ਕਿਸਾਨਾਂ ਨੂੰ ਖੇਤੀ ਖਰਚੇ ਘੱਟ ਕਰਨ ਦੀ ਦਿੱਤੀ ਸਲਾਹ
ਫ਼ਾਜ਼ਿਲਕਾ, 15 ਜੁਲਾਈ (ਵਿਨੀਤ ਅਰੋੜਾ) – ਜ਼ਿਲ੍ਹਾ ਫਾਜ਼ਿਲਕਾ ਵਿੱਚ ਜ਼ਿਆਦਾਤਰ ਕਿਸਾਨ ਝੋਨੇ ਅਤੇ ਬਾਸਮਤੀ ਵਿੱਚ ਦੇਖਾ-ਦੇਖੀ, ਦੁਕਾਨਦਾਰ ਜਾਂ ਕੰਪਨੀਆਂ ਵਾਲਿਆਂ ਦੇ ਕਹਿਣ ਤੇ ਗੈਰ-ਸਿਫਾਰਸ਼ਸੁਦਾ, ਬਿਨ੍ਹਾਂ ਵਜ੍ਹਾ ਖੇਤੀ ਸਮੱਗਰੀ ਦੀ ਅੰਧਾਧੁੰਦ ਵਰਤੋਂ ਕਰ ਰਹੇ ਹਨ ਜਿਸ ਨਾਲ ਝੋਨਾ/ਬਾਸਮਤੀ ਦੀ ਫ਼ਸਲ ਨੂੰ ਕਿਸੇ ਕਿਸਮ ਦਾ ਫਾਇਦਾ ਨਹੀਂ ਹੁੰਦਾ ਸਗੋਂ ਬੇਲੋੜੇ ਖੇਤੀ ਖਰਚਿਆਂ ਵਿੱਚ ਬੇਹਿਤਾਸ਼ਾ ਵਾਧਾ ਹੋ ਜਾਂਦਾ ਹੈ, ਇਹ ਸ਼ਬਦ ਸ. ਹਰਦੀਪ ਸਿੰਘ ਭੁੱਲਰ ਮੁੱਖ ਖੇਤੀਬਾੜੀ ਅਫ਼ਸਰ, ਫਾਜ਼ਿਲਕਾ ਨੇ ਕਿਸਾਨਾਂ ਨਾਲ ਪ੍ਰੈਸ ਰਾਹੀਂ ਸਾਂਝੇ ਕੀਤੇ।
ਸ. ਭੁੱਲਰ ਨੇ ਕਿਹਾ ਕਿ ਬਹੁਤੇ ਕਿਸਾਨ ਝੋਨੇ/ਬਾਸਮਤੀ ਦੀ ਫ਼ਸਲ ਵਿਚ ਸਿਉਕ ਦਾ ਹਮਲਾ ਹੋਣ ਦੇ ਡਰੋਂ ਕਲੋਰਪੈਰੀਫਾਸ 20 ਪ੍ਰਤੀਸ਼ਤ ਦੀ ਝੋਨੇ ਦੀ ਫ਼ਸਲ ਵਿੱਚ ਛਿੱਟੇ ਨਾਲ ਪਾ ਰਹੇ ਹਨ ਜਦੋਂ ਕਿ ਸਿਉਕ ਝੋਨੇ/ਬਾਸਮਤੀ ਦੀ ਫ਼ਸਲ ਦਾ ਕੀੜਾ ਹੀ ਨਾ ਹੋਣ ਕਰਕੇ ਇਨ੍ਹਾਂ ਫ਼ਸਲਾਂ ਤੇ ਹਮਲਾ ਨਹੀਂ ਕਰਦੀ। ਫਿਰ ਵੀ ਜਿੰਨ੍ਹਾਂ ਖੇਤਾਂ ਵਿਚ ਝੋਨਾ/ਬਾਸਮਤੀ ਦੇ ਬੂਟੇ ਲੱਗਣ ਤੋਂ ਬਾਅਦ ਜੜ੍ਹਾਂ ਕੱਟਣ ਕਰਕੇ ਸੁੱਕਦੇ ਹਨ ਉਨ੍ਹਾਂ ਖੇਤਾਂ ਵਿੱਚ ਸਿਉਂਕ ਦੀ ਬਜਾਏ ਜੜ੍ਹਾਂ ਨੂੰ ਕੱਟਣ ਵਾਲੀ ਬਿਨ੍ਹਾਂ ਪੈਰਾਂ ਵਾਲੀ ਸੁੰਡੀ(ਰੂਟਵੀਵਲ) ਦਾ ਹਮਲਾ ਹੋ ਸਕਦਾ ਹੈ ਜਿਸ ਦੀ ਰੋਕਥਾਮ ਲਈ ਫੋਰੇਟ 10 ਤਿੰਨ ਕਿ:ਗ੍ਰਾ: ਪ੍ਰਤੀ ਏਕੜ ਕੀਟਨਾਸ਼ਕ ਦਵਾਈ ਖੜ੍ਹੇ ਪਾਣੀ ਵਿਚ ਪਾਉਣ ਦੀ ਜ਼ਰੂਰਤ ਹੈ ਜੋ ਕਿਸਾਨਾਂ ਲਈ ਸਸਤੀ ਪੈਂਦੀ ਹੈ ਅਤੇ ਬੇਹੱਦ ਕਾਰਗਰ ਵੀ ਸਿੱਧ ਹੁੰਦੀ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਕੁਝ ਦੁਕਾਨਦਾਰ ਜਾਂ ਕੰਪਨੀਆਂ ਵਾਲੇ ਬਾਸਮਤੀ ਦੀ ਫ਼ਸਲ ਵਿੱਚ ਝੰਡਾ ਰੋਗ ਦੀ ਰੋਕਥਾਮ ਲਈ ਕਿਸਾਨਾਂ ਤੋਂ ਖੇਤਾਂ ਵਿੱਚ ਖੜ੍ਹੇ ਪਾਣੀ ਵਿਚ ਕਾਰਬਨਡਿਜ਼ਮ (ਬਵਿਸਟਨ) 500 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਪਵਾ ਰਹੇ ਹਨ, ਜਿਸ ਦੀ ਬਿਲਕੁਲ ਜ਼ਰੂਰਤ ਨਹੀਂ ਹੈ ਅਤੇ ਨਾ ਹੀ ਇਸ ਤਰ੍ਹਾਂ ਦੀ ਯੂਨੀਵਰਸਿਟੀ ਦੀ ਕੋਈ ਸਿਫ਼ਾਰਸ਼ ਹੈ ਅਤੇ ਨਾ ਹੀ ਇਹ ਦਵਾਈ ਨਾਲ ਝੰਡਾ ਰੋਗ ਦੀ ਰੋਕਥਾਮ ਹੁੰਦੀ ਹੈ ਇਸ ਕਰਕੇ ਕਿਸਾਨ ਵੀਰ ਬਵਿਸਟਨ ਦਵਾਈ ਖੇਤਾਂ ਵਿਚ ਪਾ ਕੇ ਆਪਣੇ ਖ਼ਰਚੇ ਵਿੱਚ ਹੀ ਬੇਲੋੜਾ ਵਾਧਾ ਕਰ ਰਹੇ ਹਨ।ਉਨ੍ਹਾਂ ਕਿਸਾਨਾਂ ਨੂੰ ਝੰਡਾ ਰੋਗ ਦੀ ਰੋਕਥਾਮ ਲਈ ਸੁਝਾਅ ਦਿੱਤਾ ਕਿ ਬਾਸਮਤੀ ਦੀ ਲਵਾਈ ਤੋਂ ਪਹਿਲਾਂ ਪਨੀਰੀ ਦੀਆਂ ਜੜ੍ਹਾਂ ਨੂੰ 6 ਘੰਟਿਆਂ ਵਾਸਤੇ 200 ਗ੍ਰਾਮ ਬਵਿਸਟਨ ਦਵਾਈ ਦੇ ਘੋਲ ਵਿੱਚ ਡਬੋ ਕੇ ਸੋਧਣ ਨਾਲ ਝੰਡਾ ਰੋਗ ਦੀ ਰੋਕਥਾਮ ਹੋ ਜਾਂਦੀ ਹੈ।
ਸ. ਭੁੱਲਰ ਨੇ ਇਹ ਵੀ ਕਿਹਾ ਕਿ ਬਹੁਤੇ ਕਿਸਾਨ ਵੀਰ ਦੁਕਾਨਾਂ ਅਤੇ ਕੰਪਨੀਆਂ ਦੇ ਆਖੇ ਵੇਖੇ ਸਲਫ਼ਰ (ਪੈਕੇਟਾਂ ਵਾਲਾ)ਦੀ ਵਰਤੋਂਂ ਝੋਨੇ/ਬਾਸਮਤੀ ਦੀ ਫ਼ਸਲ ਵਿਚ ਕਰ ਰਹੇ ਹਨ, ਜਿਸ ਦੀ ਯੂਨੀਵਰਸਿਟੀ ਵੱਲੋਂ ਕੋਈ ਸਿਫਾਰਸ਼ ਨਹੀਂ ਅਤੇ ਨਾ ਹੀ ਸਲਫ਼ਰ ਪਾਉਣ ਨਾਲ ਝੋਨੇ/ਬਾਸਮਤੀ ਦੀ ਫ਼ਸਲ ਦੇ ਝਾੜ ਵਿਚ ਕਿਸੇ ਕਿਸਮ ਦਾ ਵਾਧਾ ਹੁੰਦਾ ਹੈ, ਉਨ੍ਹਾਂ ਕਿਸਾਨਾਂ ਨੂੰ ਕਿਹਾ ਕਿ ਦੁਕਾਨਦਾਰਾਂ ਵਲੋਂ ਪਵਾਈ ਜਾ ਰਹੀ ਉਪਰੋਕਤ ਦੱਸੀ ਬੇਲੋੜੀ ਖੇਤੀ ਸਮੱਗਰੀ ਨਾਲ ਕਿਸਾਨਾਂ ਦਾ ਕਿਸੇ ਕਿਸਮ ਦਾ ਕੋਈ ਫਾਇਦਾ ਨਹੀਂ ਹੁੰਦਾ ਉਲਟਾ ਕੰਪਨੀਆਂ ਵਾਲੇ ਤੇ ਦੁਕਾਨਦਾਰ ਆਪਣੇ ਨਿੱਜੀ ਹਿੱਤਾਂ ਦੀ ਖਾਤਿਰ ਕਿਸਾਨਾਂ ਦੇ ਖੇਤੀ ਖਰਚਿਆਂ ਵਿਚ ਵਾਧਾ ਕਰਾ ਰਹੇ ਹਨ ਜੋ ਕਿ ਬੇਹੱਦ ਮੰਦਭਾਗੀ ਗੱਲ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਕੁਝ ਕਿਸਾਨ ਫੈਰਿਸ ਸਲਫੇਟ (ਲੋਹਾ ਤੱਤ) ਨੂੰ ਜ਼ਮੀਨ ਵਿਚ ਪਾ ਰਹੇ ਹਨ ਜਦ ਕਿ ਪੌਦਾ ਲੋਹੇ ਤੱਤ ਨੂੰ ਜ਼ਮੀਨ ਵਿਚੋਂ ਜੜਾਂ ਰਾਹੀਂ ਨਹੀਂ ਲੈ ਸਕਦਾ, ਜਿੰਨ੍ਹਾਂ ਕਿਸਾਨਾਂ ਨੇ ਝੋਨਾ/ਬਾਸਮਤੀ ਦੀ ਡਰਿੱਲ ਰਾਹੀਂ ਸਿੱਧੀ ਬਿਜਾਈ ਕੀਤੀ ਹੈ ਜਾਂ ਜ਼ਮੀਨਾਂ ਹਲਕੀਆਂ ਹਨ ਉਨ੍ਹਾਂ ਖੇਤਾਂ ਵਿੱਚ ਲੋਹਾ ਤੱਤ ਜ਼ਮੀਨ ਵਿੱਚ ਪਾਉਣ ਦੀ ਬਜਾਏ ਇੱਕ ਕਿ: ਗ੍ਰਾ: ਫੈਰਿਸ ਸਲਫੇਟ ਨੂੰ 200 ਲੀਟਰ ਪਾਣੀ ਵਿਚ ਮਿਲਾ ਕੇ ਛਿੜਕਾਅ ਕਰਨ ਦੀ ਜ਼ਰੂਰਤ ਹੈ ਤਾਂ ਕਿ ਝੋਨੇ ਦੇ ਨਵੇਂ ਨਿਕਲ ਰਹੇ ਪੱਤੇ ਪੀਲੇ ਨਾ ਹੋਣ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਝੋਨੇ/ਬਾਸਮਤੀ ਵਿੱਚ ਜ਼ਿੰਕ ਸਲਫੇਟ 21 ਪ੍ਰਤੀਸ਼ਤ 20 ਤੋਂ 25 ਕਿ: ਗ੍ਰਾ: ਪ੍ਰਤੀ ਏਕੜ ਅਤੇ ਯੂਰੀਆ ਖਾਦ ਤੋਂ ਬਿਨ੍ਹਾਂ ਬਾਕੀ ਵਰਤੀਆਂ ਜਾ ਰਹੀਆਂ ਖੇਤੀ ਸਮੱਗਰੀਆਂ ਕਿਸਾਨਾਂ ਲਈ ਇਕੱਲੀਆਂ ਬੇਲੋੜੀਆਂ ਅਤੇ ਗੈਰਜ਼ਰੂਰੀ ਨਹੀਂ ਸਗੋਂ ਕਿਸਾਨਾਂ ਦੇ ਖੇਤੀ ਖ਼ਰਚਿਆਂ ਵਿੱਚ ਵਾਧਾ ਕਰਦੀਆਂ ਹਨ।ਉਨ੍ਹਾਂ ਦੁਕਾਨਦਾਰਾਂ ਅਤੇ ਕੰਪਨੀਆਂ ਵਾਲਿਆਂ ਨੂੰ ਵੀ ਤਾੜਨਾ ਕੀਤੀ ਕਿ ਕਿਸਾਨਾਂ ਨੂੰ ਗੈਰ ਸਿਫ਼ਾਰਸ਼, ਗੈਰ ਮਿਆਰੀ ਤੇ ਬੇਲੋੜੀ ਖੇਤੀ ਸਮੱਗਰੀ ਪਵਾ ਕੇ ਕਿਸਾਨਾਂ ਦੇ ਕਰਜ਼ੇ ਦੇ ਬੋਝ ਨੂੰ ਹੋਰ ਨਾ ਵਧਾਇਆ ਜਾਵੇ।ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿਚ ਅਚਨਚੇਤ ਚੈਕਿੰਗ ਦੌਰਾਨ ਜੇਕਰ ਕੋਈ ਦੁਕਾਨਦਾਰ ਇਸ ਤਰ੍ਹਾਂ ਦੀ ਖੇਤੀ ਸਮੱਗਰੀ ਕਿਸਾਨਾਂ ਨੂੰ ਦੇ ਰਿਹਾ ਹੋਵੇਗਾ ਤਾਂ ਉਸ ਤੇ ਤੁਰੰਤ ਸਖ਼ਤ ਕਾਰਵਾਈ ਕੀਤੀ ਜਾਵੇਗੀ।ਇਸ ਸਮੇ ਉਨ੍ਹਾਂ ਨਾਲ ਏ.ਈ.ਓ ਪਰਵਿੰਦਰ ਸਿੰਘ ਧੰਜੂ ਵੀ ਹਾਜ਼ਰ ਸਨ।
Punjab Post Daily Online Newspaper & Print Media