Wednesday, March 26, 2025
Breaking News

ਖ਼ਾਲਸਾ ਕਾਲਜ ਵਿਖੇ ਪਰਵਾਸੀ ਪੰਜਾਬੀ ਕਵੀਆਂ ਦਾ ਕਵੀ ਦਰਬਾਰ ਕਰਵਾਇਆ

ਅੰਮ੍ਰਿਤਸਰ, 21 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਪੰਜਾਬੀ ਅਧਿਐਨ ਵਿਭਾਗ, ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ, ਭਾਸ਼ਾ ਵਿਭਾਗ ਪੰਜਾਬ ਅਤੇ ਪੰਜਾਬੀ ਅਕਾਦਮੀ ਅੰਮ੍ਰਿਤਸਰ ਵਲੋਂ ਪੂਰੇ ਪੰਜਾਬ ’ਚ ਚੱਲ ਰਹੇ ਪੰਜਾਬ ਨਵ ਸਿਰਜਣਾ ਪ੍ਰੋਗਰਾਮਾਂ ਦੀ ਲੜੀ ਦੇ ਚੱਲਦਿਆਂ ‘ਮਨੁ ਪਰਦੇਸੀ ਜੇ ਥੀਐ’ ਵਿਸ਼ੇ ’ਤੇ ਪਰਵਾਸੀ ਪੰਜਾਬੀ ਕਵੀਆਂ ਦਾ ਕਵੀ ਦਰਬਾਰ ਕਰਵਾਇਆ ਗਿਆ।ਕਾਲਜ ਦੇ ਕਾਰਜ਼ਕਾਰੀ ਪ੍ਰਿੰਸੀਪਲ ਡਾ. ਅਰਵਿੰਦਰ ਕੌਰ ਕਾਹਲੋਂ ਦੀ ਅਗਵਾਈ ਅਧੀਨ ਕਰਵਾਏ ਸਮਾਗਮ ਦਾ ਆਗਾਜ਼ ਵਿਭਾਗ ਮੁਖੀ ਡਾ. ਆਤਮ ਸਿੰਘ ਰੰਧਾਵਾ ਅਤੇ ਸਮੂਹ ਸਟਾਫ਼ ਵੱਲੋਂ ਆਈਆਂ ਹੋਈਆਂ ਸ਼ਖ਼ਸੀਅਤਾਂ ਨੂੰ ਫੁੱਲ੍ਹਾਂ ਦੇ ਗੁਲਦਸਤੇ ਭੇਂਟ ਕਰਦਿਆਂ ਸਵਾਗਤ ਕੀਤਾ ਗਿਆ।
ਡਾ. ਰੰਧਾਵਾ ਨੇ ਕਿਹਾ ਕਿ ਪਰਵਾਸ ਧਾਰਨ ਕਰ ਚੁੱਕੇ ਪੰਜਾਬੀ ਵਸਨੀਕਾਂ ਦੇ ਮਨ ਅੰਦਰ ਆਪਣੇ ਮੁਲਕ, ਕੌਮ ਅਤੇ ਵਿਰਸੇ ਪ੍ਰਤੀ ਕਈ ਤਰ੍ਹਾਂ ਦੀਆਂ ਵੇਦਨਾਵਾਂ ਪੈਦਾ ਹੁੰਦੀਆਂ ਰਹਿੰਦੀਆਂ ਹਨ, ਜੋ ਬਾਰ-ਬਾਰ ਉਨ੍ਹਾਂ ਨੂੰ ਆਪਣੇ ਲੋਕਾਂ ਦੀ ਯਾਦ ਦਿਵਾਉਂਦੀਆਂ ਹਨ।ਉਨ੍ਹਾਂ ਕਿਹਾ ਕਿ ਇਕੱਲਤਾ ਦੇ ਮਾਹੌਲ ’ਚ ਆਪਣੇ ਮਨ ਦੇ ਭਾਵਾਂ ਨੂੰ ਆਪਣੇ ਲੋਕਾਂ ਨਾਲ ਸਾਂਝਿਆਂ ਕਰਨ ਦੇ ਉਦੇਸ਼ ਵਜੋਂ ਇਹ ਖਾਸ ਕਿਸਮ ਦਾ ਸਮਾਗਮ ਰਚਾਇਆ ਗਿਆ ਹੈ।ਇਸ ’ਚ ਵੱਖ-ਵੱਖ ਮੁਲਕਾਂ ’ਚ ਰਹਿ ਰਹੇ ਪੰਜਾਬੀ ਦੇ ਸ਼ਾਇਰ ਆਪਣਾ ਕਲਾਮ ਪੇਸ਼ ਕਰਨਗੇ।
ਸਮਾਗਮ ’ਚ ਮੁੱਖ ਮਹਿਮਾਨ ਵਜੋਂ ਪੁੱਜੇ ਪੰਜਾਬੀ ਸਾਹਿਤ ਜਗਤ ਦੇ ਪ੍ਰਸਿੱਧ ਕਹਾਣੀਕਾਰ ਡਾ. ਵਰਿਆਮ ਸਿੰਘ ਸੰਧੂ ਨੇ ਪ੍ਰਧਾਨਗੀ ਕਰਦਿਆਂ ਪਰਵਾਸ ਧਾਰਨ ਕਰਨ ਦੇ ਅਨੁਭਵਾਂ ਨੂੰ ਸਾਂਝਾ ਕੀਤਾ।ਆਪਣੇ ਸ਼ੁਰੂਆਤੀ ਸਾਹਿਤਕ ਅਨੁਭਵਾਂ ਬਾਰੇ ਗੱਲ ਕਰਦਿਆਂ ਉਹਨਾਂ ਨੇ ਵਿਦਿਆਰਥੀਆਂ ਨੂੰ ਸਾਹਿਤ ਨਾਲ ਜੁੜਨ ਅਤੇ ਸਾਹਿਤ ਰਚਨ ਲਈ ਪ੍ਰੇਰਿਤ ਕੀਤਾ।
ਜਸਵੰਤ ਸਿੰਘ ਜ਼ਫ਼ਰ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਨੇ ਕਿਹਾ ਕਿ ਪਰਦੇਸੀ ਸ਼ਾਇਰਾਂ ਦੀਆਂ ਵੇਦਨਾਵਾਂ ਦੀ ਪੇਸ਼ਕਾਰੀ ਇਹਨਾਂ ਕਵਿਤਾਵਾਂ ਵਿੱਚ ਹੋਈ ਮਿਲਦੀ ਹੈ।ਪਰਾਈ ਧਰਤੀ ’ਤੇ ਰਹਿ ਕੇ ਆਪਣੇ ਦੇਸ ਦੇ ਮੋਹ ਦੀ ਭਾਵਨਾ ਉਹਨਾਂ ਨੂੰ ਕਿਤੇ ਨਾ ਕਿਤੇ ਝੰਜੋੜਦੀ ਰਹਿੰਦੀ ਹੈ।ਇਸ ਸਮਾਗਮ ਰਾਹੀਂ ਆਪਣੇ ਲੋਕਾਂ ਨਾਲ ਆਪਣੇਪਨ ਦਾ ਅਹਿਸਾਸ ਉਹਨਾਂ ਨੂੰ ਆਪਣੀ ਸਾਂਝ ਦੇ ਅਹਿਸਾਸ ਨਾਲ ਜੋੜਦਾ ਹੈ।
ਵੱਖ-ਵੱਖ ਮੁਲਕਾਂ ਤੋਂ ਆਏ ਪਰਵਾਸੀ ਪੰਜਾਬੀ ਸ਼ਾਇਰ ਜਸਵਿੰਦਰ (ਕਨੇਡਾ), ਕੁਲਵਿੰਦਰ (ਅਮਰੀਕਾ), ਜਗਜੀਤ ਨੌਸ਼ਹਿਰਵੀ (ਅਮਰੀਕਾ), ਪ੍ਰੀਤ ਮਨਪ੍ਰੀਤ (ਕਨੇਡਾ), ਰਾਜਵੰਤ ਰਾਜ (ਕਨੇਡਾ) ਨੇ ਆਪਣੀਆਂ ਕਾਵਿ-ਰਚਨਾਵਾਂ ਰਾਹੀਂ ਮਾਹੌਲ ਨੂੰ ਖੁਸ਼ਗੁਆਰ ਬਣਾਇਆ।ਸਮਾਗਮ ਦੇ ਅੰਤ ‘ਤੇ ਆਏ ਹੋਏ ਮਹਿਮਾਨਾਂ ਨੂੰ ਕਾਲਜ ਦੇ ਸਨਮਾਨ ਚਿੰਨ੍ਹ ਨਾਲ ਸਨਮਾਨਿਤ ਕੀਤਾ ਗਿਆ।ਡਾ. ਹੀਰਾ ਸਿੰਘ ਨੇ ਉਚੇਚੇ ਤੌਰ ‘ਤੇ ਪਹੁੰਚੀਆਂ ਸਖ਼ਸ਼ੀਅਤਾਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ।ਅੰਮ੍ਰਿਤਸਰ ਦੀ ਪ੍ਰਸਿੱਧ ਸ਼ਾਇਰਾ ਅਰਤਿੰਦਰ ਸੰਧੂ ਅਤੇ ਕਹਾਣੀਕਾਰ ਦੀਪ ਦਵਿੰਦਰ ਸਿੰਘ ਵੀ ਉਚੇਚੇ ਤੌਰ ’ਤੇ ਪਹੁੰਚੇ।
ਇਸ ਮੌਕੇ ਪ੍ਰੋ. ਡਾ. ਪਰਮਿੰਦਰ ਸਿੰਘ, ਡਾ. ਕੁਲਦੀਪ ਸਿੰਘ, ਡਾ. ਦਯਾ ਸਿੰਘ, ਡਾ. ਜਸਬੀਰ ਸਿੰਘ, ਡਾ. ਨਵਜੋਤ ਕੌਰ, ਡਾ. ਅਮਨਦੀਪ ਕੌਰ, ਡਾ. ਗੁਰਪ੍ਰੀਤ ਸਿੰਘ, ਡਾ. ਮਨੀਸ਼ ਕੁਮਾਰ, ਡਾ. ਯਾਦਵਿੰਦਰ ਕੌਰ ਆਦਿ ਹਾਜ਼ਰ ਸਨ।

Check Also

ਸ਼ਹੀਦ ਭਗਤ ਸਿੰਘ ਸੁਖਦੇਵ ਰਾਜਗੁਰੂ ਜੀ ਦੇ ਸ਼ਹੀਦੀ ਦਿਹਾੜੇ ਸ਼ਰਧਾਂਜਲੀ ਭੇਟ

ਸੰਗਰੂਰ, 25 ਮਾਰਚ (ਜਗਸੀਰ ਲੌਂਗੋਵਾਲ) – ਸ਼ਹੀਦ ਭਗਤ ਸਿੰਘ ਸੁਖਦੇਵ ਰਾਜਗੁਰੂ ਜੀ ਦੇ ਸ਼ਹੀਦੀ ਦਿਹਾੜੇ …