ਮਲੇਰਕੋਟਲਾ/ ਸੰਦੌੜ, 9 ਅਗਸਤ (ਹਰਮਿੰਦਰ ਸਿੰਘ ਭੱਟ) – ਪੰਜਾਬ ਸਰਕਾਰ ਵੱਲੋਂ ਪਿੰਡਾਂ ਦੇ ਵਾਤਾਵਰਨ ਨੂੰ ਸਾਫ-ਸੁਥਰਾ ਰੱਖਣ ਤੇ ਸਿਹਤਮੰਦ ਸਮਾਜ ਦੀ ਸਿਰਜਣਾ ਕਰਨ ਦੇ ਮਕਸਦ ਨਾਲ ਪਿੰਡਾਂ ਅੰਦਰ ਪੇਂਡੂ ਸਿਹਤ ਸਫਾਈ ਅਤੇ ਖੁਰਾਕ ਕਮੇਟੀਆਂ ਗਠਿਤ ਕੀਤੀਆਂ ਗਈਆਂ ਹਨ। ਜਿੰਨ੍ਹਾਂ ਦੇ ਚਾਰਜ਼ ਆਸ਼ਾ ਵਰਕਰਾਂ ਨੂੰ ਦਿੱਤੇ ਗਏ ਹਨ। ਨੇੜਲੇ ਪਿੰਡ ਉਪੋਕੀ ਵਿਖੇ ਸਰਪੰਚ ਬੀਬੀ ਹਰਬੰਸ ਕੌਰ, ਪਰਸਨਲ ਪੰਚ ਪ੍ਰਧਾਨ ਬੀਬੀ ਕਰਮਜੀਤ ਕੌਰ ਅਤੇ ਸੈਕਟਰੀ ਮਹਿੰਦਰ ਕੌਰ ਦੀ ਯੋਗ ਅਗਵਾਈ ਹੇਠ ਪੂਰੀ ਸਰਗਰਮੀ ਨਾਲ ਕੰਮ ਕਰ ਰਹੀ ਉਕਤ ਪੇਂਡੂ ਸਿਹਤ ਸਫਾਈ ਅਤੇ ਖੁਰਾਕ ਕਮੇਟੀ ਵੱਲੋਂ ਅੱਜ ਪਿੰਡ ਅੰਦਰ ਡੇਂਗੂ ਦੀ ਭਿਆਨਕ ਬਿਮਾਰੀ ਤੋਂ ਬਚਾਓ ਲਈ ਪਿੰਡ ਦੀਆਂ ਗਲੀਆਂ ਨਾਲੀਆਂ ਤੇ ਹੋਰ ਥਾਵਾਂ ਜਿਥੇ ਗੰਦਾ ਪਾਣੀ ਖੜਦਾ ਹੈ ਵਿਚ ਮੱਛਰ ਮਾਰ ਦਵਾਈ ਦਾ ਛਿੜਕਾਓ ਕੀਤਾ ਗਿਆ ਅਤੇ ਪਿੰਡ ਦੇ ਗੰਦੇ ਟੋਭੇ ‘ਚ ਮੱਛਰ-ਮੱਖੀਆਂ ਪੈਦਾ ਹੋਣ ਤੋਂ ਰੋਕਣ ਲਈ ਟੋਭੇ ‘ਚ ਕਾਲਾ ਤੇਲ ਪਾਇਆ ਗਿਆ। ਇਸ ਮੁਹਿੰਮ ਦੌਰਾਨ ਪਿੰਡ ਦੇ ਆਂਗਣਵਾੜੀ ਸੈਂਟਰ ‘ਚ ਪੌਦੇ ਲਗਾਉਣ ਉਪਰੰਤ ਉਕਤ ਸਮਾਜ ਭਲਾਈ ਕਮੇਟੀ ਦੇ ਮੈਂਬਰਾਂ ਨੇ ਪਿੰਡ ਵਾਸੀਆਂ ਨੂੰ ਆਪਣਾ ਆਲਾ-ਦੁਆਲਾ ਸਾਫ ਰੱਖਣ ਦੀ ਅਪੀਲ ਕਰਦਿਆਂ ਲੋਕਾਂ ਨੂੰ ਸਫਾਈ ਅਭਿਆਨ ਬਾਰੇ ਵਿਸਥਾਰ ਸਹਿਤ ਜਾਣੂ ਕਰਵਾਇਆ। ਪਿੰਡ ਦੀ ਪੰਚਾਇਤ ਨੇ ਪੰਜਾਬ ਸਰਕਾਰ ਤੋਂ ਪੂਰਜ਼ੋਰ ਮੰਗ ਕੀਤੀ ਕਿ ਪਿੰਡ ਨੂੰ ਸਾਫ-ਸੁਥਰਾ ਰੱਖਣ ਲਈ ਹੋਰ ਵੱਧ ਤੋਂ ਵੱਧ ਲੋੜੀਂਦੀ ਗਰਾਂਟ ਦਿੱਤੀ ਜਾਵੇ। ਇਸ ਮੌਕੇ ਸਰਪੰਚ ਬੀਬੀ ਹਰਬੰਸ ਕੌਰ, ਗੁਰਦੇਵ ਸਿੰਘ, ਹਰਵਿੰਦਰ ਸਿੰਘ ਨੀਟਾ, ਨਿਰਮਲ ਸਿੰਘ, ਸਾਬਕਾ ਪੰਚ ਰਫੀਕ ਖਾਂ, ਮਾੜੂ ਰਾਮ, ਜਾਗਰ ਸਿੰਘ, ਕੁਲਵੰਤ ਕੌਰ, ਟਹਿਲ ਸਿੰਘ ਪੰਚ, ਹਰਮੇਲ ਸਿੰਘ ਪੰਚ ਅਤੇ ਜਸਵਿੰਦਰ ਕੌਰ ਆਂਗਣਵਾੜੀ ਵਰਕਰ ਹਾਜ਼ਰ ਸਨ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ
ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media