Tuesday, October 8, 2024

ਸ੍ਰੀ ਗੁਰੂ ਸਿੰਘ ਸਭਾ ਦੇ 151ਵੇਂ ਸਥਾਪਨਾ ਦਿਵਸ ਨੂੰ ਸਮਰਪਿਤ ਸੈਮੀਨਾਰ ਆਯੋਜਿਤ

ਅੰਮ੍ਰਿਤਸਰ, 1 ਅਖਤੂਬਰ (ਜਗਦੀਪ ਸਿੰਘ) – ਚੀਫ਼ ਖ਼ਾਲਸਾ ਦੀਵਾਨ ਧਰਮ ਪ੍ਰਚਾਰ ਕਮੇਟੀ ਅਤੇ ਸ੍ਰੀ ਗੁਰੂ ਸਿੰਘ ਸਭਾ ਵੱਲੋਂ ਸਾਂਝੇ ਤੌਰ ਤੇ ਅੱਜ ਸਿੰਘ ਸਭਾ ਦੇ 151ਵੇਂ ਸਥਾਪਨਾ ਦਿਵਸ ਨੂੰ ਸਮਰਪਿਤ ਸੈਮੀਨਾਰ ਆਯੋਜਿਤ ਕੀਤਾ ਗਿਆ।ਇਸ ਵਿੱਚ ਉੱਘੇ ਸਿੱਖ ਵਿਦਵਾਨ ਇੰਦਰਜੀਤ ਸਿੰਘ ਗੋਗੋਆਣੀ ਮੁੱਖ ਮਹਿਮਾਨ ਦੇ ਤੌਰ ‘ਤੇ ਸ਼ਾਮਲ ਹੋਏ। ਡਾ. ਅਮਰਜੀਤ ਸਿੰਘ (ਮੁੱਖੀ ਤੇ ਡਾਇਰੈਕਟਰ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ ਗੁਰੂ ਨਾਨਕ ਦੇਵ ਯੂਨੀਵਰਸਿਟੀ) ਅਤੇ ਪ੍ਰਿੰਸੀਪਲ ਸਿੱਖ ਮਿਸ਼ਨਰੀ ਕਾਲਜ ਸ੍ਰੀਮਤੀ ਮਨਜੀਤ ਕੌਰ ਨੇ ਬੁਲਾਰਿਆਂ ਵਜੋਂ ਸ਼ਿਰਕਤ ਕੀਤੀ।ਸਭਾ ਦੇ ਜਨਰਲ ਸਕੱਤਰ ਹਰਮਨਜੀਤ ਸਿੰਘ ਨੇ ਆਏ ਮਹਿਮਾਨਾਂ ਦਾ ਸੁਆਗਤ ਕੀਤਾ।
ਵਿਸ਼ੇਸ਼ ਤੌਰ ‘ਤੇ ਪੁੱਜੇ ਦੀਵਾਨ ਦੇ ਆਨਰੇਰੀ ਸਕੱਤਰ ਸਵਿੰਦਰ ਸਿੰਘ ਕੱਥੂਨੰਗਲ ਨੇ ਸ੍ਰੀ ਗੁਰੂ ਸਿੰਘ ਸਭਾ ਦੀ ਸਥਾਪਨਾ ਦਿਵਸ ‘ਤੇ ਵਧਾਈ ਦਿੰਦਿਆਂ ਕਿਹਾ ਕਿ ਅਜੋਕੀਆਂ ਪ੍ਰਸਥਿਤੀਆਂ ਅਨੁਸਾਰ ਸਿੱਖ ਮਾਨਮੱਤੀ ਸੰਸਥਾਵਾਂ ਨਾਲ ਸੰਬੰਧਤ ਦਿਹਾੜੇ ਮਨਾਉਣੇ ਤਾਂ ਹੀ ਸਾਰਥਕ ਹਨ, ਜੇ ਸਮੁੱਚਾ ਪੰਥ ਸਿੱਖੀ-ਸਿੱਖਿਆ ਦੇ ਪ੍ਰਚਾਰ-ਪ੍ਰਸਾਰ ਦੇ ਨਾਲ-ਨਾਲ ਪਤਿਤਪੁਣੇ, ਨਸ਼ਿਆਂ, ਪ੍ਰਦੂਸ਼ਨ ਆਦਿ ਸਮੱਸਿਆਵਾਂ ਦੇ ਹੱਲ ਲਈ ਸਿਰਜੋੜ ਕੇ ਮੰਥਨ ਹੋਵੇੇ।
ਸਿੱਖ ਬੁੱਧੀਜੀਵੀ ਡਾ. ਅਮਰਜੀਤ ਸਿੰਘ ਨੇ ਆਪਣੇ ਖੋਜ਼ ਭਰਪੂਰ ਸ਼ਬਦਾਂ ਰਾਹੀਂ ਨਵ-ਚੇਤਨਾ ਦੀ ਮੋਢੀ ਬਣਕੇ ਉਭਰੀ ਸਿੱਖ ਕੌਮ ਦੀ 151 ਸਾਲ ਪੁਰਾਤਨ ਸੰਸਥਾ ਸ੍ਰੀ ਗੁਰੂ ਸਿੰਘ ਸਭਾ ਦੀ ਆਰੰਭਤਾ ਦੇ ਸਮੇਂ ਸਿੱਖਾਂ ਦੀ ਮਜ਼ਬੂਰੀ ਦਾ ਫਾਇਦਾ ਚੁੱਕ ਕੇ ਧਰਮ ਤਬਦੀਲੀ ਦੇ ਕਠਿਨ ਹਾਲਾਤਾਂ ਅਤੇ ਖ਼ਾਲਸਾ ਰਾਜ ਸਮਾਪਤੀ ਵੇਲੇ ਸਿੱਖ ਧਰਮ ਨੂੰ ਨੀਵਾਂ ਦਿਖਾਉਣ ਲਈ ਅੰਗ੍ਰੇਜ਼ਾਂ ਦੀਆਂ ਸਿੱਖ ਵਿਰੋਧੀ ਅਤੇ ਗੁਰਮਤਿ ਵਿਰੋਧੀ ਕੁਟਲ ਨੀਤੀਆਂ ਬਾਬਤ ਦੱਸਿਆ। ਉਹਨਾਂ ਸਰੋਤਿਆਂ ਨੂੰ ਸੰਸਥਾ ਦੇ ਪੰਥਕ ਏਕਤਾ ਦੇ ਉਦੇਸ਼ਾਂ, ਲੋਕ ਭਲਾਈ ਕਾਰਜ਼ਾਂ ਅਤੇ ਵਿਕਾਸ ਦੇ ਹੋਰ ਇਤਿਹਾਸਕ ਪੰਨਿਆਂ ਤੋ ਵੀ ਜਾਣੂ ਕਰਵਾਇਆ।
ਪ੍ਰਿੰਸੀਪਲ ਮਨਜੀਤ ਕੌਰ ਨੇ ਸਿੰਘ ਸਭਾ ਦੇ ਮਨੋਰਥਾਂ ਦੇ ਵਿਕਾਸ ਵਿੱਚ ਇਸਤਰੀਆਂ ਦੇ ਵੱਡਮੁੱਲੇ ਯੋਗਦਾਨ ਬਾਬਤ ਦੱਸਦਿਆਂ ਕਿਹਾ ਕਿ ਕਿਸੇ ਵੀ ਕੌਮ ਦੀ ਉਨਤੀ ਲਈ ਇਸਤਰੀਆਂ ਦਾ ਸਿੱਖਿਅਕ ਹੋਣਾ ਬਹੁਤ ਜ਼ਰੂਰੀ ਹੈ। ਉਹਨਾਂ ਸਿੰਘ ਸਭਾ ਵੱਲੋਂ ਇਸਤਰੀਆਂ ਦੇ ਅਕਾਦਮਿਕ, ਗੁਰਮਤਿ ਵਿਦਿਅਕ ਪੱਧਰ ਨੂੰ ਉਪਰ ਚੁੱਕਣ ਹਿੱਤ ਗੁਰੂ ਸਾਹਿਬਾਨ ਦੇ ਨਾਵਾਂ ‘ਤੇ ਖੋਲੇ ਗਏ ਸਿੱਖ ਕੰਨਿਆਂ ਵਿਦਿਆਲੇ ਅਤੇ ਸਿੱਖ ਪੰਥ ਨੂੰ ਮੁੜ ਆਪਣੇ ਮੁੱਢ ਨਾਲ ਬੰਨਣ ਲਈ ਇਸਤਰੀਆਂ ਵੱਲੋਂ ਦਿਤੇ ਗਏ ਵਿਸ਼ੇਸ਼ ਯੋਗਦਾਨ ਬਾਰੇ ਜਾਣਕਾਰੀ ਸਾਂਝੀ ਕੀਤੀ।
ਮੁੱਖ ਮਹਿਮਾਨ ਡਾ. ਇੰਦਰਜੀਤ ਸਿੰਘ ਗੋਗੋਆਣੀ ਨੇ ਕਿਹਾ ਕਿ ਸਮਕਾਲੀ ਹਾਲਾਤਾਂ ਅਨੁਸਾਰ ਹਮੇਸ਼ਾਂ ਸਮੱਸਿਆਵਾਂ ਦੇ ਰੂਪ ਬਦਲਦੇ ਰਹਿੰਦੇ ਹਨ।ਉਨਾਂ ਅਜੋਕੀ ਸਥਿਤੀ ਅਨੁਸਾਰ ਆਪਣੀ ਮਾਤ ਭਾਸ਼ਾ ਨਾਲ ਪਿਆਰ ਕਰਨ, ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਪੰਥ ਨਾਲ ਜੁੜਨ ਅਤੇ ਆਪਣੇ ਪੁਰਖਿਆ ਦੇ ਵੱਡਮੁੱਲੇ ਇਤਿਹਾਸ ਨੂੰ ਸਦੀਵ ਕਾਲ ਤੱਕ ਜਾਗ੍ਰਿਤ ਰੱਖਣ ਦਾ ਸੁਨੇਹਾ ਦਿੱਤਾ।ਦਲੇਰ ਸਿੰਘ ਖਿਆਲਾ ਨੇ ਸ੍ਰੀ ਗੁਰੂ ਸਿੰਘ ਸਭਾ ਅਤੇ ਚੀਫ਼ ਖ਼ਾਲਸਾ ਦੀਵਾਨ ਦੀ ਆਰੰਭਤਾ ਦੇ ਇੱਕ ਸਮਾਨ ਉਦੇਸ਼ਾਂ ਅਤੇ ਦੋਹਾਂ ਸੰਸਥਾਵਾਂ ਦੀ ਵਿਕਾਸ ਗਾਥਾ ਨੂੰ ਕਾਵਿ ਰੂਪ ਦੇ ਵਿੱਚ ਪੇਸ਼ ਕੀਤਾ।ਦੀਵਾਨ ਦੇ ਮੀਤ ਪ੍ਰਧਾਨ ਸੰਤੋਖ ਸਿੰਘ ਸੇਠੀ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਸ੍ਰੀ ਗੁਰੂ ਸਿੰਘ ਸਭਾ ਦੀ ਆਰੰਭਤਾ ਦੇ ਉਦੇਸ਼ਾਂ ‘ਤੇ ਚਾਨਣਾ ਪਾਇਆ।ਮੁੱਖ ਮਹਿਮਾਨ ਅਤੇ ਬੁਲਾਰਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ।
ਇਸ ਮੋਕੇ ਦੀਵਾਨ ਦੇ ਸਥਾਨਕ ਪ੍ਰਧਾਨ ਕੁਲਜੀਤ ਸਿੰਘ ਸਾਹਨੀ, ਐਡੀ. ਆਨਰੇਰੀ ਸਕੱਤਰ ਸੁਖਜਿੰਦਰ ਸਿੰਘ ਪ੍ਰਿੰਸ, ਐਡੀ.ਆਨਰੇਰੀ ਸਕੱਤਰ ਜਸਪਾਲ ਸਿੰਘ ਢਿੱਲੋਂ, ਤਰਲੋਚਨ ਸਿੰਘ, ਗੁਰਬਖਸ਼ ਸਿੰਘ ਬੇਦੀ, ਗੁਰਪ੍ਰੀਤ ਸਿੰਘ ਸੇਠੀ, ਅਮਰਜੀਤ ਸਿੰਘ ਰਾਜੇਵਾਲ, ਡਾ. ਜਸਵਿੰਦਰ ਕੌਰ ਮਾਹਲ, ਬੀਬੀ ਪ੍ਰਭਜੋਤ ਕੌਰ, ਪੀ.ਆਰ.ਓ ਮਨਜੀਤ ਕੌਰ ਆਦਿ ਹਾਜ਼ਰ ਸਨ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ `ਚ ਐਜੂਕੇਸ਼ਨ ਕਾਲਜਾਂ ਦਾ ਜ਼ੋਨਲ ਯੁਵਕ ਮੇਲਾ 9 ਅਕਤੂਬਰ ਤੋਂ

ਅੰਮ੍ਰਿਤਸਰ, 7 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਦਸਮੇਸ਼ ਆਡੀਟੋਰੀਅਮ ਵਿਖੇ …