ਅੰਮ੍ਰਿਤਸਰ, 24 ਮਾਰਚ (ਦੀਪ ਦਵਿੰਦਰ ਸਿੰਘ)- ‘ਦ ਥੀਏਟਰ ਪਰਸਨਜ਼’ ਅੰਮ੍ਰਿਤਸਰ ਵੱਲੋਂ ਮਨਿਸਟਰੀ ਆਫ਼ ਕਲਚਰ ਭਾਰਤ ਸਰਕਾਰ, ਨਾਰਥ ਜੋਨ ਕਲਚਰਲ ਸੈਂਟਰ ਪਟਿਆਲਾ, ਪੰਜਾਬ ਸੰਗੀਤ ਨਾਟਕ ਅਕਾਦਮੀ ਅਤੇ ਵਿਰਸਾ ਵਿਹਾਰ ਸੁਸਾਇਟੀ ਦੇ ਸਹਿਯੋਗ ਨਾਲ ਜੋ ਸੱਤਵਾਂ ਪੰਜਾਬ ਥੀਏਟਰ ਫੈਸਟੀਵਲ ਅੰਮ੍ਰਿਤਸਰ ਵਿਖੇ ਧੂਮ ਧੜੱਕੇ ਨਾਲ ਚੱਲ ਰਿਹਾ ਹੈ ਉਸਦੇ ਪੰਜਵੇਂ ਪੜਾਅ ਉਤੇ ਅੱਜ ਪੰਜਾਬੀ ਦੇ ਚਰਚਿਤ ਨਾਟਕਕਾਰ ਪਾਲੀ ਭੁਪਿੰਦਰ ਸਿੰਘ ਵੱਲੋਂ ਆਪਣੀ ਟੀਮ ਨਾਲ ਪੰਜਾਬੀ ਨਾਟਕ ‘ਇਕ ਸੁਪਨੇ ਦਾ ਰਾਜਨੀਤਿਕ ਕਤਲ’ ਪੇਸ਼ ਕੀਤਾ ਗਿਆ। ਨਾਟਕ ਵਿੱਚ ਸੰਤਾਲੀ ਤੋਂ ਬਾਅਦ ਸਿਰਜੇ ਜਾਣ ਵਾਲੇ ਦੇਸ਼ ਦੇ ਸਮਾਜਿਕ ਆਰਥਿਕ, ਰਾਜਨੀਤਿਕ ਤੇ ਧਾਰਮਿਕ ਹਾਲਾਤਾਂ ਨੂੰ ਇਕ ਆਮ ਆਦਮੀ ਦੇ ਨਜ਼ਰੀਏ ਤੋਂ ਪੇਸ਼ ਕਰਦਿਆਂ ਉਸ ਵੇਲੇ ਲੋਕਾਂ ਵੱਲੋਂ ਵੇਖੀ ਭਵਿੱਖ ਦੇ ਭਾਰਤ ਦੀ ਤਸਵੀਰ ਦੇ ਅਧੂਰੇ ਰਹਿ ਗਏ ਅਤੇ ਕਤਲ ਹੋ ਗਏ ਰਾਜਨੀਤਿਕ ਸੁਪਨੇ ਦੀ ਗਾਥਾ ਬਹੁਤ ਹੀ ਕਲਾਤਮਿਕ ਢੰਗ ਨਾਲ ਪੇਸ਼ ਕੀਤੀ ਗਈ। ਹਮੇਸ਼ਾ ਦੀ ਤਰ੍ਹਾਂ ਪਾਲੀ ਭੁਪਿੰਦਰ ਦਾ ਇਹ ਨਾਟਕ ਵਿਲੱਖਣ ਤਕਨੀਕੀ ਨਾਟ ਜੁਗਤਾਂ ਤੇ ਰੋਸ਼ਨੀ ਪ੍ਰਭਾਵਾਂ ਦੇ ਅਚੰਭਿਤ ਸੁਮੇਲ ਨਾਲ ਸਿਰਜੀ ਅਜਿਹੀ ਕਲਾਕ੍ਰਿਤ ਦੀ ਪੇਸ਼ਕਾਰੀ ਹੋ ਨਿਬੜਿਆ ਜੋ ਸੰਪੂਰਨ ਰੂਪ ਵਿੱਚ ਸੱਤਵੇਂ ਪੰਜਾਬ ਨਾਟਕ ਮੇਲੇ ਦਾ ਖੂਬਸੁਰਤ ਹਾਸਿਲ ਹੋ ਨਿੱਬੜੀ। ਇਸ ਮੌਕੇ ਬੋਲਦਿਆਂ ਮੁੱਖ ਮਹਿਮਾਨ ਜਸਪਾਲ ਦਿਓਲ ਨੇ ਕਿਹਾ ਕਿ ਹਰਦੀਪ ਗਿੱਲ ਤੇ ਅਨੀਤਾ ਦੇਵਗਨ ਵੱਲੋਂ ਆਰੰਭੇ ਇਸ ਨਾਟਕ ਮੇਲੇ ਦੀ ਸ਼ਲਾਘਾ ਕਰਨੀ ਬਣਦੀ ਹੈ ਅੰਮ੍ਰਿਤਸਰ ਜੋ ਕਿ ਰੰਗਮੰਚ ਦੀ ਰਾਜਧਾਨੀ ਹੈ ਉਥੇ ਅਜਿਹੇ ਮੇਲੇ ਦਾ ਹੋਣਾ ਇਸ ਸ਼ਹਿਰ ਅਤੇ ਇਥੋਂ ਦੇ ਦਰਸ਼ਕਾਂ ਦੀ ਖੁਸ਼ਨਸੀਬੀ ਹੈ।
ਪ੍ਰੋਗਰਾਮ ਦੇ ਅੰਤ ਵਿੱਚ ਨਾਟ ਮੇਲੇ ਦੇ ਪ੍ਰੈਸ ਸਕੱਤਰ ਦੀਪ ਦਵਿੰਦਰ ਸਿੰਘ ਨੇ ਕਲ੍ਹ ਵਿਖਾਏ ਜਾ ਰਹੇ ਨਾਟਕ ਮੁਨਸ਼ੀ ਖਾਨ, ਵਿੱਚ ਵੀ ਦਰਸ਼ਕਾਂ ਨੂੰ ਏਸੇ ਤਰ੍ਹਾਂ ਹੁੰਮ-ਹੁੰਮਾਂ ਕੇ ਪਹੁੰਚਣ ਦਾ ਸੱਦਾ ਦਿੱਤਾ। ਇਸ ਨਾਟਕ ਮੇਲੇ ਵਿੱਚ ਖਰਾਬ ਮੌਸਮ ਦੇ ਬਾਵਜੂਦ ਵੀ ਅੱਜ ਅੰਮ੍ਰਿਤਸਰ ਦੇ ਨਾਲ-ਨਾਲ ਚੰਡੀਗੜ੍ਹ, ਬਠਿੰਡਾ, ਪਟਿਆਲਾ ਆਦਿ ਨਾਟਕ ਦੇ ਗੜ੍ਹ ਮੰਨੇ ਜਾਂਦੇ ਸ਼ਹਿਰਾਂ ਤੋਂ ਵੀ ਦਰਸ਼ਕ ਹੁੰਮ-ਹੁੰਮਾਂ ਕੇ ਪਹੰਚੇ। ਨਾਟ ਮੇਲੇ ਦੇ ਪ੍ਰਬੰਧਕਾਂ ਫਿਲਮ ਕਲਾਕਾਰ ਹਰਦੀਪ ਗਿੱਲ ਅਤੇ ਅਨੀਤਾ ਦੇਵਗਨ ਨੇ ਪ੍ਰੋਗਰਾਮ ਦੇ ਅੰਤ ਵਿੱਚ ਨਾਟ ਟੀਮ ਨੂੰ ਸਨਮਾਨਿਤ ਕਰਦੇ ਹੋਏ ਕਿਹਾ ਕਿ ਪੰਜਾਬੀ ਨਾਟਕਾਂ ਦੇ ਇਸ ਮਹਾਂਕੁੰਭ ਨੂੰ ਆਯੋਜਿਤ ਕਰਨ ਦਾ ਮਕਸਦ ਇਹੀ ਹੈ ਕਿ ਪੰਜਾਬੀ ਨਾਟਕ ਬਾਰੇ ਗਹਿਰ ਗੰਭੀਰ ‘ਸੰਵਾਦ’ ਸ਼ੁਰੂ ਹੋਏ ਅਤੇ ਪੰਜਾਬ ਦੇ ਹਰ ਕੋਨੇ ‘ਚ ਨਾਟ ਮੇਲੇ ਲੱਗਣੇ ਸ਼ੁਰੂ ਹੋਣ ਤਾਂ ਜੋ ਰੰਗਮੰਚ ਦੀ ਕਲਾ ਦੇ ਨਾਲ ਵੱਧ ਤੋਂ ਵੱਧ ਲੋਕਾਂ ਨੂੰ ਜੋੜਿਆ ਜਾ ਸਕੇ ਤੇ ਸਾਨੂੰ ਖੁਸ਼ੀ ਹੈ ਕਿ ਇਸ ਮਹਾਂ ਨਾਟ ਉਤਸਵ ਦੇ ਰਾਹੀ ਅਸੀਂ ਆਪਣੇ ਇਸ ਮਕਸਦ ਵਿੱਚ ਕਾਮਯਾਬ ਹੋ ਸਕੇ ਹਾਂ।
Check Also
ਜਨਮ ਦਿਨ ਮੁਬਾਰਕ – ਭੂਮਿਕਾ ਕਾਂਸਲ
ਸੰਗਰੂਰ, 2 ਜਨਵਰੀ (ਜਗਸੀਰ ਲੌਂਗੋਵਾਲ) – ਚੀਮਾ ਮੰਡੀ ਸੰਗਰੂਰ ਵਾਸੀ ਸੁਰੇਸ਼ ਕਾਂਸਲ ਲਾਡੀ ਪਿਤਾ ਅਤੇ …