ਸੰਗਰੂਰ, 18 ਜੂਨ (ਜਗਸੀਰ ਲੌਂਗੋਵਾਲ) – ਅਕਾਲ ਡਿਗਰੀ ਕਾਲਜ ਮਸਤੂਆਣਾ ਸਾਹਿਬ ਪ੍ਰਿੰਸੀਪਲ ਡਾ. ਅਮਨਦੀਪ ਕੌਰ ਨੂੰ ਚੰਡੀਗੜ੍ਹ ਦੇ ਹਿਆਤ ਰੀਜੈਂਸੀ ਵਿਖੇ ਹੋਏ ਉੱਚ-ਸਿੱਖਿਆ ਲੀਡਰਾਂ ਦੇ ਸੰਮੇਲਨ ਵਿੱਚ ਭਾਗ ਲਿਆ।ਇਸ ਸੰਮੇਲਨ ਵਿੱਚ ਉੱਤਰੀ-ਭਾਰਤ ਦੀਆਂ ਵੱਖ-ਵੱਖ ਉੱਚ-ਸਿੱਖਿਆ ਸੰਸਥਾਵਾਂ ਦੇ ਵਾਈਸ-ਚਾਂਸਲਰ, ਡੀਨ, ਪ੍ਰਿੰਸੀਪਲ ਅਤੇ ਫੈਕਲਟੀ ਮੈਂਬਰ ਸ਼ਾਮਲ ਹੋਏ।ਬੁਲਾਰਿਆਂ ਨੇ ‘ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਉੱਚ-ਸਿੱਖਿਆ ਦੇ ਵਿਸ਼ਵੀਕਰਨ’ ਸੰਬੰਧੀ ਵਿਚਾਰਾਂ ਦਾ ਅਦਾਨ-ਪ੍ਰਦਾਨ ਕੀਤਾ ਤਾਂ ਜੋ ਭਵਿੱਖ ਲਈ ਸਥਿਰ ਅਤੇ ਵਿਸ਼ਵੀਕਰਨ ਅਨੁਕੂਲ ਸਿੱਖਿਆ ਸੰਸਥਾਵਾਂ ਦਾ ਵਿਕਾਸ ਕੀਤਾ ਜਾ ਸਕੇ।ਸੰਮੇਲਨ ਦੌਰਾਨ ਜਿਥੇ ਸਾਲ 2025 ਲਈ ਵਿਭਿੰਨ ਕੈਟਾਗਰੀਆਂ ਵਿੱਚ ਉਚ-ਸਿੱਖਿਆ ਲੀਡਰਾਂ ਨੂੰ ਐਵਾਰਡ ਵੀ ਪ੍ਰਦਾਨ ਕੀਤੇ ਗਏ, ਉਥੇ ਅਕਾਲ ਡਿਗਰੀ ਕਾਲਜ ਮਸਤੂਆਣਾ ਸਾਹਿਬ ਦੀ ਪ੍ਰਿੰਸੀਪਲ ਡਾ. ਅਮਨਦੀਪ ਕੌਰ ਨੂੰ ਉਹਨਾਂ ਦੇ ਵਾਤਾਵਰਨ ਸਿੱਖਿਆ ਅਤੇ ਬਾਟਨੀ ਵਿਸ਼ੇ ਵਿੱਚ ਖੋਜ਼-ਅਧਿਐਨ, 60 ਤੋਂ ਵੱਧ ਰਿਸਰਚ ਪੇਪਰ ਪ੍ਰਕਾਸ਼ਿਤ ਅਤੇ 12 ਕਿਤਾਬਾਂ ਦੇ ਲੇਖਕ ਹੋਣ ਵਜੋਂ `ਅਧਿਆਪਨ ਉੱਤਮਤਾ` ਕੈਟਾਗਰੀ ਵਿੱਚ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ।ਜਿਕਰਯੋਗ ਹੈ ਕਿ ਇਹ‘ਉੱਚ-ਸਿੱਖਿਆ ਲੀਡਰ ਕਨਕਲੇਵ ਅਤੇ ਐਵਾਰਡ ਸਮਾਰੋਹ 2025’ ਦਾ ਆਯੋਜਨ `ਆਬਜ਼ਰਵ-ਨਾਓ ਮੀਡੀਆ` ਸੰਗਠਨ ਦੁਆਰਾ ਆਨਲਾਈਨ ਮੀਟਿੰਗਾਂ ਅਤੇ ਵੈਬਿਨਾਰਾਂ ਲਈ ਵੀਡੀਓ-ਸੰਚਾਰ ਪਲੇਟਫਾਰਮ `ਜ਼ੂਮ` ਅਤੇ `ਇੰਸਟੀਚਿਊਟ ਆਫ਼ ਚਾਰਟਰਡ ਫਾਈਨੈਂਸ਼ੀਅਲ ਐਨਾਲਿਸਟਸ ਆਫ਼ ਇੰਡੀਆ` ਹੈਦਰਾਬਾਦ, ਤੇਲੰਗਾਨਾ ਦੇ ਸਹਿਯੋਗ ਨਾਲ ਕੀਤਾ ਗਿਆ ਸੀ।ਡਾਕਟਰ ਅਮਨਦੀਪ ਕੌਰ ਨੂੰ ਇਹ ਐਵਾਰਡ ਮਿਲਣ ਦੀ ਖੁਸ਼ੀ ਵਿੱਚ ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ ਦੇ ਸਕੱਤਰ ਜਸਵੰਤ ਸਿੰਘ ਖਹਿਰਾ ਨੇ ਉਨ੍ਹਾਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਕਾਲਜ ਪ੍ਰਿੰਸੀਪਲ ਨੂੰ ਐਵਾਰਡ ਮਿਲਣਾ ਸਚਮੁੱਚ ਸੰਸਥਾ ਲਈ ਇੱਕ ਮਾਣ ਵਾਲਾ ਪਲ ਹੁੰਦਾ ਹੈ, ਜੋ ਪ੍ਰਿੰਸੀਪਲ ਦੀ ਲੀਡਰਸ਼ਿਪ ਅਤੇ ਕਾਲਜ ਦੀਆਂ ਸਮੁੱਚੀਆਂ ਪ੍ਰਾਪਤੀਆਂ `ਤੇ ਸਕਾਰਾਤਮਕ ਤੌਰ `ਤੇ ਪ੍ਰਤੀਬਿੰਬਤ ਹੁੰਦਾ ਹੈ।
ਅਜਿਹੀ ਮਾਨਤਾ ਇੱਕ ਲੀਡਰ ਦੇ ਅਕਾਦਮਿਕ ਉਤਮਤਾ, ਨਵੀਨਤਾਕਾਰੀ ਸਿੱਖਿਆ ਅਤੇ ਭਾਈਚਾਰਕ ਸ਼ਮੂਲੀਅਤ ਵਿੱਚ ਯੋਗਦਾਨ ਨੂੰ ਉਜਾਗਰ ਕਰਦੀ ਹੈ।ਅਕਾਲ ਕਾਲਜ ਕੌਂਸਲ ਦੇ ਮੁੱਖ ਪ੍ਰਬੰਧਕ ਕੈਪਟਨ ਡਾਕਟਰ ਭੁਪਿੰਦਰ ਸਿੰਘ ਪੂਨੀਆ ਅਤੇ ਹੋਰ ਕੌਂਸਲ ਮੈਂਬਰਾਂ ਤੋਂ ਇਲਾਵਾ ਵੱਖ-ਵੱਖ ਵਿੱਦਿਅਕ ਸੰਸਥਾਵਾਂ ਦੇ ਪ੍ਰਿੰਸੀਪਲਾਂ ਤੇ ਸਟਾਫ ਮੈਂਬਰਾਂ ਵਲੋਂ ਡਾਕਟਰ ਅਮਨਦੀਪ ਕੌਰ ਨੂੰ ਇਹ ਅਧਿਆਪਨ ਉਤਮਤਾ ਐਵਾਰਡ ਮਿਲਣ ਦੀ ਖੁਸ਼ੀ ਵਿੱਚ ਵਧਾਈਆਂ ਦਿੱਤੀਆਂ ਗਈਆਂ ਅਤੇ ਅੱਗੇ ਤੋਂ ਵੀ ਇਸ ਤਰ੍ਹਾਂ ਦੇ ਐਵਾਰਡ ਹਾਸਲ ਕਰਨ ਲਈ ਕਾਮਨਾ ਕੀਤੀ ਗਈ।
Check Also
ਭਾਰਤ ਗੌਰਵ ਯਾਤਰੀ ਰੇਲ ਗੱਡੀ ਨਾਲ ਦੱਖਣੀ ਭਾਰਤ ਦੀ ਯਾਤਰਾ-13 ਦਿਨਾਂ ਦੀ ਵਿਸ਼ੇਸ਼ ਪੇਸ਼ਕਸ਼
28 ਜੁਲਾਈ ਨੂੰ ਪਠਾਨਕੋਟ ਛਾਉਣੀ ਤੋਂ ਚੱਲੇਗੀ ਰੇਲ ਗੱਡੀ ਅੰਮ੍ਰਿਤਸਰ, 11 ਜੁਲਾਈ (ਸੁਖਬੀਰ ਸਿੰਘ) – …