ਅੰਮ੍ਰਿਤਸਰ, 6 ਅਕਤੂਬਰ (ਸੁਖਬੀਰ ਸਿੰਘ) – ਝੋਨੇ ਦੇ ਸੀਜ਼ਨ ਦੌਰਾਨ ਮੰਡੀਆਂ ਵਿੱਚ ਪੁਖਤਾ ਇੰਤਜ਼ਾਮ ਕੀਤੇ ਗਏ ਹਨ ਅਤੇ ਹੁਣ ਤੱਕ ਮੰਡੀਆਂ ਵਿੱਚ 224260 ਮੀਟਰੀਕ ਟਨ ਬਾਸਮਤੀ ਅਤੇ 9570 ਮੀਟਰੀਕ ਟਨ ਝੋਨਾ ਪਹੁੰਚ ਚੁੱਕਿਆ ਹੈ।ਇਹ ਪ੍ਰਗਟਾਵਾ ਅੱਜ ਡਿਪਟੀ ਕਮਿਸ਼ਨਰ ਮੈਡਮ ਸਾਕਸ਼ੀ ਸਾਹਨੀ ਵਲੋਂ ਜਿਲ੍ਹਾ ਮੰਡੀ ਅਫ਼ਸਰ ਅਮਨਦੀਪ ਸਿੰਘ, ਜਿਲ੍ਹਾ ਖੁਰਾਕ ਤੇ ਸਪਲਾਈ ਅਫ਼ਸਰ ਸਰਤਾਜ ਸਿੰਘ, ਜਿਲ੍ਹਾ ਮੈਨੇਜਰ ਵੇਅਰ ਹਾਊਸ ਗਗਨਦੀਪ ਸਿੰਘ ਰੰਧਾਵਾ, ਜਿਲਾ ਮੈਨੇਜਰ ਪਨਸਪ ਸੁਖਵਿੰਦਰਜੀਤ ਸਿੰਘ ਅਤੇ ਜਿਲ੍ਹਾ ਮੈਨੇਜਰ ਮਨਿੰਦਰ ਸਿੰਘ ਨਾਲ ਮੀਟਿੰਗ ਕਰਦਿਆਂ ਕੀਤਾ ਗਿਆ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜੇਕਰ ਜਿਲ੍ਹੇ ਵਿੱਚ ਕਿਸੇ ਆੜਤੀਏ ਜਾਂ ਕਿਸਾਨ ਨੁੰ ਕੋਈ ਮੁਸ਼ਕਿਲ ਪੇਸ਼ ਆਉਂਦੀ ਹੈ ਤਾਂ ਉਹ ਸਵੇਰੇ 9:30 ਤੋਂ 10:00 ਵਜੇ ਤੱਕ ਨਿੱਜੀ ਤੌਰ ‘ਤੇ ਦਫ਼ਤਰ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵਿਖੇ ਆ ਕੇ ਮਿਲ ਸਕਦੇ ਹਨ ਜਾਂ ਆਪਣੇ ਮੋਬਾਇਲ ਫੋਨ ਰਾਹੀਂ ਹੀ ਦਿੱਤੇ ਗਏ ਲਿੰਕ ‘ਤੇੇ ਆਈ.ਡੀ ਕੋਡ 846 0713 0576 ਅਤੇ ਪਾਸਵਰਡ ਕੋਡ 498268 ਭਰ ਕੇ ਆਪਣੀਆਂ ਮੁਸ਼ਕਿਲਾਂ ਦੱਸ ਸਕਦੇ ਹਨ।ਮੰਡੀਆਂ ਵਿੱਚ ਬਾਰਦਾਨੇ ਦੀ ਕੋਈ ਕਮੀ ਨਹੀਂ ਹੈ ਅਤੇ ਹਰੇਕ ਮੰਡੀ ਵਿੱਚ ਕਿਸਾਨਾਂ ਦੀ ਸਹੂਲਤ ਲਈ ਅਧਿਕਾਰੀ ਤਾਇਨਾਤ ਕੀਤੇ ਹੋਏ ਹਨ।ਉਨਾਂ ਦੱਸਿਆ ਕਿ ਜਿਲ੍ਹੇ ਵਿੱਚ ਹੁਣ ਤੱਕ 224260 ਮੀਟਰੀਕ ਟਨ ਬਾਸਮਤੀ ਦੀ ਆਮਦ ਹੋਈ ਹੈ ਅਤੇ ਪ੍ਰਾਈਵੇਟ ਏਜੰਸੀਆਂ ਵਲੋਂ ਪੂਰੀ ਦੀ ਪੂਰੀ ਬਾਸਮਤੀ ਦੀ ਖਰੀਦ ਕਰ ਲਈ ਗਈ ਹੈ।ਮੰਡੀਆਂ ਵਿੱਚ 9570 ਮੀਟਰੀਕ ਟਨ ਝੋਨਾ ਆਇਆ ਹੈ।ਜਿਸ ਵਿਚੋਂ ਪ੍ਰਾਈਵੇਟ ਅਤੇ ਸਰਕਾਰੀ ਏਜੰਸੀਆਂ ਵਲੋਂ 8185 ਮੀਟਰੀਕ ਟਨ ਝੋਨੇ ਦੀ ਖਰੀਦ ਕਰ ਲਈ ਗਈ ਹੈ ਅਤੇ ਇਹ ਯਕੀਨੀ ਬਣਾਇਆ ਗਿਆ ਹੈ ਕਿ ਕੀਤੀ ਗਈ ਝੋਨੇ ਦੇ ਖਰੀਦ ਦੀ ਅਦਾਇਗੀ 24 ਘੰਟਿਆਂ ਦੇ ਅੰਦਰ ਅੰਦਰ ਕਿਸਾਨਾਂ ਨੂੰ ਕੀਤੀ ਜਾਵੇ।ਡਿਪਟੀ ਕਮਸ਼ਿਨਰ ਨੇ ਦੱਸਿਆ ਕਿ ਕੰਬਾਇਨ ਮਾਲਕਾਂ ਨਾਲ ਗੱਲ ਕਰਨ ‘ਤੇ ਹੁਣ ਕੰਬਾਇਨਾਂ ਸਵੇਰੇ 10:00 ਵਜੇ ਤੋਂ ਸ਼ਾਮ 7:00 ਵਜੇ ਤੱਕ ਝੋਨੇ ਦੀ ਕਟਾਈ ਕਰ ਸਕਣਗੀਆਂ।
ਇਸ ਮੌਕੇ ਜਿਲਾ ਮੰਡੀ ਅਫਸਰ ਸਰਦਾਰ ਅਮਨਦੀਪ ਸਿੰਘ ਨੇ ਦੱਸਿਆ ਕਿ ਇਸ ਵਾਰ ਜਿਲੇ ਵਿੱਚ 50 ਖਰੀਦ ਕੇਂਦਰ ਬਣਾਏ ਗਏ ਹਨ।ਝੋਨੇ ਦੇ ਸਰਕਾਰੀ ਰੇਟ 2320 ਰੁਪਏ ਪ੍ਰਤੀ ਕੁਇੰਟਲ ਏ ਸ਼਼੍ਰੇਣੀ ਦੇ ਝੋਨੇ ਲਈ ਤੈਅ ਕੀਤੇ ਗਏ ਹਨ।ਉਹਨਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ 17 ਫੀਸਦੀ ਤੋਂ ਵੱਧ ਨਮੀ ਵਾਲਾ ਗਿੱਲਾ ਝੋਨਾ ਮੰਡੀ ਵਿੱਚ ਨਾ ਲੈ ਕੇ ਆਉਣ।