Sunday, December 22, 2024

ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਵੱਲੋਂ ਪੰਜਾਬ ਦਿਵਸ ਨੂੰ ਸਮਰਪਿਤ ਰੂਬਰੂ ਪ੍ਰੋਗਰਾਮ

ਅੰਮ੍ਰਿਤਸਰ, 7 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬੀ ਸਾਹਿਤ ਦੇ ਪ੍ਰਸਿੱਧ ਕਵੀ ਰਮਨ ਸੰਧੂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਵੱਲੋਂ ਕਰਵਾਏ ਗਏ ਵਿਸ਼ੇਸ਼ ਰੂਬਰੂ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਕਵੀ ਵਾਸਤੇ ਮੌਲਿਕ ਹੋਣਾ ਬਹੁਤ ਜ਼ਰੂਰੀ ਹੈ ਸੋ ਰਚਨਾਕਾਰ ਨੂੰ ਬਾਹਰਲੇ ਪ੍ਰਭਾਵਾਂ ਤੋਂ ਹਮੇਸ਼ਾ ਸਚੇਤ ਰਹਿਣਾ ਚਾਹੀਦਾ ਹੈ।ਇੱਕ ਪ੍ਰਮਾਣਿਕ ਕਵੀ ਉਹ ਹੈ, ਜੋ ਲਿਖਤ ਨੂੰ ਅੰਤਿਮ ਛੋਹਾਂ ਦੇਣ ਤੋਂ ਪਹਿਲਾਂ ਉਸ ਵਿੱਚ ਕਈ ਸੋਧਾਂ ਕਰਦਾ ਹੈ।
ਉਪ-ਕੁਲਪਤੀ ਪ੍ਰੋਫ਼ੈਸਰ ਜਸਪਾਲ ਸਿੰਘ ਸੰਧੂ ਦੀ ਸਰਪ੍ਰਸਤੀ ਹੇਠ ਅਤੇ ਵਿਭਾਗ ਦੇ ਮੁਖੀ ਡਾ. ਮਨਜਿੰਦਰ ਸਿੰਘ ਦੀ ਸੁਯੋਗ ਅਗਵਾਈ ਅਧੀਨ ਪੰਜਾਬ ਦਿਵਸ ਨੂੰ ਸਮਰਪਿਤ ਵਿਸ਼ੇਸ਼ ਰੁਬਰੂ ਪ੍ਰੋਗਰਾਮ ਦੌਰਾਨ ਕਵੀ ਰਮਨ ਸੰਧੂ ਨੇ ਸਰੋਤਿਆਂ ਨੂੰ ਆਪਣੀ ਰਚਨਾ ਦੇ ਪਾਠ ਨਾਲ ਮੰਤਰ-ਮੁਗਧ ਕੀਤਾ।
ਪ੍ਰੋਗਰਾਮ ਦੇ ਆਰੰਭ ਵਿੱਚ ਡਾ. ਮਨਜਿੰਦਰ ਸਿੰਘ ਨੇ ਆਏ ਹੋਏ ਮਹਿਮਾਨ ਨੂੰ ਪੌਦੇ ਭੇਟ ਕਰਕੇ ‘ਜੀ ਆਇਆਂ’ ਕਿਹਾ।ਉੁਹਨਾਂ ਆਪਣੇ ਸੁਆਗਤੀ ਸ਼ਬਦਾਂ ਵਿੱਚ ਕਿਹਾ ਕਿ ਅਮੂਮਨ ਪਾਠਕਾਂ ਦੀ ਘਾਟ ਦੀ ਸ਼ਿਕਾਇਤ ਦੀ ਪਿਠਭੂਮੀ ਵਿੱਚ ਦਰਅਸਲ ਲੇਖਕ ਦੀ ਸਿਰਜਣਾਤਮਕ ਸਮਰੱਥਾ ਦੀ ਸਮੱਸਿਆ ਕਾਰਜਸ਼ੀਲ ਹੁੰਦੀ ਹੈ।ਲੇਖਕ ਦੀ ਪ੍ਰਥਮ ਪਹਿਚਾਣ ਉਸਦੀ ਸ਼ਖ਼ਸੀਅਤ ਨਹੀਂ ਬਲਕਿ ਉਸ ਦੀ ਰਚਨਾ ਹੀ ਹੁੰਦੀ ਹੈ।ਰਮਨ ਸੰਧੂ ਇੱਕ ਬੇਬਾਕ ਕਵੀ ਹਨ ਜੋ ਕਿ ਸੱਚ ਕਹਿਣ ਤੋਂ ਗੁਰੇਜ਼ ਨਹੀਂ ਕਰਦੇ।
ਰਮਨ ਸੰਧੂ ਨੇ ਦੱਸਦਿਆਂ ਕਿਹਾ ਕਿ ਉਹ ਪੁਰਾਣੇ ਹਿੰਦੀ ਗਾਣਿਆਂ ਦੇ ਸ਼ੌਕੀਨ ਹਨ।ਉਹਨਾਂ ਮੁਤਾਬਿਕ ਵਿਧਾ ਦਾ ਨਿਰਣਾ ਕਰਨ ਨਾਲੋਂ ਸਾਹਿਤ ਸਿਰਜਣਾ ਦੀ ਰਵਾਨਗੀ ਵਧੇਰੇ ਮਹੱਤਵਪੂਰਨ ਹੈ।ਇਸੇ ਲਈ ਰਚਨਾ ਦੀ ਚਰਚਾ ਅਤੇ ਸਵੈ-ਸੰਤੁਸ਼ਟੀ ਦੋ ਵੱਖਰੇ-ਵੱਖਰੇ ਵਰਤਾਰੇ ਹਨ।ਕਵੀ ਵਾਸਤੇ ਮੌਲਿਕ ਹੋਣਾ ਬਹੁਤ ਜ਼ਰੂਰੀ ਹੈ, ਸੋ ਰਚਨਾਕਾਰ ਨੂੰ ਬਾਹਰਲੇ ਪ੍ਰਭਾਵਾਂ ਤੋਂ ਹਮੇਸ਼ਾਂ ਸਚੇਤ ਰਹਿਣਾ ਚਾਹੀਦਾ ਹੈ।ਇੱਕ ਪ੍ਰਮਾਣਿਕ ਕਵੀ ਉਹ ਹੈ, ਜੋ ਲਿਖਤ ਨੂੰ ਅੰਤਿਮ ਛੋਹਾਂ ਦੇਣ ਤੋਂ ਪਹਿਲਾਂ ਉਸ ਵਿੱਚ ਕਈ ਸੋਧਾਂ ਕਰਦਾ ਹੈ।ਇਸ ਤੋਂ ਬਾਅਦ ਵਿਭਾਗ ਦੇ ਸਹਾਇਕ ਪ੍ਰੋਫ਼ੈਸਰ ਡਾ. ਪਵਨ ਕੁਮਾਰ ਨੇ ਰਮਨ ਸੰਧੂ ਦੀ ਕਵਿਤਾ ਦਾ ਵਿਸ਼ਲੇਸ਼ਣ ਕਰਦਿਆਂ ਕਿਹਾ ਕਿ ਉਹਨਾਂ ਦੀ ਕਵਿਤਾ ਦੀ ਕੇਂਦਰੀ ਸੁਰ ਮੁਹੱਬਤ ਦੀ ਤਲਾਸ਼ ਹੈ।
ਪ੍ਰੋਗਰਾਮ ਦੇ ਅੰਤ ‘ਚ ਡਾ. ਰਾਜਵਿੰਦਰ ਕੌਰ, ਸਹਾਇਕ ਪ੍ਰੋਫ਼ੈਸਰ ਨੇ ਸਮੂਹ ਆਏ ਹੋਏ ਮਹਿਮਾਨਾਂ ਸਰੋਤਿਆਂ ਦਾ ਧੰਨਵਾਦ ਕੀਤਾ।ਮੰਚ ਸੰਚਾਲਨ ਡਾ. ਹਰਿੰਦਰ ਕੌਰ ਸੋਹਲ ਨੇ ਕੀਤਾ।ਉਹਨਾਂ ਨੇ ਰਮਨ ਸੰਧੂ ਦੇ ਜੀਵਨ ਅਤੇ ਰਚਨਾ ਬਾਰੇ ਮਹੱਤਵਪੂਰਨ ਜਾਣਕਾਰੀ ਵੀ ਸਾਂਝੀ ਕੀਤੀ।
ਇਸ ਸਮੇਂ ਵਿਭਾਗ ਦੇ ਅਧਿਆਪਕਾਂ ਵਿੱਚ ਡਾ. ਮੇਘਾ ਸਲਵਾਨ, ਡਾ. ਬਲਜੀਤ ਰਿਆੜ, ਪ੍ਰਵੀਨ ਪੁਰੀ, ਡਾ. ਜਸਪਾਲ ਸਿੰਘ, ਡਾ. ਕੰਵਲਜੀਤ ਕੌਰ, ਡਾ. ਇੰਦਰਪ੍ਰੀਤ ਕੌਰ, ਡਾ. ਕੰਵਲਦੀਪ ਕੌਰ, ਡਾ. ਅਸ਼ੋਕ ਭਗਤ, ਡਾ. ਹਰਿੰਦਰ ਸਿੰਘ ਤੁੜ, ਪ੍ਰੋ. ਰਵਿੰਦਰ ਕੌਰ, ਡਾ. ਅੰਜ਼ੂ ਬਾਲਾ, ਡਾ. ਪ੍ਰਭਜੀਤ ਕੌਰ ਅਤੇ ਡਾ. ਚੰਦਨਪ੍ਰੀਤ ਸਿੰਘ ਤੋਂ ਇਲਾਵਾ ਵਿਭਾਗ ਦੇ ਖੋਜ਼-ਵਿਦਿਆਰਥੀ ਅਤੇ ਵਿਦਿਆਰਥੀ ਹਾਜ਼ਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …