Tuesday, July 29, 2025
Breaking News

ਕੈਲੰਡਰ ਕਮੇਟੀ ‘ਚ ਜੇਕਰ ਕੋਈ ਸਿੱਖ ਪੰਥ ਪ੍ਰਮਾਣਿਤ ਵਿਦਵਾਨ ਨਹੀ, ਤਾਂ ਇਸ ਕਮੇਟੀ ਦੀ ਕੋਈ ਅਹਿਮੀਅਤ ਨਹੀ – ਕਲਕੱਤਾ

ਅੰਮ੍ਰਿਤਸਰ, 10 ਮਾਰਚ (ਪੰਜਾਬ ਪੋਸਟ ਬਿਊਰੋ) – ਨਾਨਕਸ਼ਾਹੀ ਕੈਲੰਡਰ ਵਿਵਾਦ ਨੂੰ ਹੱਲ ਕਰਨ ਦੇ ਨਾਮ ਤੇ ਸ੍ਰੀ ਅਕਾਲ ਤਖਤ ਸਾਹਿਬ ਦੁਆਰਾ ਗਠਿਤ ਕੀਤੀ ਜਾ ਰਹੀ ਕਮੇਟੀ ਪ੍ਰਤੀ ਆਪਣੀ ਪ੍ਰਕਿਰਿਆ ਜਾਹਿਰ ਕਰਦਿਆਂ ਸਾਬਕਾ ਅਕਾਲੀ ਮੰਤਰੀ ਅਤੇ ਸਿੱਖ ਚਿੰਤਕ ਸ੍ਰ ਮਨਜੀਤ ਸਿੰਘ ਕਲਕੱਤਾ ਨੇ ਕਿਹਾ ਹੈ ਕਿ ਮੂਲ ਰੂਪ ਨਾਨਕਸ਼ਾਹੀ ਕੈਲੰਡਰ ਪ੍ਰਤੀ ਕਿਸੇ ਵੀ ਕਮੀ ਪੇਸ਼ੀ ਬਾਰ ਵਿਚਾਰ ਕਰਨ ਵਾਲੀ ਕਮੇਟੀ ਵਿੱਚ ਜੇਕਰ ਕੋਈ ਸਿੱਖ ਪੰਥ ਦੁਆਰਾ ਪ੍ਰਮਾਣਿਤ ਵਿਦਵਾਨ ਹੀ ਸ਼ਾਮਿਲ ਨਹੀ ਤਾਂ ਇਸ ਕਮੇਟੀ ਦੀ ਕੋਈ ਅਹਿਮੀਅਤ ਨਹੀ ਹੈ।ਅੱਜ ਇਥੇ ਗਲਬਾਤ ਕਰਦਿਆਂ ਸ੍ਰ ਮਨਜੀਤ ਸਿੰਘ ਕਲਕੱਤਾ ਨੇ ਦੱਸਿਆ ਕਿ ਉਹ ਸ੍ਰ ਪਾਲ ਸਿੰਘ ਪੁਰੇਵਾਲ ਦੁਆਰਾ ਨਾਨਕਸ਼ਾਹੀ ਕੈਲੰਡਰ ਦੀ ਜਰੂਰਤ ਤੋਂ ਲੈਕੇ ਤਿਆਰੀ ਦੇ ਹਰ ਪੜਾਅ ਦੌਰਾਨ ਇਸ ਨਾਲ ਜੁੜੇ ਰਹੇ ਹਨ ਅਤੇ ਉਹ ਇਹ ਭਲੀ ਭਾਂਤ ਮਹਿਸੂਸ ਕਰਦੇ ਹਨ ਕਿ ਕੈਲੰਡਰ ਨੂੰ ਜਿਤਨੀ ਤੇਜੀ ਨਾਲ ਖਤਮ ਕਰਨ ਦੀ ਕੋਸਿਸ਼ ਕੀਤੀ ਜਾ ਰਹੀ ਹੈ ਉਤਨੀ ਤੇਜੀ ਨਾਲ ਇਹ ਤਿਆਰ ਨਹੀ ਸੀ ਹੋਇਆ ।ਉਨ੍ਹਾਂ ਦੱਸਿਆ ਕਿ ਸ੍ਰ ਪੁਰੇਵਾਲ ਨੇ ਕੈਲੰਡਰ ਦੀ ਤਿਆਰੀ ਦੇ ਹਰ ਪੜਾਅ ਤੇ ਗੁਰਬਾਣੀ ਅਤੇ ਸਿੱਖ ਇਤਿਹਾਸ ਦੇ ਸੁਹਿਰਦ ਖੋਜੀ ਸਿੱਖ ਵਿਦਵਾਨਾਂ ਅਤੇ ਦੇਸ਼ ਵਿਦੇਸ਼ ਦੀਆਂ ਵੱਖ ਵੱਖ ਮਾਣ ਮੱਤੀਆਂ ਸਿੱਖ ਦੀ ਸੰਸਥਾਵਾਂ ਰਾਏ ਲਈ ।ਉਨ੍ਹਾਂ ਦੱਸਿਆ ਕਿ ਚੰਡੀਗੜ੍ਹ ਦੀ ਸੁਹਿਰਦ ਖੋਜੀ ਸਿੱਖ ਸੰਸਥਾ ਇੰਸਟੀਚਿਊਟ ਆਫ ਸਿੱਖ ਸਟੱਡੀਜ਼ ਦੇ ਨਾਮਵਰ ਵਿਦਵਾਨ ਇਸ ਕੈਲੰਡਰ ਦੀ ਤਿਆਰੀ ਨਾਲ ਜੁੜੇ ਰਹੇ ।ਉਨ੍ਹਾਂ ਕਿਹਾ ਕਿ ਸਿੰਘ ਸਾਹਿਬਾਨ ਨੇ ਕੈਲੰਡਰ ਸਬੰਧੀ ਕਮੇਟੀ ਦਾ ਗਠਨ ਕਰਦਿਆਂ ਕਿਸੇ ਵੀ ਪੰਥ ਪ੍ਰਮਾਣਿਤ ਸਿੱਖ ਵਿਦਵਾਨ ਜਾਂ ਚਿੰਤਕ, ਪ੍ਰੋ: ਪ੍ਰਿਥੀਪਾਲ ਸਿੰਘ ਕਪੂਰ, ਡਾ:ਗੁਰਦਰਸ਼ਨ ਸਿੰਘ ਢਿਲੋਂ, ਸਾਬਕਾ ਆਈ.ਏ.ਐਸ ਸ੍ਰ ਗੁਰਤੇਜ ਸਿੰਘ ਜਾਂ ਕਿਸੇ ਪੰਥ ਪ੍ਰਸਤ ਖੁਗੋਲ ਜਾਂ ਭੁਗੋਲ ਵਿਗਿਆਨੀ ਤੇ ਵਿਦਵਾਨ ਨੂੰ ਸ਼ਾਮਿਲ ਕਿਉਂ ਨਹੀ ਕੀਤਾ। ਇਸ ਦਾ ਖੁਲਾਸਾ ਤਾਂ ਸਿੰਘ ਸਾਹਿਬਾਨ ਹੀ ਕਰ ਸਕਦੇ ਹਨ।
ਉਨ੍ਹਾਂ ਕਿਹਾ ਕਿ ਇਹ ਹਕੀਕਤ ਜਰੂਰ ਹੈ ਸ੍ਰੀ ਦਰਬਾਰ ਸਾਹਿਬ ਉਪਰ ਹੋਏ ਫੌਜੀ ਹਮਲੇ ਤੋਂ ਪੈਦਾ ਹੋਏ ਹਾਲਾਤਾਂ ਨਾਲ ਨਿਪਟਣ ਲਈ ਤਾਂ ਅਸੀਂ ਇਨ੍ਹਾਂ ਵਿਦਵਾਨਾਂ ਤੇ ਸਿੱਖ ਚਿੰਤਕਾਂ ਦੀ ਸੁਹਿਰਦ ਰਾਏ ਲੈਂਦੇ ਰਹੇ ਲੇਕਿਨ ਅੱਜ ਜਦ ਕੌਮ ਲਈ ਇਕ ਨਵੀਂ ਚਣੌਤੀ ਦਰਪੇਸ਼ ਹੈ ਤਾਂ ਇਹ ਵਿਦਵਾਨ ਵਿਸਾਰ ਦਿੱਤੇ ਗਏ।ਉਨ੍ਹਾਂ ਦੱਸਿਆ ਕਿ ਇਹ ਵੀ ਸਚਾਈ ਹੈ ਕਿ ਡਾ:ਅਨੁਰਾਗ ਸਿੰਘ ਪਹਿਲਾਂ ਹੀ ਸਿੱਖ ਦੀ ਪ੍ਰੀਭਾਸ਼ਾ ਨੂੰ ਗਲਤ ਬਿਆਨਣ ਲਈ ਵਿਵਾਦਾਂ ਵਿੱਚ ਰਹੇ ਹਨ ਅਤੇ ਕਰਨਲ ਸੁਰਜੀਤ ਸਿੰਘ ਨਿਸ਼ਾਨ ਪਹਿਲੇ ਦਿਨ ਤੋਂ ਹੀ ਨਾਨਕਸ਼ਾਹੀ ਕੈਲੰਡਰ ਦੇ ਵਿਰੋਧੀ ਰਹੇ ਹਨ।ਉਨ੍ਹਾਂ ਕਿਹਾ ਕਿ ਜਤੇਦਾਰ ਜੀ ਇਹ ਵੀ ਸਪਸ਼ਟ ਨਹੀ ਕਰ ਸਕੇ ਕਿ ਕਦੇ ਪਹਿਲਾਂ ਵੀ ਉਪਰੋਕਤ ‘ਮਾਹਿਰਾਂ’ਨੇ ਕੈਲੰਡਰ ਦੀ ਤਿਆਰੀ ਬਾਰੇ ਕੋਈ ਸਾਰਥਿਕ ਸੁਝਾਅ ਆਦਿ ਭੇਜੇ ਹਨ।ਸ੍ਰ ਕਲਕੱਤਾ ਨੇ ਕਿਹਾ ਨਾਨਕਸ਼ਾਹੀ ਕੈਲੰਡਰ ਸਿੱਖ ਕੌਮ ਦੀ ਮਾਨਸਿਕਤਾ ਦੀ ਤਰਜਮਾਨੀ ਕਰਦਾ ਹੈ ,ਇਸਦੀ ਅੱਡਰੀ ਨਿਆਰੀ ਤੇ ਵਿਲੱਖਣ ਹੋਂਦ ਹਸਤੀ ਦਾ ਪ੍ਰਤੀਕ ਹੈ ,ਇਹ ਇੱਕ ਐਸਾ ਮਸਲਾ ਹੈ ਜਿਸਦੇ ਹੱਲ ਲਈ ਮਾਹਿਰਾਂ ਦੀ ਰਾਏ ਦੀ ਲੋੜ ਹੈ ਨਾਕਿ ਤਮਾਸ਼ਬੀਨਾਂ ਤੇ ਮੌਕਾ ਪ੍ਰਸਤਾਂ ਦੀ, ਇਹ ਇੱਕ ਐਸਾ ਅਪਰੇਸ਼ਨ ਹੈ ਜਿਸ ਨੂੰ ਕੇਵਲ ਮਾਹਿਰ ਹੀ ਕਰ ਸਕਣਗੇ ਤੇ ਇਹ ਕਿਸੇ ਚੌਰਾਹੇ ਵਿੱਚ ਰੱਖ ਕੇ ਵੀ ਅੰਜ਼ਾਮ ਨਹੀ ਦਿੱਤਾ ਜਾ ਸਕਦਾ।ਸ੍ਰ. ਕਲਕੱਤਾ ਨੇ ਕਿਹਾ ਕਿ ਅੱਜ ਜਦਕਿ ਸਮੁਚਾ ਸੰਸਾਰ, ਵੱਖ ਵੱਖ ਬਿਜਲਈ ਤੇ ਸ਼ੋਸ਼ਲ ਮੀਡੀਆ ਦੇ ਮਾਧਿਅਮ ਸਿੱਖ ਕੌਮ ਦੇ ਵਿਲੱਖਣ ਤੇ ਵੱਡਮੁੱਲੇ ਸਿਧਾਂਤਾਂ ਵੱਲ ਆਸ ਦੀ ਨਜਰ ਨਾਲ ਵੇਖ ਰਿਹਾ ਹੈ ਤਾਂ ਸਾਨੂੰ ਇਸ ਕੈਲੰਡਰ ਮਸਲੇ ਦੇ ਹੱਲ ਬਾਰੇ ਸੁਹਿਰਦ ਹੋਣ ਦੀ ਲੋੜ ਹੈ।ਨਾਨਕਸ਼ਾਹੀ ਕੈਲੰਡਰ ਵਿਵਾਦ ਖਤਮ ਕਰਨ ਨੂੰ ਪੰਥਕ ਏਕਤਾ ਬਹਾਲ ਕਰਨ ਨਾਲ ਜੋੜਨ ਬਾਰੇ ਗਿਆਨੀ ਗੁਰਬਚਨ ਸਿੰਘ ਦੁਆਰਾ ਦਿੱਤੇ ਬਿਆਨ ਦਾ ਜਿਕਰ ਕਰਦਿਆਂ ਸ੍ਰ ਕਲਕੱਤਾ ਨੇ ਕਿਹਾ ਕਿ ਸਿੰਘ ਸਾਹਿਬ ਇਹ ਯਕੀਨੀ ਬਨਾਉਣ ਕਿ ਇਸ ਕਮੇਟੀ ਵਿੱਚ ਸ਼ਾਮਿਲ ਹੋਣ ਵਾਲੇ ਲੋਕ ਸਭਤੋਂ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋਕੇ ਇਸ ਦੁਆਰਾ ਪ੍ਰਮਾਣਿਤ ਰਹਿਤ ਮਰਿਆਦਾ ਨੂੰ ਪ੍ਰਵਾਨ ਕਰਨ,ਅਜੇਹਾ ਕਰਨ ਨਾਲ ਪੰਥਕ ਏਕਤਾ ਦਾ ਰਾਹ ਆਪਣੇ ਆਪ ਹੀ ਖੁਲ ਜਾਵੇਗਾ,ਇਸ ਲਈ ਸਿੰਘ ਸਾਹਿਬਾਨ ਆਪਣੇ ਕੀਤੇ ਹੋਏ ਫੈਸਲੇ ਪ੍ਰਤੀ ਨਜਰਸਾਨੀ ਜਰੂਰ ਕਰਨ।

Check Also

ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …

Leave a Reply