Sunday, September 8, 2024

 ਇੱਕ ਹੋਰ ਸਿੱਖ ਯਾਦਗਾਰ ਕੀਤੀ ਗਈ ਸ਼ਹੀਦ – ਕੋਛੜ

ਵੇਈਂ ਪੋਈਂ ‘ਚ ਕ੍ਰਾਂਤੀਕਾਰੀ ਸਿੱਖ ਜਰਨੈਲ ਰਾਜਾ ਅਜੀਤ ਸਿੰਘ ਲਾਡਵਾ ਦਾ ਮਹਿਲ ਜ਼ਮੀਨਦੋਜ਼

Ladwa

ਅੰਮ੍ਰਿਤਸਰ, 8 ਸਤੰਬਰ (ਪ.ਪ)- ਜਿਲ੍ਹਾ ਤਰਨਤਾਰਨ ਦੇ ਅਧੀਨ ਆਉਂਦੇ ਪਿੰਡ ਵੇਂਈ ਪੋਈ ਵਿੱਚਲੀ ਸਿੱਖ ਯਾਦਗਾਰ ਨੂੰ ਬਿਨ੍ਹਾਂ ਮਾਹਰਾਂ ਨਾਲ ਸੋਚ ਵਿਚਾਰ ਕੀਤਿਆਂ ਬੀਤੀ ਸ਼ਾਮ ਜ਼ਮੀਨਦੋਜ਼ ਕਰ ਦਿੱਤਾ ਗਿਆ।ਇਹ ਯਾਦਗਾਰ ਮਹਾਰਾਜਾ ਰਣਜੀਤ ਸਿੰਘ ਨਾਲ ਸੰਬੰਧਿਤ ਉਹਨਾਂ ਦੇ ਸਹਾਇਕ ਜਰਨੈਲ ਰਾਜਾ ਅਜੀਤ ਸਿੰਘ ਲਾਡਵਾ ਦੀ ਸੀ।ਮੰਗਲਵਾਰ ਸਵੇਰੇ ਪੱਤਰਕਾਰਾਂ ਨੂੰ ਇਹ ਜਾਣਕਾਰੀ ਦਿੰਦਿਆਂ ਇਤਿਹਾਸਕਾਰ ਤੇ ਖੋਜ-ਕਰਤਾ ਸ਼੍ਰੀ ਸੁਰਿੰਦਰ ਕੋਛੜ ਨੇ ਦੱਸਿਆ ਕਿ ਐਤਵਾਰ ਨੂੰ ਜਦੋਂ ਉਹ ਤਰਨਤਾਰਨ-ਗੋਇੰਦਵਾਲ ਰੋਡ ‘ਤੇ ਆਬਾਦ ਪਿੰਡ ਵੇਂਈ ਪੋਈ ਵਿੱਚਲੇ ਰਾਜਾ ਅਜੀਤ ਸਿੰਘ ਲਾਡਵਾ ਦੀ ਉਪਰੋਕਤ ਯਾਦਗਾਰ ਉਹਨਾਂ ਦਾ ਮਹਿਲ, ਬਾਉਲੀ ਅਤੇ ਖੂਹ ਨੂੰ ਵੇਖਣ ਗਏ ਸਨ ਤਾਂ ਉਹਨਾਂ ਪਿੰਡ ਵਾਸੀਆਂ ਨੂੰ ਵਿਸ਼ਵਾਸ ਦਵਾਇਆ ਸੀ ਕਿ ਉਪਰੋਕਤ ਸਮਾਰਕ ਇਕ ਕ੍ਰਾਂਤੀਕਾਰੀ ਸਿੱਖ ਜਰਨੈਲ ਦਾ ਹੋਣ ਕਰਕੇ ਉਹ ਇਸ ਦੇ ਨਵਨਿਰਮਾਣ ਸੰਬੰਧੀ ਜਲਦੀ ਪੰਜਾਬ ਸਰਕਾਰ ਅਤੇ ਪੁਰਾਤੱਤਵ ਵਿਭਾਗ ਨਾਲ ਗੱਲਬਾਤ ਕਰਨਗੇ।ਉਹਨਾਂ ਕਿਹਾ ਕਿ ਉਹਨਾਂ ਵਲੋਂ ਭਰੋਸਾ ਦਿਵਾਏ ਜਾਣ ਦੇ ਬਾਵਜੂਦ ਅਗਲੇ ਹੀ ਦਿਨ ਚੰਗੀ ਹਾਲਤ ਵਿਚ ਮੌਜੂਦ ਉਪਰੋਕਤ ਯਾਦਗਾਰ ਨੂੰ ਬਿਨ੍ਹਾਂ ਕਿਸੇ ਇਤਿਹਾਸਕਾਰ ਜਾਂ ਵਿਦਵਾਨ ਦੀ ਸਲਾਹ ਲਏ ਕਾਰ ਸੇਵਾ ਦੀ ਆੜ ਵਿਚ ਗਿਰ੍ਹਾ ਦਿੱਤਾ ਗਿਆ, ਜੋ ਕਿ ਇਕ ਅਤਿ ਨਿੰਦਣਯੋਗ ਕਾਰਵਾਈ ਹੈ।
ਰਾਜਾ ਅਜੀਤ ਸਿੰਘ ਲਾਡਵਾ ਦੇ ਸੰਬੰਧ ਵਿਚ ਜਾਣਕਾਰੀ ਦਿੰਦਿਆਂ ਇਤਿਹਾਸਕਾਰ ਸ਼੍ਰੀ ਕੋਛੜ ਨੇ ਦੱਸਿਆ ਕਿ ਸz. ਲਾਡਵਾ ਨੇ ਮਹਾਰਾਜਾ ਰਣਜੀਤ ਸਿੰਘ ਦੇ ਸਹਾਇਕ ਦੇ ਤੌਰ ‘ਤੇ ਬਦੋਵਾਲ ਤੇ ਅਲੀਵਾਲ ਦੀਆਂ ਲੜਾਈਆਂ ਵਿੱਚ ਹਿੱਸਾ ਲਿਆ ਅਤੇ ਉਸ ਦਾ ਪਿਤਾ ਸz. ਗੁਰਦਿੱਤ ਸਿੰਘ ਕਰੋੜਸਿੰਘੀਆ ਮਿਸਲ ਦਾ ਯੋਧਾ ਲੀਡਰ ਸੀ।ਸ਼੍ਰੀ ਕੋਛੜ ਦੇ ਅਨੁਸਾਰ ਅੰਗਰੇਜ਼ਾਂ ਨਾਲ ਹੋਈ ਲਾਹੌਰ ਦਰਬਾਰ ਦੀ ਪਹਿਲੀ ਜੰਗ ਸਮੇਂ ਰਾਜਾ ਅਜੀਤ ਸਿੰਘ ਲਾਡਵਾ ਨੇ ਖੁਲੇ ਤੌਰ ‘ਤੇ ਅੰਗਰੇਜ਼ ਹਕੂਮਤ ਵਿਰੁੱਧ ਬਗਾਵਤ ਦਾ ਐਲਾਨ ਕਰਦਿਆਂ ਸਤਲੁਜ ਪਾਰ ਕਰਕੇ ਫਤਹਿਗੜ੍ਹ, ਧਰਮਕੋਟ ਅਤੇ ਬਦੋਵਾਲ ਨੂੰ ਸਿੱਖ ਦਰਬਾਰ ਦੇ ਅਧੀਨ ਕੀਤਾ ਅਤੇ ਅੰਗਰੇਜ਼ਾਂ ਦੀ ਲੁਧਿਆਣਾ ਛਾਉਣੀ ਨੂੰ ਵੱਡਾ ਨੁਕਸਾਨ ਪਹੁੰਚਾਇਆ।ਜਨਵਰੀ 1846 ਨੂੰ ਅਲੀਵਾਲ ਦੀ ਲੜਾਈ ਵਿਚ ਸਿੱਖ ਫੌਜਾਂ ਦੀ ਹੋਈ ਹਾਰ ਦੇ ਬਾਅਦ ਉਸ ਨੂੰ ਗ੍ਰਿਫ਼ਤਾਰ ਕਰਕੇ ਅਲਾਹਾਬਾਦ ਜੇਲ ਵਿਚ ਭੇਜ ਦਿੱਤਾ ਗਿਆ, ਜਿੱਥੋਂ ਉਹ ਉਸ ‘ਤੇ ਨਿਗਰਾਨੀ ਰੱਖਣ ਵਾਲੇ ਸਿਪਾਹੀ ਦਾ ਕਤਲ ਕਰਕੇ ਭੱਜ ਨਿਕਲਿਆ ਅਤੇ ਬਾਅਦ ਵਿਚ ਕਸ਼ਮੀਰ ਵਿੱਚ ਕਿਸੇ ਗੁਮਨਾਮ ਸਥਾਨ ‘ਤੇ ਉਸ ਦੀ ਮੌਤ ਹੋ ਗਈ।ਸ਼੍ਰੀ ਕੋਛੜ ਨੇ ਦੱਸਿਆ ਕਿ ਅੰਗਰੇਜ਼ੀ ਹਕੂਮਤ ਸਮੇਂ ਕ੍ਰਾਂਤੀਕਾਰੀ ਸz. ਅਜੀਤ ਸਿੰਘ ਦੀ ਲਾਡਵਾ ਰਿਆਸਤ ਸਮੇਤ ਪਿੰਡ ਵੇਂਈ ਪੋਈ ਦੀ ਸਾਰੀ ਜਾਗੀਰ ਜਾਇਦਾਦ ਜ਼ਬਤ ਕਰ ਲਈ ਗਈ, ਪਰ ਇਸ ਦੇ 150 ਵਰ੍ਹੇ ਬਾਅਦ ਵੀ ਉਸ ਦਾ ਮਹਿਲ, ਪਰਿਵਾਰ ਦੀਆਂ ਸਮਾਧਾਂ, ਬਾਉਲੀ ਅਤੇ ਖੂਹ ਚੰਗੀ ਹਾਲਤ ਵਿਚ ਅਜੇ ਤੱਕ ਕਾਇਮ ਸਨ।

Check Also

ਖ਼ਾਲਸਾ ਕਾਲਜ ਵਿਖੇ ‘ਵਿੱਤੀ ਖੇਤਰ ਲਈ ਲੋੜੀਂਦੇ ਹੁਨਰ’ ਬਾਰੇ ਓਰੀਐਂਟੇਸ਼ਨ ਪ੍ਰੋਗਰਾਮ

ਅੰਮ੍ਰਿਤਸਰ, 7 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਕਾਮਰਸ ਐਂਡ ਬਿਜ਼ਨਸ ਐਡਮਿਨਿਸਟਰੇਸ਼ਨ ਵੱਲੋਂ …

Leave a Reply