ਸਹੋਦਯਾ ਸਕੂਲਜ਼ ਕੰਪਲੈਕਸ ਦੇ ਸਹਿਯੋਗ ਨਾਲ ਕਰਵਾਇਆ ਗਿਆ ਪ੍ਰੋਗਰਾਮ
ਅੰਮ੍ਰਿਤਸਰ, 25 ਅਕਤੂਬਰ (ਜਗਦੀਪ ਸਿੰਘ) – ਡੀ.ਏ.ਵੀ ਇੰਟਰੈਸ਼ਨਲ ਸਕੂਲ ਵਿਖੇ ਸਹੋਦਯਾ ਸਕੂਲਜ਼ ਕੰਪਲੈਕਸ ਦੇ ਸਹਿਯੋਗ ਨਾਲ ਅਤੇ ਪ੍ਰਿੰਸੀਪਲ ਡਾ. ਅੰਜ਼ਨਾ ਗੁਪਤਾ ਦੀ ਪ੍ਰਧਾਨਗੀ ਹੇਠ ਭਾਰਤੀ ਅਤੇ ਪੱਛਮੀ ਸੰਗੀਤ ਸਾਜ਼ਾਂ ਨੂੰ ਮਿਸ਼ਰਤ ਰੂਪ ਵਿੱਚ ਵਜਾਉਣ ਦੇ ਮੁਕਾਬਲੇ ਕਰਵਾਏ ਗਏ।ਇਸ ਸਮਾਗਮ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਵਿਜ਼ੂਅਲ ਅਤੇ ਪਰਫਾਰਮਿੰਗ ਆਰਟ ਵਿਭਾਗ ਦੇ ਮੁਖੀ ਡਾ. ਰਾਜੇਸ਼ ਸ਼ਰਮਾ, ਸਹਾਇਕ ਪ੍ਰੋਫੈਸਰ ਡਾ. ਗਾਵਿਸ਼ ਅਤੇ ਏ.ਡੀ ਮਿਊਜ਼ਿਕ ਪ੍ਰੋਡਕਸ਼ਨ ਹਾਊਸ ਦੇ ਸੰਗੀਤ ਨਿਰਦੇਸ਼ਕ ਅੰਕਿਤ ਧੀਰ ਨੇ ਮੁੱਖ ਜੱੱਜ ਦੀ ਭੂਮਿਕਾ ਨਿਭਾਈ।
ਪ੍ਰੋਗਰਾਮ ਦੀ ਸ਼ੁਰੂਆਤ ਜੋਤ ਜਗਾ ਕੇ ਕੀਤੀ ਗਈ।ਪ੍ਰਿੰਸੀਪਲ ਡਾ. ਅੰਜਨਾ ਗੁਪਤਾ ਨੇ ਹਾਜ਼ਰ ਪਤਵੰਤਿਆਂ ਨੂੰ ਪੌਦੇ ਭੇਂਟ ਕਰਕੇ ‘ਜੀ ਆਇਆਂ’ ਕਿਹਾ ਅਤੇ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ।ਉਹਨਾਂ ਨੇ ਕਿਹਾ ਕਿ ਸੰਗੀਤ ਜੀਵਨ ਦੀ ਰੂਹ ਹੈ, ਇਹ ਮਨ ਨੂੰ ਅਥਾਹ ਸ਼ਾਂਤੀ ਪ੍ਰਦਾਨ ਕਰਦਾ ਹੈ।ਇਸ ਨਾਲ ਮਨ ਅਤੇ ਆਤਮਾ ਨੂੰ ਸ਼ੁੱਧਤਾ ਮਿਲਦੀ ਹੈ ਅਤੇ ਅਧਿਆਤਮਕ ਤਰੱਕੀ ਵੀ ਹੁੰਦੀ ਹੈ।ਪੰਛੀਆਂ ਦੇ ਚਹਿਕਣ ਨਾਲ, ਦਰਿਆਵਾਂ ਦੇ ਵਹਿਣ ਵਿੱਚ, ਹਵਾ ਵਿੱਚ, ਮੀਂਹ ਦੀਆਂ ਬੂੰਦਾਂ ਦੇ ਡਿੱਗਣ ਵਿੱਚ ਹਰ ਪਾਸੇ ਸੰਗੀਤ ਹੈ।ਸੰਗੀਤ ਵਿਦਿਆਰਥੀਆਂ ਦੇ ਆਤਮ-ਵਿਸ਼ਵਾਸ ਨੂੰ ਵਧਾਉਂਦਾ ਹੈ ਅਤੇ ਉਹਨਾਂ ਦੀ ਰਚਨਾਤਮਕਤਾ ਅਤੇ ਸਮਾਜਿਕ ਹੁਨਰ ਵਿੱਚ ਵਾਧਾ ਕਰਦਾ ਹੈ।ਉਹਨਾਂ ਨੇ ਮੁਕਾਬਲੇ ਵਿੱਚ ਭਾਗ ਲੈਣ ਵਾਲੀਆਂ ਸਾਰੀਆਂ ਟੀਮਾਂ ਨੂੰ ਵਧੀਆ ਪੇਸ਼ਕਾਰੀ ਲਈ ਸ਼ੁਭ ਕਾਮਨਾਵਾਂ ਦਿੱਤੀਆਂ।ਸਕੂਲ ਦੇ ਵਿਦਿਆਰਥੀਆਂ ਵੱਲੋਂ ਭਜਨ ਪੇਸ਼ ਕੀਤਾ ਗਿਆ ਅਤੇ ਸੰਗੀਤਕ ਸਾਜ਼ਾਂ ’ਤੇ ਮੈਡਲੇ ਅਤੇ ਐਰੋਬਿਕਸ ਦੀ ਖੂਬਸੂਰਤ ਪੇਸ਼ਕਾਰੀ ਵੀ ਦਿੱਤੀ ਗਈ।
ਇਸ ਮੁਕਾਬਲੇ ਵਿੱਚ ਅੱਠ ਸਕੂਲਾਂ ਭਾਰਤੀ ਵਿੱਦਿਆ ਭਵਨ ਐੱਸ.ਐੱਲ ਪਬਲਿਕ ਸਕੂਲ, ਡੀ.ਏ.ਵੀ ਸੈਂਟੇਨਰੀ ਪਬਲਿਕ ਸਕੂਲ ਬਟਾਲਾ, ਡੀ.ਏ.ਵੀ ਪਬਲਿਕ ਸਕੂਲ, ਐਕਸਲਸਮ ਹਾਈ ਸਕੂਲ ਲੋਹਾਰਕਾ ਰੋਡ, ਪੀ.ਐੱਮ.ਸ਼੍ਰੀ ਕੇ.ਵੀ ਨੰ. 1, ਸੱਤਿਆ ਭਾਰਤੀ ਸਕੂਲ, ਸਪਰਿੰਗਡੇਲ ਸੀਨੀਅਰ ਸਕੂਲ, ਰਿਆਨ ਇੰਟਰਨੈਸ਼ਨਲ ਸਕੂਲ ਦੀਆਂ ਟੀਮਾਂ ਨੇ ਵੱਖ-ਵੱਖ ਸੰਗੀਤਕ ਸਾਜ਼ਾਂ ਦੀ ਪੇਸ਼ਕਾਰੀ ਕਰਕੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ।ਜੱਜਾਂ ਨੇ ਸਾਰੀਆਂ ਟੀਮਾਂ ਦੀਆਂ ਪੇਸ਼ਕਾਰੀਆਂ ਨੂੰ ਧਿਆਨ ਨਾਲ ਦੇਖਿਆ, ਸੁਣਿਆ ਅਤੇ ਆਪਣਾ ਫੈਸਲਾ ਦਿੱਤਾ।ਨਤੀਜਿਆਂ ਦਾ ਐਲਾਨ ਕਰਨ ਤੋਂ ਪਹਿਲਾਂ ਡਾ. ਰਾਜੇਸ਼ ਸ਼ਰਮਾ ਨੇ ਕਿਹਾ ਕਿ ਸੰਗੀਤ ਵਾਦਨ ਸਾਡੇ ਸੱਭਿਆਚਾਰ ਦਾ ਅਹਿਮ ਹਿੱਸਾ ਹੈ।ਨਾਚ ਅਤੇ ਗਾਇਨ ਮੁਕਾਬਲੇ ਅਕਸਰ ਆਯੋਜਿਤ ਕੀਤੇ ਜਾਂਦੇ ਹਨ ਪਰ ਸੰਗੀਤਕ ਸਾਜ਼ਾਂ ਦੇ ਮੁਕਾਬਲਿਆਂ ਦਾ ਆਪਣਾ ਵਿਸ਼ੇਸ਼ ਮਹੱਤਵ ਹੈ।ਅਜਿਹੇ ਪ੍ਰੋਗਰਾਮਾਂ ਦਾ ਆਯੋਜਨ ਅਜੋਕੇ ਸਮੇਂ ਬਹੁਤ ਜ਼ਰੂਰੀ ਹੈ।ਉਨ੍ਹਾਂ ਇਸ ਵਿਸ਼ੇਸ਼ ਸਮਾਗਮ ਦੇ ਆਯੋਜਨ ਲਈ ਪ੍ਰਿੰਸੀਪਲ ਡਾ. ਅੰਜਨਾ ਗੁਪਤਾ ਦਾ ਧੰਨਵਾਦ ਕੀਤਾ ।
ਮੁਕਾਬਲੇ ‘ਚ ਪਹਿਲਾ ਸਥਾਨ ਡੀ.ਏ.ਵੀ ਪਬਲਿਕ ਸਕੂਲ ਅੰਮ੍ਰਿਤਸਰ, ਦੂਸਰਾ ਸਪਰਿੰਗ ਡੇਲ ਸੀਨੀਅਰ ਸਕੂਲ ਅੰਮ੍ਰਿਤਸਰ, ਤੀਸਰਾ ਰਿਆਨ ਇੰਟਰਨੈਸ਼ਨਲ ਸਕੂਲ ਅੰਮ੍ਰਿਤਸਰ ਪਹਿਲਾ ਕੌਂਸੋਲੇਸ਼ਨ ਇਨਾਮ ਭਾਰਤੀ ਵਿੱਦਿਆ ਭਵਨ ਐੱਸ.ਐੱਲ ਪਬਲਿਕ ਸਕੂਲ ਅੰਮ੍ਰਿਤਸਰ, ਦੂਸਰਾ ਕੌਂਸੋਲੇਸ਼ਨ ਇਨਾਮ ਪੀ.ਐੱਮ.ਸ਼੍ਰੀ ਕੇ.ਵੀ ਨੰ. 1 ਅੰਮ੍ਰਿਤਸਰ ਸਾਰੇ ਜੇਤੂਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।ਪ੍ਰੋਗਰਾਮ ਦੀ ਸਮਾਪਤੀ ਰਾਸ਼ਟਰੀ ਗੀਤ ਨਾਲ ਹੋਈ।