Tuesday, April 22, 2025

ਖ਼ਾਲਸਾ ਕਾਲਜ ਵੈਟਰਨਰੀ ਵਿਖੇ ਸਹੁੰ ਚੁੱਕ ਸਮਾਗਮ ਕਰਵਾਇਆ ਗਿਆ

ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਜਾਨਵਰਾਂ ਅਤੇ ਜੀਵਾਂ ਦੀ ਸੇਵਾ ਕਰਨ ਦੇ ਨਾਲ-ਨਾਲ ਜ਼ਿੰਦਗੀ ਭਰ ਦੀ ਰੋਜ਼ੀ-ਰੋਟੀ ਕਮਾਉਣ ’ਚ ਸਹਾਇਤਾ ਕਰਨ ਵਾਲੀ ਵੈਟਰਨਰੀ ਦੀ ਸਭ ਤੋਂ ਵਧੀਆ ਪ੍ਰੋਫੈਸ਼ਨਲ ਡਿਗਰੀ ਹੈ। ਇਹ ਪ੍ਰਗਟਾਵਾ ਮੁੱਖ ਮਹਿਮਾਨ ਵਜੋਂ ਪੁਜੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਫ਼ਾਇਨਾਂਸ ਸਕੱਤਰ ਗੁਨਬੀਰ ਸਿੰਘ ਨੇ ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵਿਖੇ 2019 ’ਚ ਦਾਖਲ ਹੋਏ 53 ਪਾਸਿੰਗ ਆਊਟ ਵੈਟਰਨਰੀ ਗ੍ਰੈਜੂਏਟਾਂ ਦੇ ਸਹੁੰ ਚੁੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ।ਉਨ੍ਹਾਂ ਕਿਹਾ ਕਿ ਇਹ ਉਹ ਸਮਾਂ ਹੁੰਦਾ ਹੈ, ਜਦੋਂ ਵਿਦਿਆਰਥੀ ਪੇਂਡੂ ਕਿਸਾਨਾਂ ਦੀ ਉਨ੍ਹਾਂ ਦੇ ਪਸ਼ੂਆਂ ਨੂੰ ਸਿਹਤਮੰਦ ਰੱਖ ਕੇ ਸਹਾਇਤਾ ਕਰ ਸਕਦੇ ਹਨ।ਉਨ੍ਹਾਂ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਦਿਆਂ ਕਿਹਾ ਕਿ ਪਾਲਤੂ ਤੋਂ ਲੈ ਕੇ ਜੰਗਲੀ ਜਾਨਵਰਾਂ, ਮੱਛੀਆਂ ਆਦਿ ਸਮੇਤ ਕਈ ਤਰ੍ਹਾਂ ਦੇ ਜਾਨਵਰਾਂ ਦਾ ਇਲਾਜ਼ ਜਰੂਰੀ ਹੁੰਦਾ ਹੈ।ਇਸ ਪ੍ਰੋਗਰਮ ਦੀ ਅਗਵਾਈ ਕਰਦਿਆਂ ਕਾਲਜ ਪ੍ਰਿੰਸੀਪਲ ਡਾ. ਹਰੀਸ਼ ਕੁਮਾਰ ਵਰਮਾ ਨੇ ਪਾਸਿੰਗ ਆਊਟ ਗ੍ਰੈਜੂੂਏਟਾਂ ਨੂੰ ਵੈਟਰਨਰੀ ਦੀ ਸਹੁੰ ਚੁੱਕਾਈ ਅਤੇ ਉਨ੍ਹਾਂ ਨੂੰ ਵੈਟਰਨਰੀ ਨੈਤਿਕਤਾ ਦੇ ਸਿਧਾਂਤਾਂ ਦੇ ਅਨੁਸਾਰ ਵੈਟਰਨਰੀ ਅਭਿਆਸ ਨੂੰ ਯਕੀਨੀ ਬਣਾਉਣ ਲਈ ਪ੍ਰੇਰਿਤ ਕੀਤਾ।
ਮੈਨੇਜ਼ਿੰਗ ਡਾਇਰੈਕਟਰ ਡਾ. ਐਸ.ਕੇ ਨਾਗਪਾਲ ਨੇ ਨਵੇਂ ਵੈਟਰਨਰੀ ਡਾਕਟਰਾਂ ਨੂੰ ਬੇਜ਼ੁਬਾਨ ਜੀਵਾਂ ਦੀ ਸੇਵਾ ਕਰਦੇ ਹੋਏ ਇਮਾਨਦਾਰੀ ਨਾਲ ਕੰਮ ਕਰਨ ਦੀ ਸਲਾਹ ਦਿੱਤੀ।ਡਾ. ਪੀ.ਐਸ ਮਾਵੀ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ।
ਗੁਨਬੀਰ ਸਿੰਘ ਨੇ ਵੈਟਰਨਰੀ ਗ੍ਰੈਜੂਏਟਾਂ ਨੂੰ ਵਧਾਈ ਦਿੰਦਿਆਂ ਭਵਿੱਖ ’ਚ ਸਫਲਤਾ ਲਈ ਕਾਮਨਾ ਕੀਤੀ।ਉਨ੍ਹਾਂ ਕਿਹਾ ਕਿ ਪਸ਼ੂਆਂ ਦੇ ਡਾਕਟਰ ਵਨ ਹੈਲਥ ਪ੍ਰੋਗਰਾਮ ਅਤੇ ਐਂਟੀਮਾਈਕਰੋਬਾਇਲ ਪ੍ਰਤੀਰੋਧ ਦੀ ਸਫਲਤਾ ਅਤੇ ਜਾਨਵਰਾਂ ਦੀ ਉਤਪਾਦਕਤਾ ਨੂੰ ਵਧਾਉਣ ਦੇ ਨਾਲ-ਨਾਲ ਉਨ੍ਹਾਂ ਨੂੰ ਸਿਹਤਮੰਦ ਰੱਖਣ ਲਈ ਸਭ ਤੋਂ ਮਹੱਤਵਪੂਰਨ ਯੋਗਦਾਨ ਪਾਉਂਦੇ ਹਨ।ਉਨ੍ਹਾਂ ਕਿਹਾ ਕਿ ਦੁੱਧ ਉਤਪਾਦਨ ’ਚ ਨੰਬਰ ਇਕ ਸਥਾਨ ਛੋਟੇ, ਭੂਮੀਹੀਣ ਅਤੇ ਦਰਮਿਆਨੇ ਕਿਸਾਨਾਂ ਦਾ ਹੈ। ਇਸ ਲਈ ਵੈਟਰਨਰੀ ਡਾਕਟਰਾਂ ਦਾ ਫਰਜ਼ ਹੈ ਕਿ ਉਹ ਉਨ੍ਹਾਂ ਨੂੰ ਤਕਨਾਲੋਜੀਆਂ, ਗਿਆਨ ਅੱਪਡੇਟ ਅਤੇ ਸਮੇਂ ਸਿਰ ਸਲਾਹ ਦੇ ਕੇ ਜਾਨਵਰਾਂ ਦੀ ਉਤਪਾਦਕਤਾ ਵਧਾਉਣ ਲਈ ਉਨ੍ਹਾਂ ਨੂੰ ਸਹਿਯੋਗ ਦੇਣ।
ਗੁਨਬੀਰ ਸਿੰਘ ਨੇ ਐਲ.ਪੀ.ਟੀ ਵਿਭਾਗ ਵਲੋਂ ਡਾ. ਵੀ.ਵੀ ਕੁਲਕਰਨੀ ਦੀ ਅਗਵਾਈ ਹੇਠ ਵਿਕਸਿਤ ਕੀਤਾ ਗਿਆ।ਜ਼ਖ਼ਮ ਭਰਨ ਵਾਲਾ ਮਲ੍ਹਮ ‘ਰੈਪੀਡੋਹੀਲ’ ਜਾਰੀ ਕੀਤਾ।ਜਿਸ ਨਾਲ ਜਾਨਵਰਾਂ ਦੇ ਜ਼ਖ਼ਮਾਂ ਦਾ ਇਲਾਜ਼ ਕੀਤਾ ਜਾ ਸਕਦੀ ਹੈ।ਵਿਦਿਆਰਥੀਆਂ ਨੇ ਕਾਲਜ ’ਚ ਬਿਤਾਏ ਆਪਣੇ ਅਨੁਭਵ ਸਾਂਝੇ ਕੀਤੇ।ਕਾਲਜ ਦੇ ਈਕੋ ਕਲੱਬ ਨੇ ਸੰਸਥਾ ਨੂੰ ਹਰਿਆ-ਭਰਿਆ ਬਣਾਉਣ ਲਈ 40 ਪੌਦੇ ਦਾਨ ਕੀਤੇ।ਕੌਂਸਲ ਦੇ ਜੁਆਇੰਟ ਸਕੱਤਰ ਪਰਮਜੀਤ ਸਿੰਘ ਬੱਲ, ਖ਼ਾਲਸਾ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਖੁਸ਼ਵਿੰਦਰ ਕੁਮਾਰ, ਐਸੋਸੀਏਟ ਪ੍ਰੋਫੈਸਰ ਡਾ. ਨਿਤਾਸ਼ਾ ਸੰਬਿਆਲ ਤੋਂ ਇਲਾਵਾ ਹੋਰ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।
ਇਸ ਮੌਕੇ ਯੂਨੀਵਰਸਿਟੀ ’ਚ ਸਭ ਤੋਂ ਵਧ ਓ.ਸੀ.ਪੀ.ਏ ਪ੍ਰਾਪਤ ਕਰਨ ਵਾਲੇ ਬੈਚ ਦੇ ਟਾਪਰ ਡਾ. ਹਰਸ਼ ਗੁਪਤਾ ਨੂੰ ਗੋਲਡ ਮੈਡਲ ਅਤੇ ਡਾ. ਨਿਕਿਤਾ ਸ਼ਰਮਾ, ਜਿਨ੍ਹਾਂ ਨੇ ਦੂਜਾ ਸਭ ਤੋਂ ਵੱਧ ਓ.ਸੀ.ਪੀ.ਏ ਪ੍ਰਾਪਤ ਕੀਤਾ, ਉਸ ਨੂੰ ਵੀ ਗੋਲਡ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ।

Check Also

ਜਥੇਦਾਰ ਦੀ ਨਿਯੁੱਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਲਈ ਸੁਝਾਵਾਂ ਦੇ ਸਮੇਂ ਵਿੱਚ 20 ਮਈ ਤੱਕ ਕੀਤਾ ਵਾਧਾ

ਅੰਮ੍ਰਿਤਸਰ, 21 ਅਪ੍ਰੈਲ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ …