Thursday, January 8, 2026

ਕੈਬਨਿਟ ਮੰਤਰੀ ਈ.ਟੀ.ਓ ਨੇ ਸਕੂਲਾਂ ਦੇ ਬੁਨਿਆਦੀ ਢਾਂਚੇ ਦੇ ਸੁਧਾਰ ਲਈ ਵਿਕਾਸ ਕਾਰਜ਼ਾਂ ਦੇ ਰੱਖੇ ਨੀਂਹ ਪੱਥਰ

ਅੰਮ੍ਰਿਤਸਰ, 29 ਨਵੰਬਰ (ਸੁਖਬੀਰ ਸਿੰਘ) – ਮੁੱੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਸੂਬੇ ਵਿੱਚ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਕ੍ਰਾਂਤੀ ਤਹਿਤ ਵੱਡੇ ਸੁਧਾਰ ਕੀਤੇ ਜਾ ਰਹੇ ਹਨ ਤਾਂ ਜੋ ਬੱਚਿਆਂ ਨੂੰ ਮਿਆਰੀ ਸਿੱਖਿਆ ਪ੍ਰਾਪਤ ਹੋ ਸਕੇ ਅਤੇ ਪ੍ਰਾਈਵੇਟ ਸਕੂਲਾਂ ਦੇ ਬੱਚਿਆਂ ਵਾਂਗ ਪ੍ਰਤਿਯੋਗੀ ਪ੍ਰੀਖਿਆਵਾਂ ਵਿੱਚ ਨਾਮਣਾ ਖਟ ਸਕਣ।
ਇਨਾਂ ਸ਼ਬਦਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਹਲਕਾ ਜੰਡਿਆਲਾ ਗੁਰੂ ਵਿਖੇ ਵੱਖ-ਵੱਖ ਸਰਕਾਰੀ ਸਕੂਲਾਂ ਵਿੱਚ ਕਰੀਬ 40 ਲੱਖ ਰੁਪਏ ਦੀ ਲਾਗਤ ਨਾਲ ਬੁਨਿਆਦੀ ਢਾਂਚੇ ਦੇ ਸੁਧਾਰ ਲਈ ਵੱਖ ਵੱਖ ਵਿਕਾਸ ਕਾਰਜ਼ਾਂ ਦੇ ਨੀਂਹ ਪੱਥਰ ਰੱਖਣ ਸਮੇਂ ਕੀਤਾ।ਉਨਾਂ ਕਿਹਾ ਕਿ ਸਰਕਾਰੀ ਕੰਨਿਆ ਹਾਈ ਸਕੂਲ ਪਿੰਡ ਮਹਿਤਾ ਵਿਖੇ 15 ਲੱਖ ਰੁਪਏ ਦੀ ਲਾਗਤ ਨਾਲ, ਸਰਕਾਰੀ ਐਲੀਮੈਂਟਰੀ/ਮਿਡਲ ਸਕੂਲ ਲੜਕੇ ਪਿੰਡ ਮਹਿਤਾ ਵਿਖੇ 10 ਲੱਖ ਰੁਪਏ ਦੀ ਲਾਗਤ ਨਾਲ, ਸਰਕਾਰੀ ਐਲੀਮੈਂਟਰੀ ਸਕੂਲ ਪਿੰਡ ਨੰਗਲੀ ਕਲਾਂ ਵਿੱਚ 9 ਲੱਖ ਰੁਪਏ ਦੀ ਅਤੇ ਸਰਕਾਰੀ ਐਲੀਮੈਂਟਰੀ ਸਕੂਲ ਲੜਕੀਆਂ ਪਿੰਡ ਮਹਿਤਾ ਵਿਖੇ 5 ਲੱਖ ਰੁਪਏ ਦੀ ਲਾਗਤ ਨਾਲ ਬੁਨਿਆਦੀ ਢਾਂਚੇ ਦੇ ਸੁਧਾਰ ਲਈ ਖਰਚ ਕੀਤੇ ਜਾਣਗੇ।ਉਨਾਂ ਕਿਹਾ ਕਿ ਸਾਰੇ ਸਰਕਾਰੀ ਸਕੂਲਾਂ ਦੇ ਕਲਾਸ ਰੂਮਾਂ ਦੀ ਰਿਪੇਅਰ, ਛੱਤਾਂ ਦੀ ਰਿਪੇਅਰ, ਇੰਟਰਲਾਕਿੰਗ ਟਾਇਲਾਂ ਆਦਿ ਲਗਾਈਆਂ ਜਾਣਗੀਆਂ ਆਉਂਦੇ ਚਾਰ ਮਹੀਨੇ ਦੌਰਾਨ ਸਾਰੇ ਕੰਮ ਮੁਕੰਮਲ ਹੋ ਜਾਣਗੇ।
ਕੈਬਨਿਟ ਮੰਤਰੀ ਈ.ਟੀ.ਓ ਨੇ ਇਸ ਉਪਰੰਤ ਪਿੰਡ ਨੰਗਲੀ ਕਲਾਂ ਵਿਖੇ 60 ਲੱਖ ਰੁਪਏ ਦੀ ਲਾਗਤ ਨਾਲ ਉਸਾਰੇ ਜਾਣ ਵਾਲੇ ਆਧੁਨਿਕ ਸੁਵਿਧਾਵਾਂ ਨਾਲ ਲੈਸ ਖੇਡ ਸਟੇਡੀਅਮ ਦਾ ਨੀਂਹ ਪੱਥਰ ਰੱਖਦਿਆਂ ਕਿਹਾ ਕਿ ਇਸ ਸਟੇਡੀਅਮ ਵਿੱਚ ਫੁੱਟਬਾਲ ਗਰਾਉਂਡ, ਵਾਸ਼ਰੂਮ ਅਤੇ ਦਰਸ਼ਕਾਂ ਦੇ ਬੈਠਣ ਲਈ ਵਧੀਆ ਪ੍ਰਬੰਧ, ਪਵੇਲੀਅਨ ਆਦਿ ਬਣਾਇਆ ਜਾਵੇਗਾ।ਇਸ ਮੌਕੇ ਵੱਡੀ ਗਿਣਤੀ ‘ਚ ਸਰਕਾਰੀ ਸਕੂਲਾਂ ਦੇ ਅਧਿਆਪਕ, ਬੱਚੇ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ।

Check Also

ਭਗਤਾਂਵਾਲਾ ਡੰਪ ਸਾਈਟ ’ਤੇ ਬਾਇਓ-ਰੀਮੀਡੀਏਸ਼ਨ ਕੰਮ ਨੇ ਫੜੀ ਰਫ਼ਤਾਰ – ਵਧੀਕ ਕਮਿਸ਼ਨਰ

ਅੰਮ੍ਰਿਤਸਰ, 6 ਜਨਵਰੀ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਦੀ ਨਿਗਰਾਨੀ ਹੇਠ ਭਗਤਾਂਵਾਲਾ ਡੰਪ ਸਾਈਟ …