ਅੰਮ੍ਰਿਤਸਰ, 28 ਦਸੰਬਰ (ਜਗਦੀਪ ਸਿੰਘ) – ਬੀਬੀਕੇ ਡੀਏਵੀ ਕਾਲਜ ਫਾਰ ਵੂੁਮੈਨ ਵਿਖੇ ਸਵਾਮੀ ਸ਼ਰਧਾਨੰਦ ਜੀ ਦੇ ਸ਼ਹੀਦੀ ਦਿਵਸ ਦੀ ਯਾਦ ਵਿੱਚ ਇੱਕ ਵਿਸ਼ੇਸ਼
ਵੈਦਿਕ ਹਵਨ ਯੱਗ ਦਾ ਆਯੋਜਨ ਕੀਤਾ ਗਿਆ।ਪਵਿੱਤਰ ਹਵਨ ਗਾਇਤਰੀ ਮੰਤਰ ਦੇ ਜਾਪ ਨਾਲ ਸ਼ੁਰੂ ਹੋਇਆ।ਸਥਾਨਕ ਕਮੇਟੀ ਦੇ ਚੇਅਰਮੈਨ ਸੁਦਰਸ਼ਨ ਕਪੂਰ ਅਤੇ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਮੁੱਖ ਯਜਮਾਨ ਵਜੋਂ ਮੌਜ਼ੂਦ ਸਨ।
ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਆਪਣੇ ਸਵਾਗਤੀ ਭਾਸ਼਼ਣ ਵਿੱਚ ਪਰਮਾਤਮਾ ਦਾ ਧੰਨਵਾਦ ਕੀਤਾ ਅਤੇ ਸਾਰਿਆਂ ਦੀ ਭਲਾਈ ਅਤੇ ਖੁਸ਼ਹਾਲੀ ਦੀ ਕਾਮਨਾ ਕੀਤੀ। ਉਨ੍ਹਾਂ ਕਿਹਾ ਕਿ ਸਵਾਮੀ ਸ਼ਰਧਾਨੰਦ ਜੀ ਨੇ ਸਵਾਮੀ ਦਯਾਨੰਦ ਜੀ ਦੀਆਂ ਵੈਦਿਕ ਸਿੱਖਿਆਵਾਂ ਅਤੇ ਸਿਧਾਂਤਾਂ `ਤੇ ਅਧਾਰਤ ਗੁਰੂਕੁਲ ਸਿੱਖਿਆ ਨੂੰ ਉਤਸ਼ਾਹਿਤ ਕੀਤਾ ਅਤੇ 1902 ਵਿੱਚ ਗੁਰੂਕੁਲ ਕਾਂਗੜੀ ਦੀ ਸਥਾਪਨਾ ਕੀਤੀ।ਉਹਨਾਂ ਕਿਹਾ ਕਿ ਇਸ ਨਾਲ ਜੁੜੇ ਲੋਕਾਂ ਨੂੰ ਮਹਾਰਿਸ਼ੀ ਦਯਾਨੰਦ ਸਰਸਵਤੀ ਜੀ ਦੁਆਰਾ ਸਥਾਪਿਤ ਆਰੀਆ ਸਮਾਜ ਦੇ ਸੱਚੇ ਸਿਪਾਹੀ ਮੰਨਿਆ ਜਾਂਦਾ ਹੈ।ਇਹ ਸੰਸਥਾ ਮਿਆਰੀ ਸਿੱਖਿਆ ਪ੍ਰਦਾਨ ਕਰਦੀ ਹੈ।ਜਿਸ ਦੀਆਂ ਜੜ੍ਹਾਂ ਨੈਤਿਕ ਕਦਰਾਂ-ਕੀਮਤਾਂ ਵਿੱਚ ਹਨ।ਆਰੀਆ ਪ੍ਰਤਿਨਿਧੀ ਸਭਾ ਅਤੇ ਡੀਏਵੀ ਮੈਨੇਜਮੈਂਟ ਕਮੇਟੀ ਨਵੀਂ ਦਿੱਲੀ ਦੇ ਪ੍ਰਧਾਨ ਪਦਮ ਸ਼੍ਰੀ ਡਾ. ਪੂਨਮ ਸੂਰੀ ਨੇ ਇਸ ਉਤਮ ਅਗਵਾਈ ਨੂੰ ਦੁਨੀਆਂ ਭਰ ਦੀਆਂ ਵੱਖ-ਵੱਖ ਸ਼ਾਖਾਵਾਂ ਵਿੱਚ ਫੈਲਾਇਆ ਹੈ।
ਰਾਕੇਸ਼ ਮਹਿਰਾ ਮੰਤਰੀ, ਆਰੀਆ ਸਮਾਜ, ਸ਼ਕਤੀਨਗਰ ਨੇ ਸਵਾਮੀ ਸ਼ਰਧਾਨੰਦ ਜੀ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਸਮਾਜ ਵਿਚ ਉਨ੍ਹਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ।ਇੰਦਰਪਾਲ ਆਰੀਆ ਪ੍ਰਧਾਨ ਆਰੀਆ ਸਮਾਜ ਲਸ਼ਮਣਸਰ ਨੇ ਕਿਹਾ ਕਿ ਆਰੀਆ ਸਮਾਜ ਮਹਾਨ ਆਤਮਾਵਾਂ ਦੀ ਇੱਕ ਅਮੀਰ ਵੰਸ਼ ਨੂੰ ਦਰਸਾਉਂਦਾ ਹੈ ਜਿਨ੍ਹਾਂ ਨੇ ਆਪਣਾ ਪੂਰਾ ਜੀਵਨ ਸਮਾਜ ਦੀ ਸੇਵਾ ਲਈ ਸਮਰਪਿਤ ਕਰ ਦਿੱਤਾ।ਸੁਦਰਸ਼ਨ ਕਪੂਰ ਨੇ ਹਵਨ ਦੇ ਸਫਲ ਆਯੋਜਨ ਲਈ ਪ੍ਰਿੰਸੀਪਲ ਡਾ. ਵਾਲੀਆ ਅਤੇ ਸਟਾਫ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਵਾਮੀ ਸ਼ਰਧਾਨੰਦ ਜੀ ਨੇ ਆਪਣਾ ਪੂਰਾ ਜੀਵਨ ਮਨੁੱਖਤਾ ਦੀ ਸੇਵਾ ਲਈ ਸਮਰਪਿਤ ਕਰ ਦਿੱਤਾ।ਸੰਗੀਤ ਵਿਭਾਗ ਨੇ ਇੱਕ ਭਾਵਪੂਰਨ ਭਜਨ ਪੇਸ਼ ਕੀਤਾ ਡਾ. ਅਨੀਤਾ ਨਰਿੰਦਰ ਮੁਖੀ ਹਿੰਦੀ ਵਿਭਾਗ ਨੇ ਮੰਚ ਸੰਚਾਲਨ ਕੀਤਾ।
ਇਸ ਮੌਕੇ ਪਿਆਰੇ ਲਾਲ ਸੇਠ ਮੈਂਬਰ ਸਥਾਨਕ ਕਮੇਟੀ, ਅਨਿਲ ਵਿਨਾਇਕ, ਹਰੀਸ਼ ਓਬਰਾਏ, ਆਰੀਆ ਸਮਾਜ ਲਾਰੈਂਸ ਰੋਡ, ਸ਼੍ਰੀਮਤੀ ਰੇਣੂ ਘਈ ਸਮੇਤ ਅਧਿਆਪਨ ਅਤੇ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ਼ ਦੇ ਮੈਂਬਰ ਮੌਜ਼ੂਦ ਰਹੇ।
Punjab Post Daily Online Newspaper & Print Media