Wednesday, April 2, 2025
Breaking News

ਸਥਾਪਨਾ ਦਿਵਸ ਮੌਕੇ ਵਿਦਿਆਰਥੀਆਂ ਵੱਲੋਂ ਵਾਇਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਦਾ ਸਨਮਾਨ

ਅੰਮ੍ਰਿਤਸਰ, 29 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਦਾ ਵਿਸ਼ੇਸ਼ ਸਨਮਾਨ ਅੱਜ ਯੂਨੀਵਰਸਿਟੀ ਦੇ ਗੁਰਦੁਆਰਾ ਸਾਹਿਬ ਵੱਲੋਂ 39ਵੇਂ ਸਥਾਪਨਾ ਦਿਵਸ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮ ਤੋਂ ਪਹਿਲਾਂ ਚੱਲ ਰਹੇ ਕੀਰਤਨ ਸਮਾਗਮ ਦੌਰਾਨ ਕੀਤਾ ਗਿਆ।ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਨੇ ਅੱਜ ਯੂਨੀਵਰਸਿਟੀ ਦੇ ਚੱਲ ਰਹੇ ਇਸ ਸਮਾਗਮ ਵਿਚ ਹਾਜਰੀ ਭਰੀ ਅਤੇ ਮੱਥਾ ਟੇਕਣ ਉਪਰੰਤ ਕੀਰਤਨ ਸ੍ਰਵਣ ਕੀਤਾ।ਹਾਜ਼ਰ ਵਿਦਿਆਰਥੀ ਸੇਵਾਦਾਰਾਂ ਵੱਲੋਂ ਪ੍ਰੋ. ਕਰਮਜੀਤ ਸਿੰਘ ਦਾ ਵਿਸ਼ੇਸ਼ ਤੌਰ `ਤੇ ਸਨਮਾਨ ਕੀਤਾ ਗਿਆ। ਉਨ੍ਹਾਂ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ ਦੇ ਡਾਇਰੈਕਟਰ ਡਾ. ਅਮਰਜੀਤ ਸਿੰਘ, ਅਧਿਆਪਕ, ਸਟਾਫ ਮੈਂਬਰ ਤੋਂ ਇਲਾਵਾ ਸੰਗਤ ਵਿਚ ਵੱਡੀ ਗਿਣਤੀ ਵਿਚ ਵਿਦਿਆਰਥੀ ਹਾਜ਼ਰ ਸਨ। ਗੁਰਦੁਆਰਾ ਸਾਹਿਬ ਦੇ ਵਿਦਿਆਰਥੀ ਸੇਵਾਦਾਰਾਂ ਹਸਨਦੀਪ ਸਿੰਘ, ਅਮਨਦੀਪ ਸਿੰਘ ਝੁਨੀਰ, ਹਰਸਲੀਨ ਕੌਰ, ਬਵਨੀਤ ਕੌਰ ਅਤੇ ਹੋਰਨਾਂ ਵੱਲੋਂ ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਵੱਲੋਂ ਦਿੱਤੇ ਜਾ ਰਹੇ ਸਹਿਯੋਗ ਦਾ ਧੰਨਵਾਦ ਪ੍ਰਗਟ ਕਰਦਿਆਂ ਕਿਹਾ ਕਿ ਵਾਈਸ ਚਾਂਸਲਰ ਵਿਦਿਆਰਥੀਆਂ ਦੇ ਅਕਾਦਮਿਕ ਉਚਾਈ ਦੇ ਨਾਲ ਨਾਲ ਸਖਸ਼ੀਅਤ ਅਤੇ ਕਿਰਦਾਰ ਨੂੰ ਉਚਾ ਚੁਕਣ ਵਿਚ ਯਕੀਨ ਰਖਦੇ ਹਨ ਅਤੇ ਉਨ੍ਹਾਂ ਨੂੰ ਆਸ ਹੈ ਕਿ ਪ੍ਰੋ. ਕਰਮਜੀਤ ਸਿੰਘ ਸੁਯੋਗ ਅਗਵਾਈ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਿਨ ਦੁਗਣੀ ਅਤੇ ਰਾਤ ਚੌਗਣੀ ਤਰੱਕੀ ਕਰੇਗੀ।
ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਨੇ ਵਿਦਿਆਰਥੀਆਂ ਅਤੇ ਸੰਗਤ ਦਾ ਧੰਨਵਾਦ ਕਰਦਿਆਂ ਵਿਦਿਆਰਥੀਆਂ ਦੇ ਇਨ੍ਹਾਂ ਉਪਰਾਲਿਆਂ ਦੀ ਸ਼ਲਾਘਾ ਕੀਤੀ।ਉਨ੍ਹਾਂ ਕਿਹਾ ਕਿ ਸਾਡੀਆਂ ਧਰਮ ਪਰੰਪਰਾਵਾਂ ਬਹੁਤ ਅਮੀਰ ਹਨ ਅਤੇ ਸਾਨੂੰ ਸਭ ਨੂੰ ਪਿਆਰ ਨਾਲ ਰਲ ਮਿਲ ਕੇ ਅੱਗੇ ਵਧਣ ਦੀ ਪ੍ਰੇਰਣਾ ਦਿੰਦੀਆਂ ਹਨ। ਉਨਾਂ੍ਹ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ ਉਪਰ ਬਣੀ ਇਸ ਯੂਨੀਵਰਸਿਟੀ ਵਿਚ ਜੇਕਰ ਵਿਦਿਆਰਥੀ ਅਕਾਦਮਿਕ ਸਿਖਿਆ ਗ੍ਰਹਿਣ ਕਰਨ ਦੇ ਨਾਲ ਨਾਲ ਪੰਗਤ, ਸੰਗਤ ਅਤੇ ਸਰਬੱੱਤ ਦੇ ਭਲੇ ਲਈ ਮਿਲਜੁਲ ਕੇ ਚੱਲਦੇ ਹਨ ਤਾਂ ਇਹ ਗੁਰੂ ਸਾਹਿਬਾਨ ਦੀ ਅਪਾਰ ਕ੍ਰਿਪਾ ਸਦਕਾ ਹੀ ਹੈ ਅਤੇ ਇਹ ਯੂਨੀਵਰਸਿਟੀ ਅਤੇ ਵਿਦਿਆਰਥੀਆਂ ਦੇ ਵਿਕਾਸ ਲਈ ਵੀ ਬਹੁਤ ਲਾਹੇਵੰਦ ਹੈ।ਉਨਾਂ ਕਿਹਾ ਕਿ ਉਨ੍ਹਾਂ ਦੀ ਕੋਸ਼ਿਸ਼ ਰਹੇਗੀ ਕਿ ਯੂਨੀਵਰਸਿਟੀ ਦੇ ਮੁਖੀ ਹੋਣ ਦੇ ਨਾਤੇ ਵਿਦਿਆਰਥੀਆਂ ਦੀ ਭਲਾਈ ਲਈ ਹਰ ਯੋਗ ਕਦਮ ਚੁੱਕੇ ਜਾਣ ਤਾਂ ਜੋ ਵਿਦਿਆਰਥੀ ਅਕਾਦਮਿਕਤਾ ਦੇ ਨਾਲ ਨਾਲ ਨੇਕ ਅਤੇ ਨੈਤਿਕ ਕਦਰਾਂ ਕੀਮਤਾਂ ਨਾਲ ਲੈਸ ਮਨੁੱਖ ਹੋ ਕੇ ਯੂਨੀਵਰਸਿਟੀ ਤੋਂ ਸਮਾਜ ਵਿੱਚ ਜਾਣ ਅਤੇ ਨਰੋਏ ਸਮਾਜ ਦੀ ਸਿਰਜਣਾ ਹੋ ਸਕੇ।

 

Check Also

ਧਾਲੀਵਾਲ ਵਲੋਂ ਸਕਿਆਂ ਵਾਲੀ ਵਿੱਚ ਸੀਵਰੇਜ਼ ਪ੍ਰੋਜੈਕਟ ਦਾ ਉਦਘਾਟਨ

ਅੰਮ੍ਰਿਤਸਰ, 31 ਮਾਰਚ (ਪੰਜਾਬ ਪੋਸਟ ਬਿਊਰੋ) – ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਯਤਨਾਂ ਸਦਕਾ …