Sunday, December 22, 2024

ਸਪਰਿੰਗਫੀਲਡ (ਅਮਰੀਕਾ) ਦੇ ਮੇਲੇ ਵਿੱਚ ਪੰਜਾਬੀ ਸਭਿਆਚਾਰ ਨੇ ਵਿਖਾਇਆ ਖ਼ੂਬ ਰੰਗ

ਗਿੱਧੇ ਤੇ ਭੰਗੜੇ ਨੇ ਅਮਰੀਕੀ ਨਚਾਏ, ਸਿੱਖ ਧਰਮ ਤੋਂ ਜਾਣੂ ਹੋਣ ਲਈ ਵਿਖਾਈ ਡੂੰਘੀ ਦਿਲਚਸਪੀ

PPN0410201509

PPN0410201510

ਡਾ. ਚਰਨਜੀਤ ਸਿੰਘ ਗੁਮਟਾਲਾ ਦੀ ਵਿਸ਼ੇਸ਼ ਰਿਪੋਰਟ

ਓਹਾਇਹੋ ਸੂਬੇ ਦੇ ਪ੍ਰਸਿੱਧ ਸ਼ਹਿਰ ਸਪਰਿੰਗਫ਼ੀਲਡ ਵਿਖੇ 18 ਵਾਂ ਸਿਟੀ ਮੇਲਾ ਸਿਟੀ ਹਾਲ ਪਲਾਜ਼ਾ ਵਿਖੇ ਧੂਮ ਧਾਮ ਨਾਲ ਮਨਾਇਆ ਗਿਆ।ਰਸਮੀ ਉਦਘਾਟਨ ਦੀ ਰਸਮ ਹਰ ਸਾਲ ਦੀ ਤਰਾਂ੍ਹ ਮੇਅਰ ਵੈਰਨ ਕੋਪਲੈਡ ਨੇ ਅਦਾ ਕੀਤੀ। ਸਟੇਜ ‘ਤੇ ਵੱਖ ਵੱਖ ਦੇਸ਼ਾਂ ਤੋਂ ਆਏ ਲੋਕਾਂ ਜਿੰਨ੍ਹਾਂ ਵਿੱਚ ਪੰਜਾਬੀ, ਚੀਨੀ, ਜਪਾਨੀ, ਆਇਰਲੈਂਡ ਆਦਿ ਸ਼ਾਮਲ ਸਨ ਨੇ ਆਪੋ ਆਪਣੇ ਸੰਗੀਤ ਨਾਲ ਦਰਸ਼ਕਾਂ ਦਾ ਮਨ ਮੋਹਿਆ।ਇਥੋਂ ਦੇ ਅਫਰੀਕੀ ਅਮਰੀਕੀਆਂ ਨੇ ਵੀ ਆਪਣੇ ਰਿਵਾਇਤੀ ਸੰਗੀਤ ਨਾਲ ਖੂਬ ਰੌਣਕਾਂ ਲਾਈਆਂ।ਇਸੇ ਸਟੇਜ਼ ਉਪਰ ਸਪਰਿੰਗਫ਼ੀਲਡ ਤੇ ਨਾਲ ਵਸਦੇ ਸ਼ਹਿਰਾਂ ਵਿਚ ਰਹਿੰਦੇ ਪੰਜਾਬੀਆਂ ਨੇ ਪੰਜਾਬ ਦੇ ਲੋਕ ਨਾਚ ਗਿੱਧਾ ਤੇ ਭੰਗੜਾ ਪਾ ਕੇ ਮੇਲੇ ਵਿਚ ਖੁਬ ਰੰਗ ਬੰਨਿਆਂ ਤੇ ਅਮਰੀਕਨਾਂ ਨੇ ਤਾੜੀਆਂ ਮਾਰ ਮਾਰ ਕੇ ਉਨ੍ਹਾਂ ਨੂੰ ਉਤਸ਼ਾਹਿਤ ਕੀਤਾ।ਢੋਲ ਦੇ ਤਾਲ ‘ਤੇ ਬਹੁਤ ਸਾਰੇ ਅਮਰੀਕੀ ਤਾਂ ਨਚਣ ਵੀ ਲੱਗ ਪਏ,ਕਿਉਂਕਿ ਪੰਜਾਬੀ ਮਿਊਜ਼ਕ ਅਮਰੀਕਨਾਂ ਨੂੰ ਬਹੁਤ ਪਸੰਦ ਹੈ।

              ਪੰਜਾਬੀ ਸਭਿਆਚਾਰ ਤੋਂ ਜਾਣੂ ਕਰਾਉਣ ਲਈ ਲਗਾਈ ਗਈ ਪ੍ਰਦਰਸ਼ਨੀ ਵਿੱਚ ਹਰਮੋਨੀਅਮ, ਢੋਲ, ਚਿਮਟਾ, ਬੀਨ, ਸੁਰਾਹੀ, ਚਰਖਾ, ਮਧਾਣੀ, ਪੀੜੀ, ਆਟਾ ਪੀਣ ਵਾਲੀ ਚੱਕੀ, ਪੱਖੀਆਂ ਆਦਿ ਰੱਖੀਆਂ ਗਈਆਂ ਸਨ।ਪਹਿਲੀ ਅਤੇ ਦੂਜੀ ਵਿਸ਼ਵ ਜੰਗ ਵਿਚ ਸਿਖ ਫੋਜੀਆਂ, ਪੰਜਾਬੀ ਸਭਿਆਚਾਰ, ਸਿੱਖਾਂ ਦੀ ਦਸਤਾਰ, ਕੇਸਾਂ ਤੇ ਸਿੱਖ ਧਰਮ ਨਾਲ ਸੰਬੰਧਿਤ ਹੋਰ ਤਸਵੀਰਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ। ਸਿੱਖ ਧਰਮ ਤੇ ਸ੍ਰੀ ਹਰਿਮੰਦਰ ਸਾਹਿਬ ਨਾਲ ਸਬੰਧਤ ਪੁਸਤਕਾਂ ਵੀ ਰੱਖੀਆਂ ਗਈਆਂ।ਅਮਰੀਕਨਾਂ ਨੇ ਇਨ੍ਹਾਂ ਵਿੱਚ ਕਾਫੀ ਦਿਲਚਸਪੀ ਦਿਖਾਈ ਅਤੇ ਸਿੱਖ ਧਰਮ ਬਾਰੇ ਜਾਣਕਾਰੀ ਪ੍ਰਾਪਤ ਕੀਤੀ।ਬਹੁਤ ਸਾਰਿਆਂ ਨੇ ਸਿੱਖ ਧਰਮ ਨਾਲ ਸਬੰਧਤ ਪੁਸਤਕਾਂ ਤੇ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਖ੍ਰੀਦਣ ਦੀ ਇੱਛਾ ਜਾਹਿਰ ਕੀਤੀ।ਇਸ ਮੌਕੇ ‘ਤੇ ਸਿਖ ਧਰਮ ਨਾਲ ਸਬੰਧਤ ਸਿੱਖ ਕੋਲਿਸ਼ਨ ਵਲੋਂ ‘ਦਾ ਸਿੱਖਸ’ ਸਿਰਲੇਖ ਹੇਠ ਤਿਆਰ ਕੀਤੇੇ ਗਏ ਦੋ ਹਜ਼ਾਰ ਦੇ ਕਰੀਬ ਪੈਂਫਲਿਟ ਵੰਡੇ ਗਏ। ਸਿੱਖ ਰਿਸਰਚ ਇਨਸਟੀਚਿਊਟ ਵਲੋਂ ਪ੍ਰਕਾਸ਼ਿਤ ਅੰਗਰੇਜ਼ੀ ਵਿਚ ਕਿਤਾਬਚਾ ‘ਸਿੱਖੀ: ਦਾ ਫ਼ੇਥ ਐਂਡ ਫ਼ਾਲੋਅਰਜ਼’ ਸ਼ਹਿਰ ਦੇ ਪਤਵੰਤੇ ਸਜਣਾਂ ਨੂੰ ਭੇਟ ਕੀਤੀ ਗਈ।ਇਸ ਮੇਲੇ ਵਿਚ ਜਿਨ੍ਹਾਂ ਨੇ ਪੰਜਾਬੀ ਸਟਾਲ ‘ਤੇ ਵਲਟੀਅਰ ਦੀ ਸੇਵਾ ਨਿਭਾਈ, ਉਨ੍ਹਾਂ ਵਿਚ ਗੁਰਦੁਆਰੇ ਦੇ ਹੈੱਡ ਗ੍ਰੰਥੀ ਗਿਆਨੀ ਦਰਸ਼ਨ ਸਿੰਘ ਤੇ ਉਨ੍ਹਾਂ ਦੀ ਸੁਪਤਨੀ, ਸ. ਗੁਰਤੇਜ ਸਿੰਘ ਤੇ ਉਨ੍ਹਾਂ ਦੀ ਸੁਪਤਨੀ, ਸ. ਅਵਤਾਰ ਸਿੰਘ ਸਪਰਿੰਗਫੀਲਡ ਤੇ ਸੁਪਤਨੀ ਸਰਬਜੀਤ ਕੌਰ ਤੇ ਉਹਨਾਂ ਦੇ ਬੱਚੇ ਸ਼ਾਮਲ ਸਨ।
ਇਸ ਮੇਲੇ ਵਿਚ ਵਡੀ ਗਿਣਤੀ ਵਿਚ ਸਿੱਖ ਦਸਤਾਰਾਂ ਸਜਾ ਕੇ ਆਏ ਸਨ।ਦਸਤਾਰੀ ਸਿੱਖ ਵਿਸ਼ੇਸ਼ ਖਿੱਚ ਦਾ ਕੇਂਦਰ ਸਨ।ਕਮਿਸ਼ਨਰ ਜੌਹਨ ਡੀਟ੍ਰਿਕ, ਮੇਅਰ ਵੈਰਨ ਕੋਪਲਂੈਡ, ਮੇਲੇ ਦੇ ਮੁੱਖ ਪ੍ਰਬੰਧਕ ਕ੍ਰਿਸ ਮੂਰ ਤੇ ਨੈਨਸੀ ਨੇ ਉਚੇਚੇ ਤੌਰ ‘ਤੇ ਆ ਕੇੇ ਸਟਾਲ ‘ਤੇ ਹਾਜਰੀ ਭਰੀ।ਇਸ ਮੇਲੇ ਦਾ ਭਾਰਤੀਆਂ ਨੇ ਵੀ ਕਾਫੀ ਗਿਣਤੀ ਵਿਚ ਆਨੰਦ ਮਾਣਿਆ। ਇਥੋਂ ਦੇ ਲਾਗੇ ਦੇ ਸ਼ਹਿਰਾਂ ਡੇਟਨ, ਕੋਲੰਬਸ, ਗਰੀਨਵਿਲ, ਸਿਨਸੀਨਾਟੀ ਤੋਂ ਕਾਫੀ ਪੰਜਾਬੀ ਮੇਲੇ ਦੀ ਰੋਣਕ ਵਧਾਉਣ ਲਈ ਪਹੁੰਦੇ ਹੋਏ ਸਨ।ਜੀਤ ਇੰਡੀਆ ਵਲੋਂ ਪੰਜਾਬੀ ਖਾਣੇ ਦਾ ਸਟਾਲ ਲਾਇਆ ਗਿਆ।ਸ. ਅਵਤਾਰ ਸਿੰਘ ਸਪਰਿੰਗਫ਼ੀਲਡ ਦਾ ਸਾਰਾ ਪ੍ਰਵਾਰ ਸਰਦਾਰਨੀ ਸਰਬਜੀਤ ਕੌਰ ਦੀ ਅਗਵਾਈ ਵਿਚ ਪਿਛਲੇ 15 ਸਾਲਾਂ ਤੋਂ ਮੇਲੇ ਵਿਚ ਸਟਾਲ ਲਾਉਣ ਅਤੇ ਸਭਿਆਚਾਰ ਪ੍ਰੋਗਰਾਮ ਪੇਸ਼ ਕਰ ਰਿਹਾ ਹੈ।

Check Also

9 ਰੋਜ਼ਾ ਦੋਸਤੀ ਇੰਟਰਨੈਸ਼ਨਲ ਥੀਏਟਰ ਫੈਸਟੀਵਲ ’ਚ ਹਿੱਸਾ ਲੈ ਕੇ ਲਾਹੌਰ ਤੋਂ ਵਤਨ ਪਰਤੇ ਮੰਚ-ਰੰਗਮੰਚ ਦੇ ਕਲਾਕਾਰ

ਅੰਮ੍ਰਿਤਸਰ, 20 ਨਵੰਬਰ (ਪੰਜਾਬ ਪੋਸਟ ਬਿਊਰੋ) – ਅਜੋਕਾ ਥੀਏਟਰ ਲਾਹੌਰ (ਪਾਕਿਸਤਾਨ) ਵਲੋਂ ਕਰਵਾਏ ਗਏ 9 …

Leave a Reply