ਵਿਧਾਇਕ ਡਾ. ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਨੇਤਰਹੀਣਾਂ ਦੀ ਸੇਵਾ ਲਈ ਸੰਸਥਾ ਦੀ ਕੀਤੀ ਸ਼ਲਾਘਾ
ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਇੰਸਟੀਚਿਊਟ ਆਫ਼ ਦ ਬਲਾਈਂਡ ਦਾ 102 ਸਾਲਾ ਸਥਾਪਨਾ ਦਿਵਸ ਸੰਸਥਾ ਦੇ ਕੈਂਪਸ ਵਿੱਚ ਮਨਾਇਆ ਗਿਆ। ਸਮਾਗਮ ਦੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਨੇਤਰਹੀਣ ਵਿਦਿਆਰਥੀਆਂ ਦੁਆਰਾ ਬਹੁਤ ਹੀ ਜੋਸ਼ੀਲੇ ਪ੍ਰਦਰਸ਼ਨ ਲਈ ਸਮਰਪਿਤ ਪ੍ਰਬੰਧਨ, ਸਟਾਫ, ਵਿਦਿਆਰਥੀਆਂ ਅਤੇ ਮਾਪਿਆਂ ਦੀ ਸ਼ਲਾਘਾ ਕੀਤੀ।ਉਨ੍ਹਾਂ ਕਿਹਾ ਕਿ ਉਹ 1923 ਵਿੱਚ ਸਥਾਪਿਤ ਇਸ ਮਹਾਨ ਸੰਸਥਾ ਨੂੰ ਪੂਰੀ ਮਦਦ ਅਤੇ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ ਵਚਨਬੱਧ ਹਨ, ਜਿਸ ਵਿੱਚ ਨੇਤਰਹੀਣ ਵਿਦਿਆਰਥੀਆਂ ਨੂੰ ਮੁਫਤ ਸਿੱਖਿਆ, ਰਹਿਣ-ਸਹਿਣ ਦੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ।
ਇਸ ਤੋਂ ਪਹਿਲਾਂ ਵਿਦਿਆਰਥੀਆਂ ਨੇ ਪੰਜਾਬੀ ਲੋਕ ਸੰਗੀਤ ਯੰਤਰਾਂ `ਤੇ ਆਧਾਰਿਤ ਸਮੂਹ ਗੀਤ, ਨਾਚ, ਲਾਈਵ ਕਵਿਤਾ, ਭਜਨ ਅਤੇ ਲਾਈਵ ਆਰਕੈਸਟਰਾ ਦੀ ਸ਼ਾਨਦਾਰ ਪੇਸ਼ਕਾਰੀ ਕੀਤੀ।ਜਿਸ ਦੀ ਦਰਸ਼ਕਾਂ ਨੇ ਸ਼ਲਾਘਾ ਕੀਤੀ।ਵਿਧਾਇਕ ਨੇ ਨੇਤਰਹੀਣ ਵਿਦਿਆਰਥੀਆਂ ਦੇ ਲਾਭ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ `ਤੇ ਆਧਾਰਿਤ ਸਮਾਰਟ ਗਲਾਸ ਵੰਡੇ।ਪ੍ਰਧਾਨ ਅਸ਼ੋਕ ਸੇਠੀ ਅਤੇ ਸਕੱਤਰ ਅਰੁਣ ਕਪੂਰ ਨੇ ਸੰਸਥਾ ਦੀ ਰਿਪੋਰਟ ਪੇਸ਼ ਕੀਤੀ।