਨਕ ਵਿਰਸਾ ਵਿਹਾਰ ਵਿਖੇ ‘ਲੋਕ ਪੱਖੀ ਰੰਗਮੰਚ ਦੀ ਵਿਰਾਸਤ’ ਵਿਸ਼ੇ ਬਾਰੇ ਸੈਮੀਨਾਰ ਕਰਵਾਇਆ ਜਾਵੇਗਾ।ਜਿਸ ਵਿੱਚ ਲੋਕ ਪੱਖੀ ਨਾਟਕਕਾਰ ਅਤੇ ਬੁੱਧੀਜੀਵੀ ਡਾ. ਸਵਰਾਜਬੀਰ ਗੁਰਸ਼ਰਨ ਭਾਅ ਜੀ ਵਲੋਂ ਇਨਕਲਾਬੀ ਰੰਗਮੰਚ ਦੇ ਖੇਤਰ ਵਿੱਚ ਪਾਏ ਅਮੁੱਲੇ ਯੋਗਦਾਨ ਬਾਰੇ ਆਪਣੇ ਵਿਚਾਰ ਪ੍ਰਗਟ ਕਰਨਗੇ।ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਦੀ ਨਿਰਦੇਸ਼ਨਾਂ ਵਿੱਚ ‘ਜਿਸ ਲਾਹੌਰ ਨਹੀਂ ਵੇਖਿਆ, ਉਹ ਜੰਮਿਆ ਨਹੀਂ ’ ਨਾਟਕ ਦਾ ਮੰਚਨ ਕੀਤਾ ਜਾਵੇਗਾ ਅਤੇ ਇਸ ਉਪਰੰਤ ਗੁਰਸ਼ਰਨ ਭਾਅ ਜੀ ਦੇ ਰਣਜੀਤ ਪੁਰਾ ਸਥਿਤ ਜੱਦੀ ਘਰ ਗੁਰੂ ਖਾਲਸਾ ਨਿਵਾਸ ਵਿਖੇ ਮੋਮਬੱਤੀਆਂ ਜਗਾ ਕੇ ਉਨ੍ਹਾਂ ਨੂੰ ਯਾਦ ਕੀਤਾ ਜਾਵੇਗਾ।
ਸਥਾਨਕ ਰੰਗਮੰਚ ਭਵਨ ਪੁਤਲੀਘਰ ਵਿਖੇ ਕਮੇਟੀ ਦੀ ਹੋਈ ਇਕ ਵਿਸ਼ੇਸ਼ ਮੀਟਿੰਗ ਉਪਰੰਤ ਜਾਣਕਾਰੀ ਦਿੰਦਿਆਂ ਡਾ. ਪਰਮਿੰਦਰ, ਕੇਵਲ ਧਾਲੀਵਾਲ, ਅਮੋਲਕ ਸਿੰਘ, ਸੁਮੀਤ ਸਿੰਘ ਨੇ ਦੱਸਿਆ ਕਿ ਗੁਰਸ਼ਰਨ ਭਾਅ ਜੀ ਨੇ ਇਨਕਲਾਬੀ ਸਿਧਾਂਤਾਂ ‘ਤੇ ਦ੍ਰਿੜਤਾ ਨਾਲ ਪਹਿਰਾ ਦਿੰਦਿਆਂ ਆਪਣਾ ਸਮੁੱਚਾ ਜੀਵਨ ਦੱਬੇ ਕੁਚਲੇ ਮਿਹਨਤਕਸ਼ ਲੋਕਾਂ, ਕਿਸਾਨਾਂ, ਮਜ਼ਦੂਰਾਂ, ਔਰਤਾਂ, ਨੌਜਵਾਨਾਂ ਅਤੇ ਪਿਛੜੇ ਵਰਗਾਂ ਨੂੰ ਜਮਹੂਰੀ ਹੱਕਾਂ ਲਈ ਚੇਤਨ ਅਤੇ ਜਥੇਬੰਦ ਕਰਨ ਲਈ ਸਮਰਪਿਤ ਕੀਤਾ।ਉਨ੍ਹਾਂ ਨੇ ਇਕ ਸਿਹਤਮੰਦ ਸਭਿਆਚਾਰ ਅਤੇ ਲੁੱਟ ਰਹਿਤ ‘ਤੇ ਬਰਾਬਰੀ ਵਾਲਾ ਸਮਾਜ ਸਿਰਜਣ ਲਈ ਆਪਣੀ ਸਾਰੀ ਜ਼ਿੰਦਗੀ ਰੰਗ ਮੰਚ ਦੇ ਲੇਖੇ ਲਾ ਦਿੱਤੀ।
ਅੱਜ ਦੀ ਮੀਟਿੰਗ ਵਿੱਚ ਸਮਾਗਮ ਦਾ ਇਸ਼ਤਿਹਾਰ ਲੋਕ ਅਰਪਣ ਕੀਤਾ ਗਿਆ।