Monday, July 8, 2024

ਕੈਪਟਨ ਨੇ ਕਿਹਾ ਕਿ ਪੀ.ਪੀ.ਪੀ ਦੇ ਆਗੂ ਮਨਪ੍ਰੀਤ ਬਾਦਲ ਸਿਆਸੀ ਤੌਰ ‘ਤੇ ਖਤਮ ਹੋ ਚੁੱਕੀ ਹਸਤੀ – ਬੀਬੀ ਬਾਦਲ

PPN300316
ਬਠਿੰਡਾ,  30 ਮਾਰਚ (ਜਸਵਿੰਦਰ ਸਿੰਘ ਜੱਸੀ)- ਬਠਿੰਡਾ ਹਲਕੇ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਦੇ ਕਾਂਗਰਸੀ ਨੇਤਾ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਹ ਪ੍ਰਵਾਨ ਕਰਨ ਦਾ ਧੰਨਵਾਦ ਕੀਤਾ ਕਿ ਪੀਪਲਜ਼ ਪਾਰਟੀ ਆਫ ਪੰਜਾਬ ਦੇ ਆਗੂ ਮਨਪ੍ਰੀਤ ਸਿੰਘ ਬਾਦਲ ਸਿਆਸੀ ਤੌਰ ‘ਤੇ ਖਤਮ ਹੋ ਚੁੱਕੀ ਹਸਤੀ ਹਨ। ਇਹ ਗੱਲ ਕੈਪਟਨ ਅਮਰਿੰਦਰ ਸਿੰਘ ਨੇ ਅੰਮ੍ਰਿਤਸਰ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਬੂਲ ਕੀਤੀ ਸੀ।ਇਥੇ ਜਾਰੀ ਕੀਤੇ ਇਕ ਬਿਆਨ ਵਿਚ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਬਠਿੰਡਾ ਅਤੇ ਪੰਜਾਬ ਦੇ ਲੋਕ ਇਹ ਗੱਲ ਚੰਗੀ ਤਰਾਂ ਜਾਣਦੇ ਹਨ ਪਰ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਹਿਲੀ ਵਾਰ ਜਨਤਕ ਤੌਰ ‘ਤੇ ਇਹ ਗੱਲ ਕਬੂਲਣ ਜੋ ਕਿ ਮੀਡੀਆ ਦੇ ਇਕ ਹਿੱਸੇ ਵਿਚ ਪ੍ਰਕਾਸ਼ਤ ਹੋਈ ਹੈ, ਨੇ ਸਪਸ਼ਟ ਕਰ ਦਿੱਤਾ ਹੈ ਕਿ ਕਾਂਗਰਸ ਪਾਰਟੀ ਮੇਰੇ ਖਿਲਾਫ ਖੜੇ ਕੀਤੇ ਆਪਣੇ ਘੋੜੇ ‘ਤੇ ਕਿੰਨਾ ਕੁ ਵਿਸ਼ਵਾਸ ਕਰਦੀ ਹੈ।ਉਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਪਹਿਲਾਂ ਇਹ ਭਵਿੱਖਬਾਣੀ ਕੀਤੀ ਸੀ ਕਿ ਵਿਧਾਨ ਸਭਾ ਚੋਣਾਂ ਵਿਚ ਮਨਪ੍ਰੀਤ ਸਿੰਘ ਬਾਦਲ ਵਾ ਵਰੋਲੇ ਵਾਂਗ ਆਪਣੀ ਹੋਂਦ ਗੁਆ ਲੈਣਗੇ।ਬਠਿੰਡਾ ਦੀ ਸੰਸਦ ਮੈਂਬਰ ਨੇ ਕਿਹਾ ਕਿ ਕਾਂਗਰਸ ਆਗੂ ਵੱਲੋਂ ਲਏ ਸਟੈਂਡ ਨੇ ਮਨਪ੍ਰੀਤ ਬਾਦਲ ਦੀ ਸਥਿਤੀ ਕਸੂਤੀ ਬਣਾ ਦਿੱਤੀ ਹੈ। ਉਨਾਂ ਪਹਿਲਾਂ ਇਹ ਕਹਿ ਕੇ ਬਠਿੰਡਾ ਦੇ ਲੋਕਾਂ ਨੂੰ ਮੂਰਖ ਬਣਾਉਣ ਦਾ ਯਤਨ ਕੀਤਾ ਸੀ ਕਿ ਉਨਾਂ ਨੇ ਚੰਡੀਗੜ ਵਿਚ ਕੈਪਟਨ ਅਮਰਿੰਦਰ ਸਿੰਘ ਨਾਲ ਸਵੇਰ ਦੇ ਨਾਸ਼ਤੇ  ‘ਤੇ ਮੀਟਿੰਗ ਕੀਤੀ ਹੈ ਅਤੇ ਅਮਰਿੰਦਰ ਸਿੰਘ ਨੇ ਉਨਾਂ ਨੂੰ ਬਠਿੰਡਾ ਤੋਂ ਹਮਾਇਤ ਦਾ ਭਰੋਸਾ ਦੁਆਇਆ ਹੈ।ਉਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਪੀ. ਪੀ. ਪੀ. ਆਗੂ ਦੇ ਸਵੇਰ ਦੇ ਨਾਸ਼ਤੇ ‘ਤੇ ਮੀਟਿੰਗ ਦੀਆਂ ਖਬਰਾਂ ਦਾ ਖੰਡਨ ਕਰ ਦਿੱਤਾ ਸੀ ਤੇ ਮਨਪ੍ਰੀਤ ਦੇ ਝੂਠ ਨੂੰ ਉਜਾਗਰ ਕਰ ਦਿੱਤਾ ਸੀ।
ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਮਨਪ੍ਰੀਤ ਸਿੰਘ ਬਾਦਲ ਹੁਣ ਪੂਰੀ ਤਰਾਂ ਕਾਂਗਰਸ ‘ਤੇ ਨਿਰਭਰ ਹਨ ਕਿਉਂਕਿ ਉਨਾਂ ਦੀ ਆਪਣੀ ਪਾਰਟੀ ਦੇ ਆਗੂ ਉਨਾਂ ਨੂੰ ਛੱਡ ਗਏ ਹਨ।ਉਨਾਂ ਕਿਹਾ ਕਿ ਉਹ ਹੁਣ ਕਾਂਗਰਸ ਦੇ ਚੋਣ ਨਿਸ਼ਾਨ ‘ਤੇ ਚੋਣ ਲੜਨ ਬਾਰੇ ਵੀ ਸੋਚ ਰਹੇ ਹਨ ਜਦਕਿ ਭਗਤ ਸਿੰਘ ਦੇ ਜਨਮ ਅਸਥਾਨ ਖਟਕੜਕਲਾਂ ਵਿਖੇ ਰੈਲੀ ਦੌਰਾਨ ਉਨਾਂ ਅਜਿਹਾ ਨਾ ਕਰਨ ਦਾ ਪ੍ਰਣ ਲਿਆ ਸੀ। ਉਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਉਨਾਂ ਦੀ ਉਮੀਦਵਾਰੀ ਵਿਚ ਬੇਵਿਸਾਹੀ ਦੇ ਪ੍ਰਗਟਾਵੇ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਕਾਂਗਰਸ ਪਾਰਟੀ ਦੇ ਆਗੂ ਤੇ ਵਰਕਰ ਉਨਾਂ ਨੂੰ ਅਪਣਾਉਣ ਨੂੰ ਤਿਆਰ ਨਹੀਂ ਹਨ। ਬਠਿੰਡਾ ਤੋਂ ਸੰਸਦ ਮੈਂਬਰ ਨੇ ਕੈਪਟਨ ਅਮਰਿੰਦਰ ਸਿੰਘ ਦੇ ਉਸ ਬਿਆਨ ਨਾਲ ਅਸਹਿਮਤੀ ਪ੍ਰਗਟ ਕੀਤੀ ਜਿਸ ਵਿਚ ਉਨਾਂ ਨੇ ਐਨ ਡੀ ਏ ਦੇ ਪ੍ਰਧਾਨ ਮੰਤਰੀ ਉਮੀਦਵਾਰ ਦੀ ਤੁਲਨਾ ਮਨਪ੍ਰੀਤ ਬਾਦਲ ਨਾਲ ਕੀਤੀ ਸੀ। ਉਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਮੋਦੀ ਨੂੰ ਨਿਸ਼ਾਨਾ ਬਣਾਉਣ ਨੇ ਉਨਾਂ ਦੀ ਨਿਰਾਸ਼ਾ ਉਜਾਗਰ ਕਰ ਦਿੱਤੀ ਹੈ ਕਿਉਂਕਿ ਹੁਣ ਉਨਾਂ ਨੂੰ ਸਪਸ਼ਟ ਹੁੰਦਾ ਜਾ ਰਿਹਾ ਹੈ ਕਿ ਅੰਮ੍ਰਿਤਸਰ ਦੇ ਲੋਕਾਂ ਨੇ  ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਉਣ ਦਾ ਫੈਸਲਾ ਕਰ ਲਿਆ ਹੈ ਅਤੇ ਉਹ ਅੰਮ੍ਰਿਤਸਰ ਤੋਂ ਅਰੁਣ ਜੇਤਲੀ ਦੀ ਚੋਣ ਕਰਨਗੇ। ਇਸ ਕਾਰਨ ਉਹਨਾਂ ਦੇ ਮੱਥੇ ‘ਤੇ ਚਿੰਤਾ ਦੀਆਂ ਲਕੀਰਾਂ ਬਣ ਗਈਆਂ ਹਨ ਅਤੇ ਉਹ ਮੋਦੀ ‘ਤੇ ਹਮਲੇ ਕਰ ਰਹੇ ਹਨ ਜਦਕਿ ਇਹ ਨਹੀਂ ਜਾਣਦੇ ਕਿ ਇਸ ਨਾਲ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਵਸਨੀਕ ਉਨਾਂ ਦੇ ਹੋਰ ਖਿਲਾਫ ਹੋ ਜਾਣਗੇ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply