Friday, March 28, 2025

ਇਨਕਲਾਬੀ ਪੰਜਾਬੀ ਰੰਗ ਮੰਚ ਦੀ ਮੋਢੀ ਅਦਾਕਾਰਾ ਕੈਲਾਸ਼ ਕੌਰ ਦਾ ਯਾਦਗਾਰੀ ਸਮਾਗਮ 15 ਮਾਰਚ ਨੂੰ

ਅੰਮ੍ਰਿਤਸਰ, 13 ਮਾਰਚ (ਦੀਪ ਦਵਿੰਦਰ ਸਿੰਘ) – ਗੁਰਸ਼ਰਨ ਸਿੰਘ ਲੋਕ ਕਲਾ ਸਲਾਮ ਕਾਫ਼ਲਾ ਵਲੋਂ ਪ੍ਰਸਿੱਧ ਨਾਟਕਕਾਰ ਗੁਰਸ਼ਰਨ ਭਾਅ ਜੀ ਦੀ ਜੀਵਨ ਸਾਥਣ ਅਤੇ ਇਨਕਲਾਬੀ ਪੰਜਾਬੀ ਰੰਗਮੰਚ ਦੀ ਨਾਮਵਰ ਮੋਢੀ ਅਦਾਕਾਰਾ ਸ੍ਰੀਮਤੀ ਕੈਲਾਸ਼ ਕੌਰ ਦੀ ਯਾਦ ਵਿੱਚ 15 ਮਾਰਚ ਸ਼ਨੀਵਾਰ ਨੂੰ ਸਵੇਰੇ 11.00 ਵਜੇ ਇੱਕ ਸਲਾਮ ਮਿਲਣੀ ਸਮਾਗਮ ਗੁਰਸ਼ਰਨ ਭਾਅ ਜੀ ਦੇ ਅੰਮ੍ਰਿਤਸਰ ਸਥਿਤ ਜੱਦੀ ਘਰ ਗੁਰੂ ਖਾਲਸਾ ਨਿਵਾਸ ਨਜ਼ਦੀਕ ਗੰਗਾ ਬਿਲਡਿੰਗ ਰਣਜੀਤ ਪੁਰਾ ਵਿਖੇ ਕੀਤਾ ਜਾਵੇਗਾ।
ਸਲਾਮ ਕਾਫ਼ਲਾ ਦੇ ਆਗੂਆਂ ਜਸਪਾਲ ਜੱਸੀ, ਡਾ. ਪਰਮਿੰਦਰ, ਅਮੋਲਕ ਸਿੰਘ ਅਤੇ ਪਾਵੇਲ ਕੁੱਸਾ ਨੇ ਦੱਸਿਆ ਕਿ ਉਘੇ ਨਾਟਕਕਾਰ ਡਾ. ਸਵਰਾਜਬੀਰ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਦਵਾਨ ਡਾ. ਜਸਪਾਲ ਕੌਰ ਦਿਓਲ ਅਤੇ ਜਮਹੂਰੀ ਅਧਿਕਾਰਾਂ ਦੇ ਚਿੰਤਕ ਡਾ. ਨਵਸ਼ਰਨ, ਸ੍ਰੀਮਤੀ ਕੈਲਾਸ਼ ਕੌਰ ਵਲੋਂ ਪੰਜ ਦਹਾਕੇ ਇਨਕਲਾਬੀ ਪੰਜਾਬੀ ਰੰਗ ਮੰਚ ਤੇ ਲੋਕ ਪੱਖੀ ਸਮਾਜਿਕ ਤਬਦੀਲੀ ਦੇ ਖੇਤਰ ਵਿੱਚ ਪਾਏ ਵਡਮੁੱਲੇ ਯੋਗਦਾਨ ਅਤੇ ਉਨ੍ਹਾਂ ਦੀ ਬਹੁਪੱਖੀ ਕਲਾਤਮਿਕ ਸ਼ਖ਼ਸ਼ੀਅਤ ਬਾਰੇ ਵਿਸਥਾਰ ਵਿੱਚ ਚਰਚਾ ਕਰਨਗੇ।
ਮੰਚ ਰੰਗ ਮੰਚ ਅੰਮ੍ਰਿਤਸਰ ਦੀ ਟੀਮ ਵਲੋਂ ਸ਼਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਦੀ ਨਿਰਦੇਸ਼ਨਾ ਹੇਠ ਕੈਲਾਸ਼ ਕੌਰ ਦੇ ਪੰਜਾਬੀ ਰੰਗ ਮੰਚ ਦੀਆਂ ਵੰਨ ਸੁਵੰਨੀਆਂ ਯਾਦਾਂ ਦੀ ਕਲਾਤਮਿਕ ਪੇਸ਼ਕਾਰੀ ਕੀਤੀ ਜਾਵੇਗੀ। ਸਮਾਗਮ ਨੂੰ ਸਫ਼ਲ ਬਣਾਉਣ ਲਈ ਡਾ. ਪਰਮਿੰਦਰ, ਸ਼਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ, ਤਰਕਸ਼ੀਲ ਆਗੂ ਸੁਮੀਤ ਅੰਮ੍ਰਿਤਸਰ ਅਤੇ ਐਡਵੋਕੇਟ ਅਮਰਜੀਤ ਬਾਈ ਵੱਲੋਂ ਸਥਾਨਕ ਪ੍ਰਬੰਧਾਂ ਦੀ ਦੇਖ-ਰੇਖ ਲਈ ਅੱਜ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਇਸ ਸਮਾਗਮ ਵਿੱਚ ਨਾਟਕਕਾਰ ਜੋੜੀ ਦੀ ਇਨਕਲਾਬੀ ਰੰਗ ਮੰਚ ਦੀ ਵਿਰਾਸਤ ਅਤੇ ਲੋਕ ਦੋਖੀ ਰਾਜ ਪ੍ਰਬੰਧ ਨੂੰ ਬਦਲਣ ਦੇ ਅਹਿਦ ਨੂੰ ਲੋਕ ਪੱਖੀ ਸੰਘਰਸ਼ਸ਼ੀਲ ਲਹਿਰਾਂ ਰਾਹੀਂ ਅੱਗੇ ਲਿਜਾਣ ਵਾਲੇ ਕਿਸਾਨ, ਮਜ਼ਦੂਰ, ਰੰਗਕਰਮੀ, ਲੇਖਕ, ਔਰਤਾਂ, ਜਮਹੂਰੀ ਅਧਿਕਾਰਾਂ ਦੇ ਕਾਰਕੁੰਨ, ਤਰਕਸ਼ੀਲ, ਵਿਦਿਆਰਥੀ, ਅਧਿਆਪਕ, ਮੁਲਾਜ਼ਮ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਤੇ ਸਕੇ-ਸੰਬੰਧੀ ਆਦਿ ਵੱਡੀ ਗਿਣਤੀ ‘ਚ ਸ਼ਾਮਲ ਹੋਣਗੇ।

Check Also

ਖ਼ਾਲਸਾ ਕਾਲਜ ਵੈਟਰਨਰੀ ਵਿਖੇ ਪਲੇਸਮੈਂਟ ਡਰਾਈਵ ਕਰਵਾਈ ਗਈ

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵਿਖੇ ਬਾਵਿਆ …