ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਜਿਥੇ ਜਿਲ੍ਹਾ ਪ੍ਰਸ਼ਾਸ਼ਨ ਅੰਮ੍ਰਿਤਸਰ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਪ੍ਰੇਰਿਤ ਕਰਨ ਵਿੱਚ ਆਪਣਾ ਸਮਾਂ ਅਤੇ ਪੈਸੇ ਲਗਾ ਰਿਹਾ ਹੈ, ਉਥੇ ਅਜਨਾਲਾ ਬਲਾਕ ਦੇ ਪਿੰਡ ਭੋਏਵਾਲੀ ਦਾ ਕਿਸਾਨ ਗੁਰਦੇਵ ਸਿੰਘ ਪਿਛਲੇ ਪੰਜ ਸਾਲਾਂ ਤੋਂ ਬਿਨਾਂ ਪਰਾਲੀ ਸਾੜੇ ਕਣਕ ਦੀ ਬਿਜ਼ਾਈ ਕਰਕੇ ਇਲਾਕੇ ਵਿੱਚ ਕਈ ਕਿਸਾਨਾਂ ਲਈ ਪ੍ਰੇਰਨਾ ਦਾ ਸਰੋਤ ਬਣਿਆ ਹੋਇਆ ਹੈ।ਗੁਰਦੇਵ ਸਿੰਘ ਨੇ ਦੱਸਿਆ ਕਿ ਉਹ 2019 ਤੋਂ ਕਰੀਬ 20 ਏਕੜ ਰਕਬੇ ਵਿੱਚ ਕਣਕ ਦੀ ਬਿਜ਼ਾਈ ਬਿਨਾਂ ਪਰਾਲੀ ਸਾੜੇ ਕਰ ਰਿਹਾ ਹੈ, ਜਿਸ ਨਾਲ ਉਸ ਦੀ ਯੂਰੀਆ ਖਾਦ ਦੀ ਮਾਤਰਾ ਲਗਭਗ ਅੱਧੀ ਰਹਿ ਗਈ ਹੈ ਅਤੇ ਝਾੜ ਵਿੱਚ ਡੇਢ ਤੋਂ ਦੋ ਕੁਇੰਟਲ ਪ੍ਰਤੀ ਏਕੜ ਦਾ ਵਾਧਾ ਹੋਇਆ ਹੈ।ਉਸ ਨੇ ਦੱਸਿਆ ਕਿ ਉਹ ਪਰਾਲੀ ਨੂੰ ਬੇਲਰ ਨਾਲ ਬਾਹਰ ਕੱਢਣ ਦਾ ਕੰਮ ਵੀ ਨਹੀਂ ਕਰਦਾ, ਬਲਕਿ ਪਰਾਲੀ ਨੂੰ ਖੇਤ ਵਿੱਚ ਹੀ ਮਿੱਟੀ ਨਾਲ ਮਿੱਟੀ ਕਰ ਦਿੰਦਾ ਹਾਂ, ਜਿਸ ਲਈ ਮੈਂ ਹੈਪੀ ਸੀਡਰ ਅਤੇ ਸੁਪਰ ਸੀਡਰ ਦੀ ਵਰਤੋਂ ਕਰ ਰਿਹਾ ਹਾਂ।
ਉਸ ਨੇ ਦੱਸਿਆ ਕਿ ਪਹਿਲੇ ਦੋ ਸਾਲ ਤਾਂ ਮੈਨੂੰ ਇਸ ਦੇ ਫਾਇਦੇ ਦਾ ਕੋਈ ਸਪੱਸ਼ਟ ਪਤਾ ਨਹੀਂ ਲੱਗਾ, ਪਰ ਉਸ ਤੋਂ ਬਾਅਦ ਖੇਤ ਦੀ ਉਪਜਾਊ ਸ਼ਕਤੀ ਵਧਣ ਲੱਗੀ ਅਤੇ ਮੈਨੂੰ ਯੂਰੀਆ ਖਾਦ ਦੀ ਮਾਤਰਾ ਘਟਾਉਣੀ ਪੈ ਗਈ। ਉਸ ਨੇ ਦੱਸਿਆ ਕਿ ਹੁਣ ਮੈਂ ਕਣਕ ਨੂੰ ਪ੍ਰਤੀ ਏਕੜ ਦੋ ਬੋਰੀ ਯੂਰੀਆ ਹੀ ਪਾਉਂਦਾ ਹਾਂ, ਜਦਕਿ ਪਹਿਲਾਂ ਮੈਂ ਤਿੰਨ ਤੋਂ ਚਾਰ ਬੋਰੀਆਂ ਤੱਕ ਯੂਰੀਆ ਦੀ ਵਰਤੋਂ ਕਰਦਾ ਸੀ।ਉਸ ਨੇ ਦੱਸਿਆ ਕਿ ਹੁਣ ਉਸਦੇ ਖੇਤਾਂ ਵਿੱਚ ਨਾ ਤਾਂ ਮੀਂਹ ਦਾ ਪਾਣੀ ਲੰਮਾ ਸਮਾਂ ਠਹਿਰਦਾ ਹੈ ਅਤੇ ਨਾ ਹੀ ਖੇਤਾਂ ਦੀ ਮਿੱਟੀ ਬਹੁਤ ਜਿਆਦਾ ਸਖਤ ਹੁੰਦੀ ਹੈ।ਜਿਸ ਨਾਲ ਖੇਤ ਨੂੰ ਬੀਜ਼ਣ ਅਤੇ ਵਾਹੁਣ ਵਿੱਚ ਪਰੇਸ਼ਾਨੀ ਨਹੀਂ ਆਉਂਦੀ।ਉਸ ਨੇ ਪੰਜਾਬ ਦੇ ਸਾਰੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪਰਾਲੀ ਨੂੰ ਸਾੜਨ ਜਾਂ ਬੇਲਰ ਰਾਹੀਂ ਬਾਹਰ ਕੱਢਣ ਦੀ ਬਜ਼ਾਏ ਖੇਤ ਵਿੱਚ ਵਾਹ ਦੇਣ ਤਾਂ ਜੋ ਉਹਨਾਂ ਦੇ ਖੇਤਾਂ ਦੀ ਮਿੱਟੀ ਉਪਜਾਊ ਹੋਵੇ ਅਤੇ ਖੇਤੀ ਖਰਚੇ ਘੱਟ ਹੋਣ।
Check Also
ਉਦਯੋਗਪਤੀਆਂ ਦੇ ਬਕਾਇਆ ਕੇਸਾਂ ਨੂੰ ਸਮਬੱਧ ਤਰੀਕੇ ਨਾਲ ਕੀਤਾ ਜਾਵੇਗਾ ਹੱਲ – ਖਰਬੰਦਾ
ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ …