ਪੱਟੀ, 10 ਮਾਰਚ (ਅਵਤਾਰ ਸਿੰਘ ਢਿੱਲੋ, ਰਣਜੀਤ ਸਿੰਘ ਮਾਹਲਾ )- ਨਗਰ ਕਾਸਲ ਪੱਟੀ ਦਾ 14ਵਾਂ ਪ੍ਰਧਾਨ ਸਾਬਕਾ ਡਾਇਰੈਕਟਰ ਸੁਰਿੰਦਰ ਕੁਮਾਰ ਸ਼ਿੰਦਾ ਨੂੰ ਬਣਾ ਕੇ ਕੈਬਨਿਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਪੱਟੀ ਸ਼ਹਿਰ ਦਾ ਵੋਟ ਬੈਂਕ ਇਕੱਠਿਆਂ ਕਰਨ ਲਈ ਇਕ ਵੱਡਾ ਉਪਰਾਲਾ ਕੀਤਾ ਹੈ ਜੋ ਕਿ ਵਿਧਾਨ ਸਭਾ ਚੋਣਾਂ 2017 ਵਿੱਚ ਅਕਾਲੀ ਦਲ ਲਈ ਜਿੱਤ ਪ੍ਰਾਪਤ ਕਰਨ ਵਿੱਚ ਸਹਾਈ ਸਾਬਿਤ ਹੋਵੇਗਾ। ਵਰਣਨਯੋਗ ਹੈ ਕਿ ਕਰੀਬ 4 ਸਾਲ ਪਹਿਲਾਂ ਨਗਰ ਕਾਸਲ ਦੇ ਪ੍ਰਧਾਨ ਵਲੋਂ ਅਸਤੀਫ਼ਾ ਦੇਣ ਕਾਰਨ ਪ੍ਰਧਾਨਗੀ ਦਾ ਅਹੁਦਾ ਖਾਲੀ ਹੋਣ ਕਾਰਨ ਸ਼ਹਿਰ ਦੇ ਵਿਕਾਸ ਠੀਕ ਢੰਗ ਨਾਲ ਨਹੀਂ ਹੋ ਰਿਹਾ ਸੀ ਉੱਥੇ ਹੀ ਮੰਤਰੀ ਕੈਰੋਂ ਦੀ ਵੋਟ ਬੈਂਕ ਨੂੰ ਵੀ ਵੱਡਾ ਖੋਰਾ ਲੱਗ ਰਿਹਾ ਸੀ ਤੇ 2012 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਇਸੇ ਕਾਰਨ ਹੀ ਪੱਟੀ ਸ਼ਹਿਰ ਤੋਂ ਮੰਤਰੀ ਕੈਰੋਂ ਦੀ ਕਰੀਬ ਸਾਢੇ 5 ਹਜ਼ਾਰ ਵੋਟਾਂ ਨਾਲ ਹਾਰ ਹੋਈ ਸੀ ਪਰ ਵਿਧਾਨ ਸਭਾ ਚੋਣਾਂ ਵਿੱਚ ਕੈਬਨਿਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੀ ਜਿੱਤ ਤੋਂ ਬਾਅਦ ਨਗਰ ਕਾਸਲ ਵਿੱਚ ਪ੍ਰਧਾਨਗੀ ਦੀ ਸੀਟ ਖ਼ਾਲੀ ਹੋਣ ਕਾਰਨ ਸ਼ਹਿਰ ਦੇ ਵਿਕਾਸ ਵਿੱਚ ਰੁਕਾਵਟਾਂ ਆਉਣ ਕਾਰਨ ਕੈਬਨਿਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਤੇ ਬੀਬਾ ਪ੍ਰਨੀਤ ਕੌਰ ਕੈਰੋਂ ਨੇ ਸ਼ਹਿਰ ਦਾ ਵਿਕਾਸ ਕਰਵਾਉਣ ਲਈ ਕਮਾਨ ਸੁਰਿੰਦਰ ਕੁਮਾਰ ਸ਼ਿੰਦਾ ਨੂੰ ਦੇ ਦਿੱਤੀ ਅਤੇ ਹਾਲ ਹੀ ਵਿਚ ਹੋਈਆਂ ਨਗਰ ਕਾਸਲ ਚੋਣਾਂ ਵਿੱਚ ਸ਼ਹਿਰ ਦੀਆਂ 19 ਵਾਰਡਾਂ ਵਿਚੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ 18 ਉਮੀਦਵਾਰਾਂ ਨੇ ਭਾਰੀ ਬਹੁਮਤ ਨਾਲ ਜਿੱਤ ਹਾਸਿਲ ਕੀਤੀ ਅਤੇ ਸ਼ਹਿਰ ਦੀਆਂ ਸਾਰੀਆਂ ਵਾਰਡਾਂ ਵਿੱਚੋਂ ਕਰੀਬ 10000 ਤੋਂ ਵੱਧ ਵੋਟਾਂ ਦੀ ਲੀਡ ਹਾਸਿਲ ਕੀਤੀ ਜੋ ਕਿ ਸ਼੍ਰੋਮਣੀ ਅਕਾਲੀ ਦਲ ਪਾਰਟੀ ਲਈ ਸਭ ਤੋਂ ਵੱਡੀ ਲੀਡ ਹੈ। ਨਗਰ ਕਾਸਲ ਚੋਣਾਂ ਤੋਂ ਬਾਅਦ ਅਕਾਲੀ ਕਾਸਲਰਾਂ ਵਿੱਚੋਂ ਕੁਲਵੰਤ ਸਿੰਘ ਸਰਾਫ਼ ਸਾਬਕਾ ਪ੍ਰਧਾਨ ਨਗਰ ਕਾਸਲ, ਗੁਰਚਰਨ ਸਿੰਘ ਚੰਨ ਸ਼ਹਿਰੀ ਪ੍ਰਧਾਨ, ਲਖਬੀਰ ਸਿੰਘ ਲੁਹਾਰੀਆ ਤੇ ਸੁਰਿੰਦਰ ਕੁਮਾਰ ਸ਼ਿੰਦਾ ਨਗਰ ਕਾਸਲ ਦੀ ਪ੍ਰਧਾਨਗੀ ਲਈ ਮੁੱਖ ਦਾਅਵੇਦਾਰ ਸਨ। ਇਨ੍ਹਾਂ ਵਿੱਚੋਂ ਕੁਲਵੰਤ ਸਿੰਘ ਸਰਾਫ਼ ਜੋ ਕਿ ਵਿਧਾਨ ਸਭਾ ਚੋਣਾਂ 2012 ਦੌਰਾਨ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋ ਗਏ ਸਨ ਤੇ ਚੋਣਾਂ ਤੋਂ ਬਾਅਦ ਦੁਬਾਰਾ ਅਕਾਲੀ ਦਲ ਵਿੱਚ ਸ਼ਾਮਿਲ ਹੋ ਗਏ। ਉਨ੍ਹਾਂ ਨੇ ਨਗਰ ਕਾਸਲ ਚੋਣਾਂ ਵਿੱਚ ਅਕਾਲੀ ਦਲ ਦੇ ਚੋਣ ਨਿਸ਼ਾਨ ‘ਤੇ ਜਿੱਤ ਹਾਸਲ ਕੀਤੀ, ਦੂਜੇ ਪਾਸੇ ਸੁਰਿੰਦਰ ਕੁਮਾਰ ਸ਼ਿੰਦਾ ਜੋ ਕਿ ਪਿਛਲੇ ਲੰਮੇ ਸਮੇਂ ਤੋਂ ਅਕਾਲੀ ਦਲ ਦਾ ਵਫ਼ਾਦਾਰ ਸਿਪਾਹੀ ਰਿਹਾ ਹੈ, ਨੂੰ ਕੈਬਨਿਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਨਗਰ ਕਾਸਲ ਦਾ ਪ੍ਰਧਾਨ ਬਣਾ ਕੇ ਸ਼ਹਿਰ ਅੰਦਰ ਜੈਨ, ਅਰੋੜਾ, ਖੱਤਰੀ, ਐੱਸ.ਸੀ., ਵੋਟ ਬੈਂਕ ਨੂੰ ਇਕਜੁੱਟ ਕਰਨ ਵਿੱਚ ਵੱਡੀ ਕਾਮਯਾਬੀ ਹਾਸਿਲ ਕੀਤੀ ਹੈ। ਵਿਧਾਨ ਸਭਾ ਚੋਣਾਂ 2017 ਵਿੱਚ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੀ ਜਿੱਤ ਲਈ ਇਹ ਵੋਟ ਬੈਂਕ ਸਹਾਈ ਸਿੱਧ ਹੋਵੇਗਾ ਉੱਥੇ ਹੀ ਸੁਰਿੰਦਰ ਕੁਮਾਰ ਸ਼ਿੰਦਾ ਦੀ ਅਗਵਾਈ ਹੇਠ ਸ਼ਹਿਰ ਦਾ ਵਿਕਾਸ ਨਿਰਪੱਖ ਤੌਰ ‘ਤੇ ਹੋਣ ਦੀ ਆਸ ਹੈ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …