Wednesday, March 19, 2025

ਧਾਲੀਵਾਲ ਅਤੇ ਈ.ਟੀ.ਓ ਦੇਰ ਰਾਤ ਹੀ ਹਵਾਈ ਅੱਡੇ ‘ਤੇ ਨੌਜਵਾਨਾਂ ਨੂੰ ਲੈਣ ਪਹੁੰਚੇ

ਅੰਮ੍ਰਿਤਸਰ, 16 ਫਰਵਰੀ (ਸੁਖਬੀਰ ਸਿੰਘ) – ਅਮਰੀਕਾ ਵਿੱਚ ਗੈਰਕਾਨੂੰਨੀ ਢੰਗ ਨਾਲ ਦਾਖਲ ਹੋਏ ਭਾਰਤੀ ਜੋ ਕਿ ਬੀਤੀ ਰਾਤ ਅਮਰੀਕੀ ਫੌਜ ਦੇ ਹਵਾਈ ਜਹਾਜ ਰਾਹੀਂ ਦੇਸ਼ ਨਿਕਾਲੇ ਤੋਂ ਬਾਅਦ ਅੰਮ੍ਰਿਤਸਰ ਪੁੱਜੇ।ਉਨ੍ਹਾਂ ਨੂੰ ਲੈਣ ਲਈ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਤੇ ਹਰਭਜਨ ਸਿੰਘ ਈ.ਟੀ.ਓ ਦੇਰ ਰਾਤ ਅੱਡੇ ‘ਤੇ ਪੁੱਜੇ।ਦੋਨਾਂ ਮੰਤਰੀਆਂ ਨੇ ਨੌਜਵਾਨਾਂ ਨੂੰ ਹੌਸਲਾ ਦਿੱਤਾ ਅਤੇ ਕਿਹਾ ਕਿ ਭਾਵੇਂ ਤੁਹਾਡਾ ਆਰਥਿਕ ਤੌਰ ‘ਤੇ ਵੱਡਾ ਨੁਕਸਾਨ ਹੋਇਆ ਹੈ, ਪਰ ਇਹ ਦਿਨ ਹੁਣ ਪਿੱਛਲੀਆਂ ਗਲਤੀਆਂ ਵੱਲ ਵੇਖਣ ਦੇ ਨਹੀਂ ਬਲਕਿ ਹੌਸਲਾ ਰੱਖ ਕੇ ਨਵੀਂ ਸ਼ੁਰੂਆਤ ਕਰਨ ਦੇ ਹਨ।ਉਹਨਾਂ ਕਿਹਾ ਕਿ ਪੰਜਾਬ ਸਰਕਾਰ ਤੁਹਾਡੇ ਨਾਲ ਹਰ ਤਰ੍ਹਾਂ ਸਾਥ ਦੇਵੇਗੀ ਅਤੇ ਜਿੰਨਾਂ ਵੀ ਏਜੰਟਾਂ ਨੇ ਤੁਹਾਨੂੰ ਗੁੰਮਰਾਹ ਕਰਕੇ ਤੁਹਾਡੀ ਆਰਥਿਕ ਲੁੱਟ ਕੀਤੀ ਹੈ, ਉਨਾਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕਰਕੇ ਨਿਆਂ ਦਿਵਾਇਆ ਜਾਵੇਗਾ।ਪੱਤਰਕਾਰਾਂ ਨਾਲ ਗੱਲਬਾਤ ਕਰਦੇ ਭਾਵਕ ਹੁੰਦੇ ਧਾਲੀਵਾਲ ਨੇ ਕਿਹਾ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਵਿਸ਼ੇਸ਼ ਤੌਰ ‘ਤੇ ਮਿਲਣ ਪੁੱਜੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਹਨਾਂ ਨੌਜਵਾਨਾਂ ਦੀ ਗੱਲ ਉਹਨਾਂ ਨਾਲ ਕਰਨੀ ਚਾਹੀਦੀ ਸੀ।
ਧਾਲੀਵਾਲ ਨੇ ਕਿਹਾ ਕਿ ਇਹ ਨੌਜਵਾਨ ਅਮਰੀਕਾ ਵਿੱਚ ਕਿਸੇ ਸ਼ੌਂਕ ਲਈ ਨਹੀਂ, ਬਲਕਿ ਰੋਜ਼ੀ ਰੋਟੀ ਲਈ ਲੱਖਾਂ ਰੁਪਏ ਖਰਚ ਕਰਕੇ ਪਹੁੰਚੇ ਸਨ।ਅਮਰੀਕਾ ਸਰਕਾਰ ਵੱਲੋਂ ਇਸ ਤਰ੍ਹਾਂ ਇਹਨਾਂ ਨੌਜਵਾਨਾਂ ਨੂੰ ਕੱਢਣਾ ਕਿੰਨਾ ਨੌਜਵਾਨਾਂ ਦੇ ਨਾਲ ਨਾਲ ਸਾਡੇ ਲਈ ਵੀ ਬੜਾ ਗੰਭੀਰ ਮੁੱਦਾ ਹੈ।ਹਰਭਜਨ ਸਿੰਘ ਨੇ ਕਿਹਾ ਕਿ ਇਹ ਦੋ ਦੇਸ਼ਾਂ ਦਾ ਆਪਸੀ ਮੁੱਦਾ ਹੈ, ਜਿਸ ਉਤੇ ਰਾਜ ਸਰਕਾਰਾਂ ਕੁੱਝ ਨਹੀਂ ਕਰ ਸਕਦੀਆਂ, ਬਲਕਿ ਕੇਂਦਰ ਸਰਕਾਰ ਖਾਸ ਤੌਰ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਗੱਲਬਾਤ ਕਰਕੇ ਇਹ ਮਸਲਾ ਅਜੇ ਵੀ ਹੱਲ ਕਰ ਸਕਦੇ ਹਨ, ਤਾਂ ਜੋ ਉਥੇ ਸੰਕਟ ਵਿੱਚ ਪਏ ਹੋਰ ਨੌਜਵਾਨਾਂ ਨੂੰ ਇਸ ਤਰ੍ਹਾਂ ਦੀ ਕਾਰਵਾਈ ਦਾ ਸਾਹਮਣਾ ਨਾ ਕਰਨਾ ਪਵੇ।

 

Check Also

ਖਾਲਸਾ ਕਾਲਜ ਵਿਖੇ ਫੈਸਟੀਵਲ ਆਫ਼ ਮੈਥਾਮੈਥਿਕ ਮੁਕਾਬਲਾ ਕਰਵਾਇਆ ਗਿਆ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਗਣਿਤ ਵਿਭਾਗ ਵਲੋਂ ਰਾਸ਼ਟਰੀ ਗਣਿਤ …