Wednesday, December 4, 2024

ਖ਼ਾਲਸਾ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਖ਼ਾਲਸਾ ਯੂਨੀਵਰਸਿਟੀ ਦੇ ਉਪ-ਕੁਲਪਤੀ ਨਿਯੁੱਕਤ

ਮਜੀਠੀਆ, ਛੀਨਾ ਦੀ ਅਗਵਾਈ ’ਚ ਸੰਭਾਲਿਆ ਅਹੁੱਦਾ

ਅੰਮ੍ਰਿਤਸਰ, 24 ਅਕਤੂਬਰ (ਸੁਖਬੀਰ ਸਿੰਘ ਖੁਰਮਣਅਿਾਂ) – ਪੰਜਾਬੀ ਦੇ ਉੱਘੇ ਸਾਹਿਤਕਾਰ ਅਤੇ ਇਤਿਹਾਸਕ ਖਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਮਹਿਲ ਸਿੰਘ ਨੂੰ ਅੱਜ ਖਾਲਸਾ ਯੂਨੀਵਰਸਿਟੀ, ਅੰਮਿ੍ਰਤਸਰ ਦਾ ਉਪ-ਕੁਲਪਤੀ ਨਿਯੁੱਕਤ ਕੀਤਾ ਗਿਆ।ਉਨ੍ਹਾਂ ਨੇ ’ਵਰਸਿਟੀ ਦੇ ਚਾਂਸਲਰ ਸੱਤਿਆਜੀਤ ਸਿੰਘ ਮਜੀਠੀਆ ਅਤੇ ਪ੍ਰੋ. ਚਾਂਸਲਰ ਰਜਿੰਦਰ ਮੋਹਨ ਸਿੰਘ ਛੀਨਾ ਅਤੇ ਗਵਰਨਿੰਗ ਬਾਡੀ ਦੇ ਮੈਂਬਰਾਂ ਦੀ ਮੌਜ਼ੂਦਗੀ ’ਚ ਦਫ਼ਤਰ ਦਾ ਚਾਰਜ਼ ਸੰਭਾਲਿਆ।ਉਨ੍ਹਾਂ ਤੋਂ ਇਲਾਵਾ ਡਾ. ਖੁਸ਼ਵਿੰਦਰ ਨੂੰ ’ਵਰਸਿਟੀ ਦਾ ਰਜਿਸਟਰਾਰ, ਡਾ. ਸੁਰਿੰਦਰ ਕੌਰ ਨੂੰ ਡੀਨ ਅਕਾਦਮਿਕ, ਡਾ. ਆਰ.ਕੇ ਧਵਨ ਨੂੰ ਡੀਨ ਰਿਸਰਚ ਅਤੇ ਡਾ. ਕੰਵਲਜੀਤ ਸਿੰਘ ਨੂੰ ਕੰਟਰੋਲਰ ਐਗਜਾਮੀਨੇਸ਼ਨ ਤਾਇਨਾਤ ਕੀਤਾ ਗਿਆ।
ਡਾ. ਮਹਿਲ ਸਿੰਘ ਜੋ ਕਿ ਇੱਕ ਜਾਣੇ-ਪਛਾਣੇ ਸਿੱਖਿਆ ਸ਼ਾਸਤਰੀ ਹਨ, ਨੂੰ ਵੱਖ-ਵੱਖ ਸੰਸਥਾਵਾਂ ਦੇ ਪ੍ਰਿੰਸੀਪਲ ਵਜੋਂ 35 ਸਾਲਾਂ ਤੋਂ ਵਧੇਰੇ ਟੀਚਿੰਗ ਅਤੇ ਪ੍ਰਸ਼ਾਸਨਿਕ ਤਜ਼ਰਬਾ ਹਾਸਲ ਹੈ।ਉਨ੍ਹਾਂ ਨੂੰ ਯੂਨੀਵਰਸਿਟੀ ਦੀ ਗਵਰਨਿੰਗ ਬਾਡੀ ਦੁਆਰਾ ਪਿੱਛਲੇ ਦਿਨੀਂ ਵਿਸ਼ੇਸ਼ ਗਠਿਤ ਕੀਤੀ ਗਈ ਖੋਜ਼ ਅਤੇ ਸਕਰੀਨਿੰਗ ਕਮੇਟੀ ਵੱਲੋਂ ਪ੍ਰਾਪਤ ਅਰਜ਼ੀਆਂ ਦੀ ਘੋਖ ਉਪਰੰਤ ਚੁਣਿਆ ਗਿਆ ਹੈ।ਡਾ. ਮਹਿਲ ਸਿੰਘ ਜੋ ਕਿ ਪੀ.ਐਚ.ਡੀ (ਪੰਜਾਬੀ) ਹਨ, 22 ਤੋਂ ਵਧੇਰੇ ਪੁਸਤਕਾਂ ਲਿਖ ਚੁੱਕੇ ਹਨ ਅਤੇ ਉਨ੍ਹਾਂ ਦੇ 44 ਤੋਂ ਜਿਆਦਾ ਖੋਜ਼ ਪੱਤਰ ਅਤੇ ਲੇਖ ਪ੍ਰਕਾਸ਼ਿਤ ਹੋ ਚੁੱਕੇ ਹਨ।ਉਨ੍ਹਾਂ ਨੇ ਮੈਨੇਜ਼ਮੈਂਟ ਦਾ ਧੰਨਵਾਦ ਕਰਦਿਆਂ ਭਰੋਸਾ ਦਿੱਤਾ ਕਿ ਉਹ ਯੂਨੀਵਰਸਿਟੀ ਨੂੰ ਬੁਲੰਦੀਆਂ ਤੱਕ ਪਹੁੰਚਾਉਣ ’ਚ ਕੋਈ ਕਸਰ ਨਹੀਂ ਛੱਡਣਗੇ।
ਜ਼ਿਕਰਯੋਗ ਹੈ ਕਿ ਖ਼ਾਲਸਾ ਯੂਨੀਵਰਸਿਟੀ ਨੂੰ 2017 ’ਚ ਸਮੇਂ ਦੀ ਸੂਬਾ ਸਰਕਾਰ ਵੱਲੋਂ ਰੱਦ ਕੀਤਾ ਗਿਆ ਸੀ।ਜਿਸ ਉਪਰੰਤ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਇਸ ਫ਼ੈਸਲੇ ਵਿਰੁੱਧ ਚੁਣੌਤੀਆਂ ਦਿੰਦਿਆਂ ਭਾਰਤ ਦੀ ਮਾਣਯੋਗ ਸਰਵਉੱਚ ਅਦਾਲਤ ਸੁਪਰੀਮ ਕੋਰਟ ’ਚ ਕੇਸ ਦਾਇਰ ਕੀਤਾ ਗਿਆ ਸੀ, ਜਿਸ ’ਤੇ ਮਾਣਯੋਗ ਅਦਾਲਤ ਨੇ ਆਪਣੇ 3 ਅਕਤੂਬਰ 2024 ਨੂੰ ਇਤਿਹਾਸਕ ਫੈਸਲੇ ਰਾਹੀਂ ’ਵਰਸਿਟੀ ਰੀਪੀਲ ਐਕਟ-2017 ਨੂੰ ਗੈਰ-ਸੰਵਿਧਾਨਕ ਕਰਾਰ ਦਿੰਦਿਆਂ ਖ਼ਾਲਸਾ ਯੂਨੀਵਰਸਿਟੀ ਨੂੰ ਸੁਰਜੀਤ ਕੀਤਾ।
ਚਾਂਸਲਰ ਸ: ਮਜੀਠੀਆ ਨੇ ਨਵੀਂ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਖਾਲਸਾ ਯੂਨੀਵਰਸਿਟੀ ਸੂਬੇ ’ਚ ਬਿਹਤਰੀਨ ਉਚੇਰੀ ਸਿੱਖਿਆ ਪ੍ਰਦਾਨ ਕਰਨ ਲਈ ਦਿਨ-ਰਾਤ ਕੰਮ ਕਰੇਗੀ।ਉਨ੍ਹਾਂ ਕਿਹਾ ਕਿ ਰਵਾਇਤੀ ਕੋਰਸਾਂ ਤੋਂ ਹਟ ਕੇ ਯੂਨੀਵਰਸਿਟੀ ’ਚ ਮੌਜ਼ੂਦਾ ਸਮੇਂ ਦੀ ਜ਼ਰੂਰਤ ਮੁਤਾਬਕ ਕੋਰਸਾਂ ਦੀ ਸ਼ੁਰੂਆਤ ਕੀਤੀ ਜਾਵੇਗੀ।ਉਨ੍ਹਾਂ ਕਿਹਾ ਕਿ ਇਸ ਯੂਨੀਵਰਸਿਟੀ ’ਚ ਟੈਕਨੀਕਲ ਕੋਰਸਾਂ ਤੋਂ ਇਲਾਵਾ ਖੋਜ਼ ’ਤੇ ਜਿਆਦਾ ਧਿਆਨ ਕੇਂਦਰਿਤ ਕੀਤਾ ਜਾਵੇਗਾ।ਜਲਦ ਖ਼ਾਲਸਾ ਯੂਨੀਵਰਸਿਟੀ ’ਚ ਪੀ.ਐਚ.ਡੀ ਤੋਂ ਇਲਾਵਾ ਗ੍ਰੈਜੂਏਟ ਅਤੇ ਪੋਸਟ ਗ੍ਰੈਜ਼ੂਏਟ ਕਲਾਸਾਂ ਦੀ ਸ਼ੁਰੂਆਤ ਹੋਵੇਗੀ।
ਪ੍ਰੋ-ਚਾਂਸਲਰ ਸ: ਛੀਨਾ ਨੇ ਕਿਹਾ ਕਿ ਮੈਨੇਜ਼ਮੈਂਟ ਨੂੰ ਡਾ. ਮਹਿਲ ਸਿੰਘ ਦੇ ਲੰਬੇ ਤਜਰਬੇ ਤੋਂ ਫ਼ਾਇਦਾ ਮਿਲੇਗਾ, ਕਿਉਂਕਿ ਉਹ ਵੱਖ-ਵੱਖ ਯੂਨੀਵਰਸਿਟੀਆਂ ਦੇ ਬੋਰਡ ਆਫ਼ ਸਟੱਡੀਜ਼, ਅਕਾਦਮਿਕ ਸੰਸਥਾਵਾਂ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕਾਂਸਟੀਚੂਐਂਟ ਕਾਲਜਾਂ ਦੇ ਪ੍ਰਿੰਸੀਪਲ ਦੇ ਨਾਲ-ਨਾਲ ਇਤਿਹਾਸਕ ਖ਼ਾਲਸਾ ਕਾਲਜ ਦੇ 9 ਸਾਲਾਂ ਤੋਂ ਵੱਧ ਬਤੌਰ ਪ੍ਰਿੰਸੀਪਲ ਵਜੋਂ ਕਾਰਜਸ਼ੀਲ ਹਨ।
ਰਜਿਸਟਰਾਰ ਡਾ. ਖੁਸ਼ਵਿੰਦਰ ਅਤੇ ਡੀਨ ਡਾ. ਸੁਰਿੰਦਰ, ਡਾ. ਧਵਨ, ਡਾ. ਕੰਵਲਜੀਤ ਸਿੰਘ ਨੇ ਵੀ ਮੈਨੇਜਮੈਂਟ ਦਾ ਧੰਨਵਾਦ ਕਰਦਿਆਂ ਉਦਯੋਗ-ਮੁਖੀ ਕੋਰਸ ਮੁਹੱਈਆ ਕਰਵਾਉਣ ਦਾ ਯਕੀਨ ਦਿਵਾਇਆ।
ਇਸ ਤੋਂ ਪਹਿਲਾਂ ਯੂਨੀਵਰਸਿਟੀ ਦੇ ਨਿਰੰਤਰ ਕਾਰਜ਼ਾਂ ਲਈ ਪ੍ਰਮਾਤਮਾ ਦਾ ਓਟ ਆਸਰਾ ਲੈਣ ਲਈ ਕੈਂਪਸ ਸਥਿਤ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ।ਉਪਰੰਤ ਵਿਦਿਆਰਥੀਆਂ ਵੱਲੋਂ ਗੁਰੂ ਜੱਸ ਗਾਇਨ ਕਰਕੇ ਹਾਜ਼ਰ ਸੰਗਤ ਨੂੰ ਨਿਹਾਲ ਕੀਤਾ ਗਿਆ।
ਇਸ ਮੌਕੇ ਖ਼ਾਲਸਾ ਯੂਨੀਵਰਸਿਟੀ ਦੀ ਗਵਰਨਿੰਗ ਬਾਡੀ ਦੇ ਮੈਂਬਰ ਸਵਿੰਦਰ ਸਿੰਘ ਕੱਥੂਨੰਗਲ, ਜਤਿੰਦਰ ਸਿੰਘ ਬਰਾੜ, ਗੁਨਬੀਰ ਸਿੰਘ, ਅਜਮੇਰ ਸਿੰਘ ਹੇਰ ਤੋਂ ਇਲਾਵਾ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਅਹੁੱਦੇਦਾਰ ਪਰਮਜੀਤ ਸਿੰਘ ਬੱਲ, ਗੁਰਪ੍ਰੀਤ ਸਿੰਘ ਢਿੱਲੋਂ, ਲਖਵਿੰਦਰ ਸਿੰਘ ਢਿੱਲੋਂ, ਮੈਂਬਰ ਡਾ. ਸੁਖਬੀਰ ਕੌਰ ਮਾਹਲ, ਸ੍ਰੀਮਤੀ ਰਮਿੰਦਰ ਕੌਰ, ਸਰਬਜੀਤ ਸਿੰਘ ਤੋਂ ਇਲਾਵਾ ਹੋਰ ਮੈਂਬਰ ਤੇ ਵੱਖ-ਵੱਖ ਖਾਲਸਾ ਸੰਸਥਾਵਾਂ ਦੇ ਪ੍ਰਿੰਸੀਪਲ ਹਾਜ਼ਰ ਸਨ।

Check Also

ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਵਲੋਂ ਵਿਚਾਰ ਗੋਸ਼ਟੀ ਦਾ ਆਯੋਜਨ

ਸੰਗਰੂਰ, 3 ਦਸੰਬਰ (ਜਗਸੀਰ ਲੌਂਗੋਵਾਲ) – ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਸੰਗਰੂਰ ਵਲੋਂ ਬੀ.ਐਸ.ਐਨ.ਐਲ ਪਾਰਕ ਸੰਗਰੂਰ ਵਿਖੇ …