ਅੰਮ੍ਰਿਤਸਰ, 3 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਰਣਜੀਤ ਐਵੀਨਿਊ ਸਥਿਤ ਖਾਲਸਾ ਕਾਲਜ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਅਤੇ ਖਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ਵਿਖੇ ਰੌਸ਼ਨੀਆਂ ਦੇ ਤਿਉਹਾਰ ਦੀਵਾਲੀ ਨੂੰ ਬੜੇ ਉਤਸ਼ਾਹ ਨਾਲ ਮਨਾਇਆ ਗਿਆ।ਦੋਨੋ ਅਦਾਰਿਆਂ ’ਚ ਗਰੀਨ ਦੀਵਾਲੀ ਪ੍ਰਤੀ ਜਾਗਰੂਕਤਾ ਪੈਦਾ ਕਰਨ ਦੇ ਮੱਦੇਨਜ਼ਰ ਫੈਕਲਟੀ, ਸਟਾਫ਼ ਅਤੇ ਵਿਦਿਆਰਥੀਆਂ ਨੇ ਇਕੱਠੇ ਹੋ ਕੇ ਪ੍ਰੰਪਰਾਗਤ ਮਿੱਟੀ ਦੇ ਦੀਵਿਆਂ ਨਾਲ ਕੈਂਪਸ ਨੂੰ ਰੌਸ਼ਨ ਕੀਤਾ।
ਕਾਲਜ ਡਾਇਰੈਕਟਰ ਡਾ. ਮੰਜ਼ੂ ਬਾਲਾ ਨੇ ਵਧ ਰਹੇ ਹਵਾ ਪ੍ਰਦੂਸ਼ਣ, ਜੋ ਕਿ ਸਿਹਤ ਦਾ ਇੱਕ ਵੱਡਾ ਮੁੱਦਾ ਬਣ ਗਿਆ ਹੈ, ਦੀ ਗੰਭੀਰਤਾ ’ਤੇ ਚਿੰਤਾ ਜਾਹਿਰ ਕੀਤੀ।ਉਨ੍ਹਾਂ ਕਿਹਾ ਕਿ ਗਰ੍ਰੀਨ ਦੀਵਾਲੀ ਮਨਾਉਣ ਦੀ ਪਹਿਲਕਦਮੀ ਦਾ ਉਦੇਸ਼ ਵਿਦਿਆਰਥੀਆਂ ਚ ਸਿਹਤਮੰਦ ਵਾਤਾਵਰਣ ਦੀ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ।ਉਨ੍ਹਾਂ ਕਿਹਾ ਕਿ ਰੰਗੋਲੀ, ਸਜਾਵਟੀ ਥਾਲੀਆਂ ਅਤੇ ਦੀਵੇ ਸਮੇਤ ਕਈ ਮੁਕਾਬਲੇ ਕਰਵਾਏ ਗਏ, ਜੋ ਕਿ ਗਰੀਨ ਦੀਵਾਲੀ ਵਿਸ਼ੇ ’ਤੇ ਕੇਂਦਰਿਤ ਸਨ।ਡਾ. ਮੰਜ਼ੂ ਬਾਲਾ ਨੇ ਮੁਕਾਬਲਿਆਂ ਦੇ ਜੇਤੂਆਂ ਸਰਟੀਫਿਕੇਟ ਪ੍ਰਦਾਨ ਕੀਤੇ।
ਇਸੇ ਤਰ੍ਹਾਂ ਖਾਲਸਾ ਇੰਟਰਨੈਸ਼ਨਲ ਸਕੂਲ ਵਿਖੇ ਪ੍ਰਿੰਸੀਪਲ ਸ੍ਰੀਮਤੀ ਨਿਰਮਲਜੀਤ ਕੌਰ ਗਿੱਲ ਦੇ ਦਿਸ਼ਾ-ਨਿਰਦੇਸ਼ਾਂ ’ਤੇ ਵਿਦਿਆਰਥੀਆਂ ਦੀਆਂ ਕਲਾਤਮਿਕ ਰੁਚੀਆਂ ਨੂੰ ਪ੍ਰਫੁਲਿੱਤ ਕਰਨ ਲਈ ਐਫ਼.ਸੀ.ਪੀ ਮਾਹਿਰ ਅਧਿਆਪਕ ਸ੍ਰੀਮਤੀ ਰਾਧਿਕਾ ਸ਼ਰਮਾ ਦੀ ਅਗਵਾਈ ਹੇਠ ਪਿਡੀਲਾਈਟ ਪ੍ਰਾ. ਲਿਮ. ਦੇ ਸਹਿਯੋਗ ਨਾਲ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਸੀ।ਪ੍ਰਿੰ: ਸ੍ਰੀਮਤੀ ਗਿੱਲ ਨੇ ਕਲਾ ਵਿਭਾਗ ਦੀ ਵਿਸ਼ੇਸ਼ ਤੌਰ ’ਤੇ ਪ੍ਰਸ਼ੰਸਾ ਕੀਤੀ।