ਚੰਡੀਗੜ੍ਹ ਵਿੱਚ ਹਰਿਆਣਾ ਨੂੰ ਇੱਕ ਇੰਚ ਜ਼ਮੀਨ ਵੀ ਨਹੀਂ ਦਿੱਤੀ ਜਾਵੇਗੀ- ਧਾਲੀਵਾਲ
ਅਜਨਾਲਾ, 15 ਨਵੰਬਰ (ਪੰਜਾਬ ਪੋਸਟ ਬਿਊਰੋ) – ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅਜਨਾਲਾ ‘ਚ ਕੋਚ ਵਰਿੰਦਰ ਸਿੰਘ ਵਲੋਂ ਫੁੱਟਬਾਲ ਅਕੈਡਮੀ ਦੀ ਸ਼ੁਰੂਆਤ ਕਰਨ ‘ਤੇ ਉਹਨਾਂ ਨੂੰ ਵਧਾਈ ਦਿੱਤੀ।ਉਨ੍ਹਾਂ ਨੇ ਇਲਾਕੇ ਦੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਆਪਣੇ ਬੱਚਿਆਂ ਨੂੰ ਖੇਡ ਮੈਦਾਨਾਂ ਤੱਕ ਲੈ ਕੇ ਆਉਣ ਤਾਂ ਜੋ ਉਹ ਮਾਨਸਿਕ ਅਤੇ ਸਰੀਰਕ ਰੂਪ ‘ਚ ਤੰਦਰੁਸਤ ਰਹਿ ਸਕਣ।ਉਹਨਾਂ ਕਿਹਾ ਕਿ ਖੇਡਾਂ ਮਿਲ ਜੁਲ ਕੇ ਕੰਮ ਕਰਨ ਅਤੇ ਅਨੁਸਾਸ਼ਨ ਪੈਦਾ ਕਰਨ ਵਿੱਚ ਵੱਡੀ ਭੂਮਿਕਾ ਨਿਭਾਉਂਦੀਆਂ ਹਨ।ਉਹਨਾਂ ਨੇ ਅਕੈਡਮੀ ਪ੍ਰਬੰਧਕਾਂ ਨੂੰ ਕਿਹਾ ਕਿ ਪੰਜਾਬ ਸਰਕਾਰ ਉਹਨਾਂ ਦੀ ਇਸ ਉਦਮ ਦੀ ਸਰਾਹਨਾ ਕਰਦੀ ਹੈ ਅਤੇ ਹਰ ਤਰ੍ਹਾਂ ਦੀ ਮਦਦ ਲਈ ਤਿਆਰ ਹੈ।ਉਹਨਾਂ ਐਲਾਨ ਕੀਤਾ ਕਿ ਅਜਨਾਲਾ ਵਿੱਚ ਆਉਂਦੇ ਸਾਲ ਤੱਕ ਵੱਡਾ ਖੇਡ ਸਟੇਡੀਅਮ ਵੀ ਉਸਾਰ ਦਿੱਤਾ ਜਾਵੇਗਾ।
ਪੱਤਰਕਾਰਾਂ ਵੱਲੋਂ ਸਵਾਲ ਪੁੱਛੇ ਜਾਣ ‘ਤੇ ਧਾਲੀਵਾਲ ਨੇ ਸਪੱਸ਼ਟ ਕੀਤਾ ਕਿ ਚੰਡੀਗੜ੍ਹ ਵਿੱਚ ਹਰਿਆਣਾ ਨੂੰ ਵਿਧਾਨ ਸਭਾ ਬਣਾਉਣ ਲਈ ਇੱਕ ਇੰਚ ਜ਼ਮੀਨ ਵੀ ਨਹੀਂ ਦਿੱਤੀ ਜਾਵੇਗੀ।ਇਹ ਕੇਂਦਰ ਸਰਕਾਰ ਦਾ ਪੰਜਾਬ ਨਾਲ ਸਿੱਧਾ ਧੱਕਾ ਹੈ ਪੰਜਾਬ ਦੇ ਹੱਕਾਂ ਉਤੇ ਡਾਕਾ ਹੈ, ਜਿਸ ਨੂੰ ਬਰਦਾਸ਼਼ਤ ਨਹੀਂ ਕੀਤਾ ਜਾਵੇਗਾ।ਧਾਲੀਵਾਲ ਨੇ ਕਿਹਾ ਕਿ ਚੰਡੀਗੜ੍ਹ ਪੰਜਾਬ ਦੇ ਪਿੰਡਾਂ ਦਾ ਉਜਾੜਾ ਕਰਕੇ ਬਣਿਆ ਹੈ ਅਤੇ ਹਰਿਆਣੇ ਦਾ ਇਸ ਉਤੇ ਕੋਈ ਹੱਕ ਨਹੀਂ। ਹਰਿਆਣਾ ਵਲੋਂ ਕੀਤੀ ਜਾ ਰਹੀ ਪਾਣੀ ਦੀ ਮੰਗ ‘ਤੇ ਬੋਲਦੇ ਹੋਏ ਉਹਨਾਂ ਨੇ ਕਿਹਾ ਕਿ ਸਾਡੇ ਕੋਲ ਆਪਣੀ ਲੋੜ ਨਾਲੋਂ ਵੀ ਪਾਣੀ ਘੱਟ ਹੈ ਤਾਂ ਇਸ ਸੂਰਤ ਵਿੱਚ ਪਾਣੀ ਕਿਵੇਂ ਦਿੱਤਾ ਜਾ ਸਕਦਾ ਹੈ ? ਉਹਨਾਂ ਕਿਹਾ ਕਿ ਅੱਜ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਸਾਡੇ ਵਿਰੋਧ ਵਿੱਚ ਇਹ ਮਸਲੇ ਖੜੇ ਕਰ ਰਹੀ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।