Tuesday, April 8, 2025
Breaking News

ਯੂਨੀਵਰਸਿਟੀ ਵਿਖੇ ਪਰਵਾਸੀ ਪੰਜਾਬੀ ਲੇਖਿਕਾ ਸ੍ਰੀਮਤੀ ਰੂਪ ਦਵਿੰਦਰ ਨਾਲ ਰੂਬਰੂ

ਅੰਮ੍ਰਿਤਸਰ, 2 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) ਕਰਮਜੀਤ ਸਿੰਘ ਦੀ ਰਹਿਨੁਮਾਈ ਅਤੇ ਪੰਜਾਬੀ ਅਧਿਐਨ ਸਕੂਲ ਦੇ ਮੁਖੀ ਡਾ. ਮਨਜਿੰਦਰ ਸਿੰਘ ਦੀ ਅਗਵਾਈ ਹੇਠ ਬੀਤੇ ਦਿਨੀਂ ਇੰਗਲੈਂਡ ਨਿਵਾਸੀ ਪਰਵਾਸੀ ਪੰਜਾਬੀ ਲੇਖਿਕਾ ਅਤੇ ਅਕਾਲ ਚੈਨਲ ਦੇ ਵਿਰਸਾ ਪ੍ਰੋਗਰਾਮ ਦੇ ਸੰਚਾਲਕ ਸ੍ਰੀਮਤੀ ਰੂਪ ਦਵਿੰਦਰ ਕੌਰ ਨਾਲ ਰੂਬਰੂ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।ਉਹਨਾਂ ਨੇ ਵਿਭਾਗ ਦੇ ਅਧਿਆਪਕਾਂ, ਖੋਜ-ਵਿਦਿਆਰਥੀਆਂ ਅਤੇ ਵਿਦਿਆਰਥੀਆਂ ਨਾਲ ਪਰਵਾਸੀ ਪੰਜਾਬੀ ਸਾਹਿਤ ਅਤੇ ਆਪਣੀ ਸਿਰਜਨ ਪ੍ਰਕਿਰਿਆ ਸਬੰਧੀ ਵਿਚਾਰ ਸਾਂਝੇ ਕੀਤੇ।ਸਭ ਤੋਂ ਪਹਿਲਾਂ ਡਾ. ਮਨਜਿੰਦਰ ਸਿੰਘ ਨੇ ਆਏ ਮਹਿਮਾਨਾਂ ਦਾ ਪੌਦੇ ਭੇਟ ਕਰਕੇ ਸੁਆਗਤ ਕੀਤਾ।ਉਹਨਾਂ ਕਿਹਾ ਪੰਜਾਬ ਦੀਆਂ ਰਾਜਨੀਤਿਕ ਹੱਦਬੰਦੀਆਂ ਪੰਜਾਬੀ ਭਾਸ਼ਾ ਅਤੇ ਸਾਹਿਤ ਦੀਆਂ ਸੀਮਾਵਾਂ ਨਹੀਂ ਹਨ।ਇਸ ਦਾ ਫੈਲਾਅ ਅੰਤਰਰਾਸ਼ਟਰੀ ਪੱਧਰ ਤੱਕ ਹੋ ਰਿਹਾ ਹੈ।ਸਾਹਿਤ ਅਣਕਹੇ ਨੂੰ ਪੇਸ਼ ਕਰਦਾ ਹੈ।ਉਹਨਾਂ ਰੂਪ ਦਵਿੰਦਰ ਦੀ ਪੁਸਤਕ ‘ਮੌਨ’ ਦਾ ਅਨੁਵਾਦ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਸ ਦੀ ਸਿਰਜਣਾ ਇਸ ਅਣਕਹੇ ਮੌਨ ਨੂੰ ਹੀ ਉਜ਼ਾਗਰ ਕਰਦੀ ਹੈ।
ਇਸ ਉਪਰੰਤ ਸ੍ਰੀਮਤੀ ਰੂਪ ਦਵਿੰਦਰ ਨੇ ਕਿਹਾ ਕਿ ਉਹਨਾਂ ਨੇ ਵੀਹ ਸਾਲ ਦੀ ਛੋਟੀ ਉਮਰ ਵਿੱਚ ਪਰਵਾਸ ਧਾਰਨ ਕੀਤਾ।ਪਰਵਾਸ ਦੇ ਇਸ ਨਵੀਨ ਅਨੁਭਵ ਨੇ ਉਹਨਾਂ ਵਿੱਚ ਜਿਹੜਾ ਇਕਲਾਪੇ ਦਾ ਅਹਿਸਾਸ ਪੈਦਾ ਕੀਤਾ, ਉਸ ਦੀ ਤੀਬਰ ਅਭਿਵਿਅਕਤੀ ਉਹਨਾਂ ਦੀ ਰਚਨਾ ਦਾ ਅਟੁੱਟ ਹਿੱਸਾ ਹੈ।ਉਹਨਾਂ ਨੇ ਪਰਵਾਸੀ ਜੀਵਨ ਦੌਰਾਨ ਪੈਦਾ ਹੋਏ ਬੇਗਾਨਗੀ ਦੇ ਭਾਵ ਨੂੰ ਪ੍ਰਗਟ ਕਰਦੀਆਂ ਕੁੱਝ ਕਾਵਿ-ਰਚਨਾਵਾਂ ਵੀ ਸਰੋਤਿਆਂ ਦੇ ਸਨਮੁੱਖ ਪੇਸ਼ ਕੀਤੀਆਂ।ਉਹਨਾਂ ਨੇ ਕਿਹਾ ਕਿ ਉਹਨਾਂ ਦਾ ਇੰਗਲੈਂਡ ਅਤੇ ਹੋਰਨਾਂ ਦੇਸ਼ਾਂ ਵਿੱਚ ਸੰਚਾਰ ਮਾਧਿਅਮਾਂ ਵਿੱਚ ਕੰਮ ਕਰਨ ਦਾ ਲੰਬਾ ਤਜ਼ਰਬਾ ਹੈ। ਵਰਤਮਾਨ ਸਮੇਂ ਵਿੱਚ ਉਹਨਾਂ ਦੀ ਭਰਪੂਰ ਕੋਸ਼ਿਸ਼ ਇੰਗਲੈਂਡ ਵਿੱਚ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦਾ ਪ੍ਰਚਾਰ ਅਤੇ ਪ੍ਰਸਾਰ ਕਰਨਾ ਹੈ।ਇਹ ਉਹਨਾਂ ਦੀ ਪੰਜਾਬ ਅਤੇ ਪੰਜਾਬੀਅਤ ਪ੍ਰਤੀ ਮੋਹ ਨੂੰ ਪ੍ਰਗਟਾਉਂਦੀ ਭਾਵਨਾ ਦਾ ਹੀ ਪਰਤੀਕ ਹੈ।ਉਹਨਾਂ ਨੇ ਪੰਜਾਬੀ ਨੌਜਵਾਨ ਪੀੜ੍ਹੀ ਨੂੰ ਆਪਣੇ ਵਿਰਸੇ ਨਾਲ ਜੁੜੇ ਰਹਿਣ ਦਾ ਸੁਨੇਹਾ ਦਿੱਤਾ।ਮੌਜ਼ੂਦ ਸਰੋਤਿਆਂ ਨੇ ਹਾਜ਼ਰ ਲੇਖਿਕਾ ਨਾਲ ਕਈ ਪ੍ਰਸ਼ਨਾਂ ਦੇ ਮਾਧਿਅਮ ਰਾਹੀਂ ਅਰਥ-ਭਰਪੂਰ ਸੰਵਾਦ ਰਚਾਇਆ।ਇਸ ਪ੍ਰੋਗਰਾਮ ਵਿੱਚ ਅੱਖਰ ਮੈਗਜ਼ੀਨ ਨਾਲ ਜੁੜੇ ਰਹੇ ਵਿਸ਼ਾਲ ਬਿਆਸ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸ੍ਰੀਮਤੀ ਰੂਪ ਦਵਿੰਦਰ ਵਰਗੇ ਸਾਹਿਤਕਾਰ ਇਸ ਸਮਾਜ ਦੀ ਜ਼ਰੂਰਤ ਹਨ।ਇਸ ਲਈ ਅਜਿਹੇ ਰਚਨਾਕਾਰਾਂ ਦੀ ਹੌਂਸਲਾ ਅਫ਼ਜ਼ਾਈ ਸਮੇਂ ਦੀ ਲੋੜ ਹੈ।ਮੰਚ ਸੰਚਾਲਨ ਬਲਜੀਤ ਕੌਰ ਰਿਆੜ ਨੇ ਕੀਤਾ।ਉਹਨਾਂ ਲੇਖਿਕਾ ਦੀ ਰਚਨਾ ਬਾਰੇ ਚਰਚਾ ਕਰਦਿਆਂ ਕਿਹਾ ਉਹਨਾਂ ਦੀ ਰਚਨਾ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਨਾਰੀ ਦੇ ਦਾਇਰੇ ਤੋਂ ਪਾਰ ਫੈਲਦੀ ਕ੍ਰਿਤੀ ਹੈ।ਪ੍ਰੋਗਰਾਮ ਦੇ ਅੰਤ ਵਿੱਚ ਵਿਭਾਗ ਦੇ ਸਹਾਇਕ ਪ੍ਰੋਫ਼ੈਸਰ ਡਾ. ਰਾਜਵਿੰਦਰ ਕੌਰ ਨੇ ਸਮੂਹ ਹਾਜ਼ਰੀਨ ਦਾ ਧੰਨਵਾਦ ਕੀਤਾ।
ਇਸ ਰੂਬਰੂ ਪ੍ਰੋਗਰਾਮ ਵਿੱਚ ਫਿਲਮ ਅਤੇ ਰੰਗਮੰਚ ਨਾਲ ਸਬੰਧਿਤ ਹਸਤੀ ਸ੍ਰੀਮਤੀ ਸੀਮਾ, ਇਤਿਹਾਸ ਵਿਭਾਗ ਦੇ ਮੁਖੀ ਡਾ. ਮਨੂੰ ਸ਼ਰਮਾ, ਸ੍ਰੀਮਤੀ ਰੂਪ ਦਵਿੰਦਰ ਦੇ ਪਤੀ ਸੰਨੀ, ਉਹਨਾਂ ਦੀ ਬੇਟੀ ਪ੍ਰਿਆਦੀਪ ਕੌਰ, ਸ੍ਰੀਮਤੀ ਅਵਿਨਾਸ਼, ਡਾ. ਜਸਪਾਲ ਸਿੰਘ, ਡਾ. ਹਰਿੰਦਰ ਸਿੰਘ ਤੁੜ, ਡਾ. ਕੰਵਲਦੀਪ ਕੌਰ, ਡਾ. ਕੰਵਲਜੀਤ ਕੌਰ, ਡਾ. ਅੰਜੂ, ਡਾ. ਅਸ਼ੋਕ ਭਗਤ, ਡਾ. ਚੰਦਨਪ੍ਰੀਤ ਸਿੰਘ ਅਤੇ ਵੱਡੀ ਗਿਣਤੀ ‘ਚ ਖੋਜ਼-ਵਿਦਿਆਰਥੀ ਅਤੇ ਵਿਦਿਆਰਥੀ ਹਾਜ਼ਰ ਸਨ।

Check Also

ਖਾਲਸਾ ਕਾਲਜ ਵਿਖੇ ਵਾਤਾਵਰਣ ਸੰਭਾਲ ਅਤੇ ਸਥਿਰਤਾ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 7 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੀ ਫਲੋਰਾ ਐਂਡ ਫੌਨਾ ਸੋਸਾਇਟੀ ਵੱਲੋਂ …