ਅੰਮ੍ਰਿਤਸਰ, 19 ਜਨਵਰੀ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਐਜ਼ੂਕੇਸ਼ਨ ਜੀ.ਟੀ ਰੋਡ ਵਿਖੇ ਸਕੂਲ ਅਧਿਆਪਕਾਂ ਲਈ ਨੈਤਿਕ ਜੀਵਨ-ਜਾਂਚ ’ਤੇ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।ਖਾਲਸਾ ਯੂਨੀਵਰਸਿਟੀ ਅਤੇ ਜਗਤ ਪੰਜਾਬੀ ਸਭਾ ਕੈਨੇਡਾ ਦੇ ਸਹਿਯੋਗ ਨਾਲ ਕਰਵਾਈ ਗਈ ਵਰਕਸ਼ਾਪ ਮੌਕੇ ’ਵਰਸਿਟੀ ਦੇ ਰਜਿਸਟਰਾਰ ਡਾ. ਖੁਸ਼ਵਿੰਦਰ ਕੁਮਾਰ ਵਲੋਂ ਸਭਾ ਦੇ ਚੇਅਰਮੈਨ ਅਜਾਇਬ ਸਿੰਘ ਚੱਠਾ ਦਾ ਕਾਲਜ ਵਿਹੜੇ ਪੁੱਜਣ ’ਤੇ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਸਵਾਗਤ ਕੀਤਾ ਗਿਆ।
ਚੱਠਾ ਨੇ ਆਪਣੇ ਭਾਸ਼ਣ ’ਚ ਬਹੁਤ ਸਾਰੀਆਂ ਘਟਨਾਵਾਂ ਦਾ ਵਰਣਨ ਕੀਤਾ, ਜਿੰਨ੍ਹਾਂ ’ਚ ਸਹੀ ਫੈਸਲਾ ਲੈਣਾ ਕਿੰਨਾ ਮੁਸ਼ਕਿਲ ਸੀ, ਪਰ ਇਸ ਦੇ ਬਾਵਜ਼ੂਦ ਨੈਤਿਕਤਾ ਦਾ ਸਾਥ ਨਿਭਾਉਂਦੇ ਹੋਏ ਉਸ ਵਿਸ਼ੇਸ਼ ਮੁਸ਼ਕਿਲ ਦਾ ਹੱਲ ਲੱਭਿਆ ਗਿਆ।ਡਾ. ਖੁਸ਼ਵਿੰਦਰ ਕੁਮਾਰ ਨੇ ਆਪਣੇ ਸਵਾਗਤੀ ਭਾਸ਼ਨ ’ਚ ਅੱਜ ਦੇ ਤੇਜ਼ ਰਫਤਾਰੀ ਤਕਨੀਕੀ ਯੁੱਗ ’ਚ ਨੈਤਿਕਤਾ ਦੀ ਮਹੱਤਤਾ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਨੈਤਿਕਤਾ ਇਕ ਧਾਰੀ ਨਹੀਂ, ਸਗੋਂ ਬਹੁ ਅਰਥੀ ਹੁੰਦੀ ਹੈ ਅਤੇ ਨੈਤਿਕ ਕਦਰਾਂ-ਕੀਮਤਾਂ ਰਾਹੀਂ ਹੀ ਇੱਕ ਮਨੁੱਖ ਸੁਹਿਰਦ ਜੀਵਨ ਜਿਉਂ ਸਕਦਾ ਹੈ।
ਕਾਲਜ ਦੇ ਅਸਿਸਟੈਂਟ ਪ੍ਰੋ: ਡਾ: ਮਨਿੰਦਰ ਕੌਰ ਦੀ ਯੋਗ ਅਗਵਾਈ ਹੇਠ ਕਰਵਾਏ ਗਏ ਇਸ ਪ੍ਰੋਗਰਾਮ ’ਚ ਪੰਜਾਬ ਦੇ ਵੱਖ-ਵੱਖ ਸਕੂਲਾਂ ’ਚ ਪੜ੍ਹਾਉਂਦੇ 70 ਦੇ ਕਰੀਬ ਅਧਿਆਪਕਾਂ ਨੇ ਭਾਗ ਲਿਆ।ਅਧਿਆਪਕਾਂ ਦੇ 7 ਗਰੁੱਪ ਬਣਾ ਕੇ ਉਨ੍ਹਾਂ ਨੂੰ ਕੇਸ ਸਟੱਡੀ ਬਾਰੇ ਚਰਚਾ ਕਰਕੇ ਜੀਵਨ-ਜਾਂਚ ਦੇ ਸਹੀ ਢੰਗਾਂ ਅਤੇ ਸੁਚੱਜੇ ਫੈਸਲੇ ਲੈਣ ਦੀ ਸਮਝ ਪੈਦਾ ਕਰਨ ਸਬੰਧੀ ਪ੍ਰੇਰਿਤ ਕੀਤਾ ਗਿਆ, ਜਿਸ ਉਪਰੰਤ ਸ਼ਰਨਜੀਤ ਕੌਰ ਅਤੇ ਸਤਿੰਦਰ ਕੌਰ ਕਾਹਲੋ ਨੇ ਆਪਣੇ-ਆਪਣੇ ਵਿਚਾਰ ਪੇਸ਼ ਕੀਤੇ।ਡਾ. ਕੁਮਾਰ ਨੇ ਵਾਈਸ ਪ੍ਰਿੰਸੀਪਲ ਡਾ: ਹਰਪ੍ਰੀਤ ਕੌਰ ਨਾਲ ਮਿਲ ਕੇ ਆਏ ਹੋਏ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ।ਇਸ ਪ੍ਰੋਗਰਾਮ ’ਚ ਸਭਾ ਦੇ ਮੈਂਬਰ ਹਰਕੀਰਤ ਕੌਰ, ਮਨਪ੍ਰੀਤ ਕੌਰ, ਸ੍ਰੀਮਤੀ ਬਲਵਿੰਦਰ ਕੌਰ ਚੱਠਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।