ਡਿਪਟੀ ਕਮਿਸ਼ਨਰ ਵੱਲੋਂ ਆਈ ਅਸਪਾਇਰ ਲੀਡਰਸ਼ਿਪ ਪ੍ਰੋਗਰਾਮ ਦੀ ਸ਼ੁਰੂਆਤ
ਅੰਮ੍ਰਿਤਸਰ, 26 ਅਕਤੂਬਰ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਮੈਡਮ ਸਾਕਸ਼ੀ ਸਾਹਨੀ ਨੇ ਜਿਲ੍ਹੇ ਭਰ ਦੇ ਬੱਚਿਆਂ ਨੂੰ ਭਵਿੱਖ ਲਈ ਸੇਧ ਦੇਣ ਵਾਸਤੇ ਆਈ ਅਸਪਾਇਰ ਲੀਡਰਸ਼ਿਪ ਪ੍ਰੋਗਰਾਮ ਦੇ ਨਾਮ ਹੇਠ ਨਵਾਂ ਉਪਰਾਲਾ ਸ਼ੁਰੂ ਕੀਤਾ ਹੈ।ਜਿਸ ਤਹਿਤ ਬੱਚਿਆਂ ਨੂੰ ਉਹਨਾਂ ਦੀ ਇੱਛਾ ਅਨੁਸਾਰ ਭਵਿੱਖ ਲਈ ਅਗਵਾਈ ਦਿੱਤੀ ਜਾਵੇਗੀ।ਡਿਪਟੀ ਕਮਿਸ਼ਨਰ ਸਾਹਨੀ ਨੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਕਿਹਾ ਕਿ ਜਿਲ੍ਹੇ ਦਾ ਹਰੇਕ ਬੱਚਾ ਜੋ ਵੀ ਸੁਪਨਾ ਆਪਣੇ ਭਵਿੱਖ ਲਈ ਲੈਂਦਾ ਹੈ ਉਸ ਨੂੰ ਪੂਰਾ ਕਰਨ ਲਈ ਜਿਲ੍ਹਾ ਪ੍ਰਸ਼ਾਸਨ ਬੱਚੇ ਦੀ ਲੋੜ ਅਨੁਸਾਰ ਉਸ ਨੂੰ ਮਾਹਰਾਂ ਦੀ ਅਗਵਾਈ ਦਿੱਤੀ ਜਾਵੇਗੀ।ਬੱਚੇ ਵਲੋਂੇ ਭਵਿੱਖ ਵਿੱਚ ਜੋ ਵੀ ਬਣਨ ਦੀ ਇੱਛਾ ਕੀਤੀ ਹੋਵੇਗੀ ਉਸ ਨੂੰ ਉਸ ਖਿੱਤੇ ਦੀ ਅਹਿਮ ਹਸਤੀ ਨਾਲ ਮਿਲਾਇਆ ਜਾਵੇਗਾ ਤਾਂ ਜੋ ਉਹ ਉਸ ਤੋਂ ਪ੍ਰੇਰਨਾ ਲੈ ਕੇ ਅੱਗੇ ਵੱਧ ਸਕੇ ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਹਰੇਕ ਬੱਚਾ ਜੋ ਕਿ ਅੱਠਵੀਂ ਤੋਂ ਬਾਰਵੀਂ ਕਲਾਸ ਤੱਕ ਦਾ ਵਿਦਿਆਰਥੀ ਹੈ, ਉਹ ਭਵਿੱਖ ਦੇ ਟੀਚੇ ਨੂੰ ਉਨ੍ਹਾਂ ਨਾਲ ਸਾਂਝਾ ਕਰੇ ਤਾਂ ਜੋ ਅਸੀਂ ਉਸ ਅਨੁਸਾਰ ਆਪਣੀ ਰਣਨੀਤੀ ਤਿਆਰ ਕਰ ਸਕੀਏ।ਡਿਪਟੀ ਕਮਿਸ਼ਨਰ ਨੇ ਬੱਚਿਆਂ ਨਾਲ ਵੀ ਗੱਲਬਾਤ ਕੀਤੀ ਅਤੇ ਉਹਨਾਂ ਨੂੰ ਪ੍ਰੇਰਨਾ ਦਿੱਤੀ ਕਿ ਭਵਿੱਖ ਵਿੱਚ ਪੈਸਿਆਂ ਦੀ ਦੌੜ ਪਿੱਛੇ ਨਹੀਂ ਭੱਜਣਾ ਬਲਕਿ ਲੋਕ ਸੇਵਾ ਅਤੇ ਆਪਣੀ ਸੰਤੁਸ਼ਟੀ ਲਈ ਕੰਮ ਕਰਨਾ ਹੈ।
ਇਸ ਮੌਕੇ ਫੌਜ ਦੇ ਕਰਨਲ ਚੇਤਨ ਪਾਂਡੇ ਡਾਇਰੈਕਟਰ ਆਰਮੀ ਭਰਤੀ, ਡਿਪਟੀ ਸੀ.ਈ.ਓ ਤੀਰਥ ਪਾਲ ਸਿੰਘ, ਜਸਬੀਰ ਸਿੰਘ, ਅਮਿਤ ਚੋਪੜਾ, ਸੁਖਪਾਲ ਸਿੰਘ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।