ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਫ਼ਾਰ ਵੂਮੈਨ ਵਿਖੇ ਫ਼ੈਸ਼ਨ ਡਿਜ਼ਾਇਨਿੰਗ ਵਿਭਾਗ ਵੱਲੋਂ ‘ਮਿਰਾਜ-3’ ਵਿਸ਼ੇ ’ਤੇ ਫ਼ੈਸ਼ਨ ਸ਼ੋਅ ਕਰਵਾਇਆ ਗਿਆ।ਖ਼ਾਲਸਾ ਯੂਨੀਵਰਸਿਟੀ ਦੇ ਅਕਾਦਮਿਕ ਡੀਨ ਡਾ. ਸੁਰਿੰਦਰ ਕੌਰ ਦੇ ਸਹਿਯੋਗ ਨਾਲ ਕਰਵਾਏ ਗਏ ਫ਼ੈਸ਼ਨ ਸ਼ੋਅ ਮੌਕੇ ਲਿਟਲ ਫ਼ਲਾਵਰ ਸਕੂਲ ਤੋਂ ਡਾਇਰੈਕਟਰ ਸ੍ਰੀਮਤੀ ਤਜਿੰਦਰ ਕੌਰ ਛੀਨਾ ਨੇ ਮੁੱਖ ਮਹਿਮਾਨ ਅਤੇ ਫੈਸ਼ਨ ਡਿਜ਼ਾਇਨਰ ਡਾ. ਨਿਮਰਤ ਕਾਹਲੋਂ, ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਮੈਂਬਰ ਡਾ. ਸੁਖਬੀਰ ਕੌਰ ਮਾਹਲ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਿਨ੍ਹਾਂ ਨੇ ਫ਼ੈਸ਼ਨ ਸ਼ੋਅ ਦਾ ਆਗਾਜ਼ ਸ਼ਮਾਂ ਰੌਸ਼ਨ ਕਰ ਕੇ ਕੀਤਾ।
ਇਸ ਤੋਂ ਪਹਿਲਾਂ ਡਾ. ਸੁਰਿੰਦਰ ਕੌਰ ਨੇ ਵਿਭਾਗ ਮੁਖੀ ਸ੍ਰੀਮਤੀ ਸ਼ਰੀਨਾ ਮਹਾਜਨ ਨਾਲ ਮਿਲ ਕੇ ਆਏ ਮਹਿਮਾਨਾਂ ਨੂੰ ਪੌਦਾ ਭੇਂਟ ਕਰ ਕੇ ‘ਜੀ ਆਇਆਂ’ ਕਿਹਾ ਅਤੇ ਫ਼ੈਸ਼ਨ ਸ਼ੋਅ ਨੂੰ ਕਰਵਾਉਣ ਲਈ ਵਿਭਾਗ ਅਤੇ ਵਿਦਿਆਰਥਣਾਂ ਦੀ ਮਿਹਨਤ ਦੀ ਸ਼ਲਾਘਾ ਕੀਤੀ।ਉਨ੍ਹਾਂ ਕਿਹਾ ਕਿ ਕਾਲਜ ਵਿਦਿਆਰਥਣਾਂ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਹੈ, ਇਸ ਲਈ ਵਿਦਿਆਰਥਣਾਂ ਦੀ ਪ੍ਰਤਿਭਾ ਨੂੰ ਉਭਾਰਣ ਲਈ ਇਸ ਫ਼ੈਸ਼ਨ ਸ਼ੋਅ ਦਾ ਆਯੋਜਨ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਸ਼ੋਅ ’ਚ ਬਲੈਕ ਗਾਊਨ ਰਾਊਂਡ, ਸਾੜ੍ਹੀ ਰਾਊਂਡ, ਕਾਲਜ ਤੋਂ ਫਿਲਰ (ਹਰਪ੍ਰੀਤ ਅਤੇ ਹਰਸ਼), ਸੀਮਲੇਸ ਰਾਊਂਡ, ਟਿਊਨਿਕ ਰਾਊਂਡ, ਫਿਲਰ ਸਟੂਡੈਂਟਸ ਸੂਟ, ਕਿਡਸਵੇਅਰ ਰਾਊਂਡ, ਫੁਲਕਾਰੀ ਰਾਊਂਡ, ਲਹਿੰਗਾ ਰਾਊਂਡ ਅਤੇ ਸੋਲੋ ਡਾਂਸ ਆਦਿ ਕਰਵਾਏ ਗਏ।
ਸ੍ਰੀਮਤੀ ਛੀਨਾ ਨੇ ਕਿਹਾ ਕਿ ਅਜਿਹੇ ਪ੍ਰੋਗਰਾਮ ਵਿਦਿਆਰਥਣਾਂ ਨੂੰ ਹੁਨਰ ਨਿਖਾਰਣ ਦੇ ਨਾਲ-ਨਾਲ ਰੋਜ਼ਗਾਰ ਦੇ ਜ਼ਰੀਆ ਵੀ ਬਣਦੇ ਹਨ।ਉਨ੍ਹਾਂ ਕਿਹਾ ਕਿ ਸ਼ੋਅ ਦੌਰਾਨ ਕਈ ਵਿਦਿਆਰਥਣਾਂ ਵਲੋਂ ਖ਼ੁਦ ਹੀ ਪਹਿਰਾਵੇ ਨੂੰ ਤਿਆਰ ਕੀਤਾ ਗਿਆ ਸੀ, ਜੋ ਕਿ ਬਹੁਤ ਹੀ ਖੁਸ਼ੀ ਅਤੇ ਕਾਬਲੀਅਤ ਨੂੰ ਉਭਾਰਣ ਵਾਲੀ ਗੱਲ ਹੈ।ਉਨ੍ਹਾਂ ਨੇ ਵਿਦਿਆਰਥਣਾਂ ਨੂੰ ਪੜ੍ਹਾਈ ਦੇ ਨਾਲ-ਨਾਲ ਉਕਤ ਪ੍ਰੋਗਰਾਮਾਂ ਦਾ ਹਿੱਸਾ ਬਣ ਕੇ ਕੱਪੜਿਆਂ ਦੇ ਖੂਬਸੂਰਤ ਡਿਜ਼ਾਇਨ ਤਿਆਰ ਕਰਕੇ ਆਮਦਨ ਦਾ ਸਾਧਨ ਬਣਾਉਣ ਲਈ ਉਤਸ਼ਾਹਿਤ ਕੀਤਾ।ਡਾ. ਕਾਹਲੋਂ ਅਤੇ ਡਾ. ਮਾਹਲ ਨੇ ਵੀ ਆਪਣੇ ਜੀਵਨ ਦੇ ਤਜ਼ਰਬੇ ਅਤੇ ਸੰਘਰਸ਼ ਸਬੰਧੀ ਦੱਸਦਿਆਂ ਕਿਹਾ ਕਿ ਅੱਜ ਦੇ ਆਧੁਨਿਕ ਯੁੱਗ ’ਚ ਕਾਮਯਾਬੀ ਲਈ ਬਹੁਤ ਹੀ ਸਾਧਨ ਮੁਹੱਈਆ ਹੋ ਚੁੱਕੇ ਹਨ ਅਤੇ ਬੱਚਿਆਂ ਨੂੰ ਚਾਹੀਦਾ ਹੈ ਕਿ ਉਹ ਇਨ੍ਹਾਂ ਸਾਧਨਾਂ ਦਾ ਫ਼ਾਇਦਾ ਆਪਣੇ ਭਵਿੱਖ ਨੂੰ ਸੰਵਰਨ ਲਈ ਲੈਣ ਨਾ ਕਿ ਬੇਵਜ੍ਹਾ ਆਪਣਾ ਸਮਾਂ ਬਰਬਾਦ ਕਰਨ।
ਫ਼ੈਸ਼ਨ ਲੇਬਲ ਸਟੂਡੀਓ ਦੀ ਸੰਸਥਾਪਕ ਫ਼ਿੱਕੀ ਫਲੋ ਦੀ ਸਾਬਕਾ ਚੇਅਰਪਰਸਨ ਅਤੇ ਅਤੇ ਪ੍ਰਤਿਭਾਸ਼ਾਲੀ ਫ਼ੈਸ਼ਨ ਡਿਜ਼ਾਈਨਰ ਸ੍ਰੀਮਤੀ ਹਿਮਾਨੀ ਅਰੋੜਾ, ਮਸ਼ਹੂਰ ਮੇਕਅੱਪ ਆਰਟਿਸਟ ਤੇ ਅਦਾਕਾਰਾ ਸ੍ਰੀਮਤੀ ਰਵਨੀਤ ਕਪੂਰ ਨੇ ਜੱਜ ਦੀ ਭੂਮਿਕਾ ਨਿਭਾਈ।ਸ੍ਰੀਮਤੀ ਛੀਨਾ, ਡਾ. ਸੁਰਿੰਦਰ ਕੌਰ ਵਲੋਂ ਜੇਤੂ ਵਿਦਿਆਰਥਣਾਂ ਨੂੰ ਇਨਾਮ ਤਕਸੀਮ ਕਰਨ ਤੋਂ ਇਲਾਵਾ ਜੱਜਾਂ ਨੂੰ ਵੀ ਸਨਮਾਨਿਤ ਕੀਤਾ ਗਿਆ।ਰਿਦਮਿਕ ਫੀਟ ਡਾਂਸ ਅਕਾਦਮੀ ਅਤੇ ਫੋਕ ਪੰਜਾਬ ਭੰਗੜਾ ਅਕਾਦਮੀ ਜਲੰਧਰ ਦੇ ਬੱਚਿਆਂ ਵੱਲੋਂ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ।
ਇਸ ਮੌਕੇ ਡਾ. ਰਮਿੰਦਰ ਕੌਰ, ਡਾ. ਸ਼ਿਖ਼ਾ ਬਾਗੀ, ਸ੍ਰੀਮਤੀ ਮੀਨਾ ਆਦਿ ਤੋਂ ਇਲਾਵਾ ਹੋਰ ਸਟਾਫ਼ ਤੇ ਵਿਦਿਆਰਥਣਾਂ ਹਾਜ਼ਰ ਸਨ।
Check Also
ਖ਼ਾਲਸਾ ਕਾਲਜ ਵੈਟਰਨਰੀ ਵਿਖੇ ਪਲੇਸਮੈਂਟ ਡਰਾਈਵ ਕਰਵਾਈ ਗਈ
ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵਿਖੇ ਬਾਵਿਆ …