ਅੰਮ੍ਰਿਤਸਰ, 24 ਮਾਰਚ (ਜਗਦੀਪ ਸਿੰਘ) – ਭਾਰਤ ਚੋਣ ਕਮਿਸ਼ਨ ਨਵੀਂ ਦਿੱਲੀ ਦੀਆਂ ਹਦਾਇਤਾ ਦੀ ਪਾਲਣਾ ਕਰਦੇ ਹੋਏ ਵਧੀਕ ਜਿਲ੍ਹਾ ਚੋਣ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ (ਜ) ਅੰਮ੍ਰਿਤਸਰ ਸ਼੍ਰੀਮਤੀ ਜੋਤੀ ਬਾਲਾ ਦੀ ਪ੍ਰਧਾਨਗੀ ਹੇਠ ਜਿਲ੍ਹੇ ਦੀਆਂ ਸਮੂਹ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਪ੍ਰਧਾਨ/ਸਕੱਤਰਾਂ ਨਾਲ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਅੰਮ੍ਰਿਤਸਰ ਵਿਖੇ ਵੋਟਰ ਸੂਚੀਆਂ, ਚੋਣਾਂ ਕਰਵਾਉਣ, ਬੂਥ ਲੈਵਲ ਏਜੰਟਾਂ ਦੀ ਨਿਯੁੱਕਤੀ, ਸ਼ਿਕਾਇਤਾਂ ਅਤੇ ਚੋਣਾਂ ਦੇ ਹੋਰ ਮੁਦਿਆਂ ‘ਤੇ ਮੀਟਿੰਗ ਕੀਤੀ ਗਈ।ਸ਼੍ਰੀਮਤੀ ਜੋਤੀ ਬਾਲਾ ਵਲੋਂ ਰਾਜਨੀਤਿਕ ਪਾਰਟੀਆਂ ਨੂੰ ਵੋਟਰ ਸੂਚੀ ਵਿੱਚ ਵੋਟਰਾਂ ਦੇ ਵੇਰਵਿਆਂ ਦੀ ਪੁਸ਼ਟੀ ਕਰਨ ਅਤੇ ਪਾਰਦਰਸ਼ਤਾ ਨੂੰ ਯਕੀਨੀ ਬਣਾਉਣ ਲਈ ਬੀ.ਐਲ.ਏ ਨਿਯੁੱਕਤ ਕਰਨ ਲਈ ਪ੍ਰੇਰਿਤ ਕੀਤਾ।ਇਸ ਤੋਂ ਇਲਾਵਾ ਉਹਨਾ ਵੱਲੋਂ ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀ ਦੀ ਲਗਾਤਾਰ ਸੁਧਾਈ ਲਈ ਹਰੇਕ ਸਾਲ ਵਿੱਚ 4 ਮੌਕੇ (1 ਜਨਵਰੀ, 1 ਅਪ੍ਰੈਲ, 1 ਜੁਲਾਈ, 1 ਅਕਤੂਬਰ) ਬਾਰੇ ਜਾਣਕਾਰੀ ਦਿੱਤੀ।ਵੋਟਰਾਂ ਦੀ ਰਜਿਸਟਰੇਸ਼ਨ, ਸੋਧ, ਪੋਲਿੰਗ ਸਟੇਸ਼ਨ ਦਾ ਪਤਾ ਲਗਾਉਣ ਲਈ ਭਾਰਤ ਚੋਣ ਕਮਿਸ਼ਨ ਵੱਲੋਂ ਚਲਾਈ ਗਈ ਵੋਟਰ ਹੈਲਪ ਲਾਈਨ ਐਪ ਬਾਰੇ ਵੀ ਸੂਚਿਤ ਕੀਤਾ ਗਿਆ।31 ਮਾਰਚ 2025 ਤੱਕ ਬੀ.ਐਲ.ਏ ਦੀਆਂ ਨਿਯੁੱਕਤੀਆਂ ਕਰਕੇ ਉਸ ਦੀਆਂ ਸੂਚੀਆਂ ਜਿਲ੍ਹਾ ਚੋਣ ਦਫ਼ਤਰ ਅੰਮ੍ਰਿਤਸਰ ਵਿਖੇ ਜ਼ਮਾ ਕਰਵਾਉਣ ਲਈ ਕਿਹਾ ਗਿਆ।ਕਿਸੇ ਕਿਸਮ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਦਫ਼ਤਰੀ ਸਮੇਂ ਦੌਰਾਨ ਟੋਲ ਫਰੀ ਨੰਬਰ 1950 ‘ਤੇ ਸੰਪਰਕ ਕਰਨ ਲਈ ਕਿਹਾ।
ਇਸ ਮੀਟਿੰਗ ਇੰਡੀਅਨ ਨੈਸ਼ਨਲ ਕਾਂਗਰਸ ਅੰਮ੍ਰਿਤਸਰ ਦਿਹਾਤੀ ਵੱਲੋਂ ਹਰਗੁਰਿੰਦਰ ਸਿੰਘ ਗਿੱਲ, ਭਾਰਤੀ ਜਨਤਾ ਪਾਰਟੀ ਅੰਮ੍ਰਿਤਸਰ ਸ਼ਹਿਰੀ ਸਤਪਾਲ ਡੋਗਰਾ, ਭਾਰਤੀ ਜੰਨਤਾ ਪਾਰਟੀ ਅੰਮ੍ਰਿਤਸਰ ਦਿਹਾਤੀ ਵਿਕਰਮ ਡੰਡੋਨਾ, ਬਹੁਜਨ ਸਮਾਜ ਪਾਰਟੀ ਅੰਮ੍ਰਿਤਸਰ ਦਿਹਾਤੀ, ਜਗਦੀਸ਼ ਦੁੱਗਲ ਬਹੁਜਨ ਸਮਾਜ ਪਾਰਟੀ ਅੰਮ੍ਰਿਤਸਰ ਸ਼ਹਿਰੀ ਵੱਲੋਂ ਤਾਰਾ ਚੰਦ ਭਗਤ, ਕਮਿਊਨਿਸਟ ਪਾਰਟੀ ਆਫ ਇੰਡੀਆ ਸੀ.ਪੀ.ਆਈ (ਐਮ) ਅੰਮ੍ਰਿਤਸਰ ਵੱਲੋਂ ਚਰਨਜੀਤ, ਆਮ ਆਦਮੀ ਪਾਰਟੀ ਸ਼ਹਿਰੀ ਅਤੇ ਦਿਹਾਤੀ ਵਲੋਂ ਕ੍ਰਮਵਾਰ ਮੁਖਵਿੰਦਰ ਸਿੰਘ ਵਿਰਦੀ ਅਤੇ ਸਰਬਜੀਤ ਸਿੰਘ ਹਾਜ਼ਰ ਸਨ।ਰਜਿੰਦਰ ਸਿੰਘ ਚੋਣ ਕਾਨੂੰਗੋ, ਅਰਮਿੰਦਰ ਪਾਲ ਸਿੰਘ ਚੋਣ ਕਾਨੂੰਗੋ, ਪਰਕੀਰਤ ਸਿੰਘ ਚੋਣ ਕਾਨੂੰਗੋ ਅਤੇ ਜਸਬੀਰ ਸਿੰਘ ਕਲਰਕ ਵੀ ਹਾਜ਼ਰ ਸਨ।