ਪੰਜਾਬ ਸਰਕਾਰ ਸ੍ਰੀ ਨਾਮਦੇਵ ਨਗਰ ਘੁਮਾਣ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ – ਧੁੱਗਾ
ਬਟਾਲਾ, 10 ਅਪ੍ਰੈਲ (ਨਰਿੰਦਰ ਬਰਨਾਲ) – ਪੰਜਾਬ ਸਰਕਾਰ ਵੱਲੋਂ ਸ਼੍ਰੋਮਣੀ ਭਗਤ ਨਾਮਦੇਵ ਜੀ ਦੀ ਵਰਸੋਈ ਧਰਤੀ ਘੁਮਾਣ ਦਾ ਸਰਬਪੱਖੀ ਵਿਕਾਸ ਕਰਨ ਦੇ ਨਾਲ ਇਲਾਕੇ ‘ਚ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਲਈ ਵੀ ਯਤਨ ਅਰੰਭ ਕਰ ਦਿੱਤੇ ਗਏ ਹਨ। ਹਾਲ ਹੀ ਵਿੱਚ ਹੋਏ ਮਰਾਠੀ ਸੰਮੇਲਨ ਦੌਰਾਨ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਭਗਤ ਨਾਮਦੇਵ ਜੀ ਦੀ ਯਾਦ ਵਿੱਚ ਘੁਮਾਣ ਵਿਖੇ ਬਣਨ ਵਾਲੇ ਸਰਕਾਰੀ ਡਿਗਰੀ ਕਾਲਜ ਦਾ ਨੀਂਹ ਪੱਥਰ ਰੱਖਿਆ ਹੈ।10 ਏਕੜ ਜ਼ਮੀਨ ਵਿੱਚ 12 ਕਰੋੜ ਰੁਪਏ ਦੀ ਲਾਗਤ ਨਾਲ ਬਣ ਰਹੇ ਇਸ ਡਿਗਰੀ ਕਾਲਜ ਨਾਲ ਇਲਾਕੇ ਵਿੱਚ ਉਚੇਰੀ ਸਿੱਖਿਆ ਨੂੰ ਵੱਡਾ ਹੁੰਗਾਰਾ ਮਿਲੇਗਾ। ਘੁਮਾਣ ਵਿਖੇ ਬਣਨ ਵਾਲੇ ਡਿਗਰੀ ਕਾਲਜ ਤੋਂ ਇਲਾਕਾ ਨਿਵਾਸੀ ਬਹੁਤ ਖੁਸ਼ ਹਨ ਅਤੇ ਇਸ ਲਈ ਲੋਕਾਂ ਨੇ ਸੂਬਾ ਸਰਕਾਰ ਦਾ ਧੰਨਵਾਦ ਵੀ ਕੀਤਾ ਹੈ।
ਘੁਮਾਣ ਦੇ ਵਿਕਾਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਸੰਸਦੀ ਸਕੱਤਰ ਸ੍ਰੀ ਦੇਸਰਾਜ ਸਿੰਘ ਧੁੱਗਾ ਨੇ ਕਿਹਾ ਕਿ ਡਿਗਰੀ ਕਾਲਜ ਬਣਨ ਨਾਲ ਘੁਮਾਣ ਅਤੇ ਸ੍ਰੀ ਹਰਗੋਬਿੰਦਪੁਰ ਇਲਾਕੇ ਦੇ ਨੌਜਵਾਨ ਲੜਕੇ-ਲੜਕੀਆਂ ਨੂੰ ਉਚੇਰੀ ਸਿੱਖਿਆ ਲਈ ਦੂਰ ਨਹੀਂ ਜਾਣਾ ਪਵੇਗਾ।ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਬਾਦਲ ਵੱਲੋਂ ਘੁਮਾਣ ਦੇ ਸਰਕਾਰੀ ਹਾਈ ਸਕੂਲ (ਲੜਕੇ) ਨੂੰ ਅੱਪ-ਗਰੇਡ ਕਰਕੇ 12ਵੀਂ ਤੱਕ ਕਰ ਦਿੱਤਾ ਗਿਆ ਹੈ ਅਤੇ ਇਸ ਸਕੂਲ ‘ਚ ਵੱਡੀਆਂ ਕਲਾਸਾਂ ਲਈ ਲੈਕਚਰਾਰਾਂ ਦੀਆਂ ਪੋਸਟਾਂ ਵੀ ਮਨਜੂਰ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਸ ਵਿਦਿਅਕ ਵਰ੍ਹੇ ਤੋਂ 11ਵੀਂ ਤੇ 12ਵੀਂ ਦੀਆਂ ਕਲਾਸਾਂ ਇਸ ਸਕੂਲ ਵਿੱਚ ਸ਼ੂਰੂ ਕੀਤੀਆਂ ਜਾ ਰਹੀਆਂ ਹਨ। ਸ੍ਰੀ ਦੇਸਰਾਜ ਸਿੰਘ ਧੁੱਗਾ ਨੇ ਕਿਹਾ ਕਿ ਘੁਮਾਣ ਵਿਖੇ ਪਹਿਲਾਂ ਹੀ ਸਰਕਾਰੀ ਹਾਈ ਸਕੂਲ (ਲੜਕੀਆਂ) ਦਾ ਨੂੰ 12ਵੀ ਤੱਕ ਕੀਤਾ ਜਾ ਚੁੱਕਾ ਹੈ ਅਤੇ ਇਸ ਸਕੂਲ ਦੀ ਇਮਾਰਤ ਵੀ ਨਵੀਂ ਬਣਾਈ ਗਈ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਇਲਾਕੇ ਵਿੱਚ ਸਿੱਖਿਆ ਦੇ ਪਸਾਰ ਲਈ ਵੱਚਨਬੱਧ ਹੈ ਅਤੇ ਡਿਗਰੀ ਕਾਲਜ ਵੀ ਬਹੁਤ ਛੇਤੀ ਬਣ ਕੇ ਤਿਆਰ ਹੋ ਜਾਵੇਗਾ।
ਮੁੱਖ ਸੰਸਦੀ ਸਕੱਤਰ ਸ੍ਰੀ ਦੇਸਰਾਜ ਸਿੰਘ ਧੁੱਗਾ ਨੇ ਅੱਗੇ ਕਿਹਾ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਬਰਾਸਤਾ ਚੌਕ ਮਹਿਤਾ, ਘੁਮਾਣ, ਸ੍ਰੀ ਹਰਗੋਬਿੰਦਪੁਰ, ਟਾਂਡਾ ਤੇ ਹੁਸ਼ਿਆਰਪੁਰ ਹੋ ਕੇ ਊਨਾ ਜਾਣ ਵਾਲੀ ਸੜਕ ਨੂੰ 1800 ਕਰੋੜ ਰੁਪਏ ਦੀ ਲਾਗਤ ਨਾਲ ਛੇਤੀ ਹੀ ਚਹੁ-ਮਾਰਗੀ ਬਣਾ ਦਿੱਤਾ ਜਾਵੇਗਾ ਅਤੇ ਇਸ ਹਾਈਵੇ ਦੇ ਬਣਨ ਨਾਲ ਇਲਾਕੇ ਦੀ ਤੱਰਕੀ ਨੂੰ ਵੀ ਨਵਾਂ ਹੁਲਾਰਾ ਮਿਲੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਬਾਦਲ ਘੁਮਾਣ ਵਿੱਚ ਜਲ ਸਪਲਾਈ ਤੇ ਸੀਵਰੇਜ ਪਾਉਣ ਦੇ ਪ੍ਰੋਜੈਕਟ ਦਾ ਐਲਾਨ ਵੀ ਕਰ ਗਏ ਹਨ ਅਤੇ ਇਸ ਪ੍ਰੋਜੈਕਟ ਉੱਪਰ ਵੀ ਛੇਤੀ ਹੀ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਸ੍ਰੀ ਧੁੱਗਾ ਨੇ ਕਿਹਾ ਕਿ ਪੰਜਾਬ ਸਰਕਾਰ ਸ੍ਰੀ ਨਾਮਦੇਵ ਜੀ ਦੀ ਪਵਿੱਤਰ ਧਰਤੀ ਘੁਮਾਣ ਦੇ ਸਰਬਪੱਖੀ ਵਿਕਾਸ ਲਈ ਪੂਰੀ ਤਰਾਂ ਵੱਚਨਬੱਧ ਹੈ ਅਤੇ ਘੁਮਾਣ ਦੇ ਵਿਕਾਸ ‘ਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।