ਹਲਕਾ ਮਜੀਠਾ ਦੇ ਕਸਬਾ ਜੈਂਤੀਪੁਰ ਵਿਖੇ ਅਰੁਣ ਜੇਤਲੀ ਦੇ ਹੱਕ ਵਿੱਚ ਵਿਸ਼ਾਲ ਚੋਣ ਰੈਲੀ
ਅੰਮ੍ਰਿਤਸਰ, 22 ਅਪ੍ਰੈਲ (ਪੰਜਾਬ ਪੋਸਟ ਬਿਊਰੋ)- ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਅਕਾਲੀ-ਭਾਜਪਾ ਉਮੀਦਵਾਰ ਸ੍ਰੀ ਅਰੁਣ ਜੇਤਲੀ ਨੇ ਅੱਜ ਇੱਥੇ ਹਲਕਾ ਮਜੀਠਾ ਦੇ ਕਸਬਾ ਜੈਂਤੀਪੁਰ ਵਿਖੇ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਵੱਲੋਂ ਕਰਵਾਈ ਗਈ ਵਿਸ਼ਾਲ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਾਂਗਰਸ ਨੂੰ ਕਾਲੇ ਕਾਰਨਾਮਿਆਂ ਵਾਲੀ ਕਾਂਗਰਸ ਗਰਦਾਨਿਆ ਅਤੇ ਕਿਹਾ ਕਿ ਪਿੱਛਲੇ 10 ਸਾਲਾਂ ਤੋਂ ਕਾਲੇ ਕਾਰਨਾਮਿਆਂ ਵਾਲੀ ਕਾਂਗਰਸ ਸਰਕਾਰ ਨੂੰ ਸਬਕ ਸਿਖਾਉਣ ਦੀ ਅਪੀਲ ਕੀਤੀ। ਹਜ਼ਾਰਾਂ ਦੀ ਗਿਣਤੀ ਵਿੱਚ ਠਾਠਾਂ ਮਾਰਦੇ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਕਿਸੇ ਵੀ ਮੁੱਦੇ ‘ਤੇ ਆਖਰੀ ਫੈਸਲਾ ਪ੍ਰਧਾਨ ਮੰਤਰੀ ਦਾ ਨਾ ਹੋ ਕੇ ਕਾਂਗਰਸ ਨੇ ਪ੍ਰਧਾਨ ਮੰਤਰੀ ਦੇ ਕੱਦ ਨੂੰ ਛੋਟਿਆਂ ਕੀਤਾ ਹੈ। ਉਨ੍ਹਾਂ ਕਾਂਗਰਸ ਦੀ ਯੂ ਪੀ ਏ ਸਰਕਾਰ ਨੂੰ ਸੰਸਾਰ ਦੀ ਸਭ ਤੋਂ ਬੇਈਮਾਨ ਸਰਕਾਰ ਹੋਣ ਦਾ ਖ਼ਿਤਾਬ ਦਿੰਦਿਆਂ ਕਿਹਾ ਕਿ 64 ਕਰੋੜ ਦੀ ਬੋਫਰਸ ਬੇਈਮਾਨੀ ਤੋਂ ਸ਼ੁਰੂ ਹੋ ਕੇ ਅੱਜ 1.86ਲੱਖ ਕਰੋੜ ਕੋਲਾ ਘੋਟਾਲਾ, 1.76 ਲੱਖ ਕਰੋੜ 2 ਜੀ ਸਕੈਮ ਘੁਟਾਲਿਆਂ ਤੱਕ ਪਹੁੰਚ ਜਾਣ ਨਾਲ ਦੇਸ਼ ਨੂੰ ਸ਼ਰਮਿੰਦਗੀ ਸਹਿਣੀ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਵੀ ਕਾਂਗਰਸ ਬੁਰੀ ਤਰ੍ਹਾਂ ਹਾਰ ਰਹੀ ਹੈ।ਉਨ੍ਹਾਂ ਕਿਹਾ ਕਿ ਦੇਸ਼ ਭਰ ਵਿੱਚ ਐਨ ਡੀ ਏ ਨਰਿੰਦਰ ਮੋਦੀ ਪੱਖੀ ਹਵਾ ਚੱਲ ਰਹੀ ਹੈ। ਉਨ੍ਹਾਂ ਪੰਜਾਬ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਕੇਂਦਰ ਵਿੱਚ ਬਣਨ ਵਾਲੀ ਪੰਜਾਬ ਹਿਤੈਸ਼ੀ ਸਰਕਾਰ ਲਈ ਆਪਣਾ ਵੱਧ ਤੋਂ ਵੱਧ ਯੋਗਦਾਨ ਪਾਉਣ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਮੋਦੀ ਸਰਕਾਰ ਆਉਣ ‘ਤੇ ਪੰਜਾਬ ਦੇ ਵਿਕਾਸ ਲਈ ਪੈਸੇ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ।ਇਸ ਮੌਕੇ ਬੋਲਦਿਆਂ ਮਾਲ ਮੰਤਰੀ ਅਤੇ ਹਲਕਾ ਵਿਧਾਇਕ ਸ: ਬਿਕਰਮ ਸਿੰਘ ਮਜੀਠੀਆ ਨੇ ਲੋਕਾਂ ਦੇ ਬੁਲੰਦ ਹੌਂਸਲਿਆਂ ਨੂੰ ਵੇਖਦਿਆਂ ਕੈਪਟਨ ਅਮਰਿੰਦਰ ਵੱਲੋਂ ਦਿੱਤੀਆਂ ਜਾ ਰਹੀਆਂ ਧਮਕੀਆਂ ਦਾ ਠੋਕਵਾਂ ਜਵਾਬ ਦਿੱਤਾ ਤੇ ਕਿਹਾ ਕਿ ਕੈਪਟਨ ਦੀਆਂ ਲੱਤਾਂ ਵਿੱਚ ਇੰਨੀ ਜਾਨ ਨਹੀਂ ਜੋ ਮਜੀਠੀਆ ਨੂੰ ਹੱਥ ਪਾ ਸਕੇ।ਉਨ੍ਹਾਂ ਪ੍ਰਧਾਨ ਮੰਤਰੀ ਦੀ ਅਲੋਚਨਾ ਕਰਦਿਆਂ ਕਿਹਾ ਕਿ ਅੰਮ੍ਰਿਤਸਰ ਵਿੱਚ ਇੱਕ ਵੀ ਇੱਟ ਨਾ ਲਵਾ ਸਕਣ ਵਾਲੇ ਡਾ: ਮਨਮੋਹਨ ਸਿੰਘ ਦਾ ਨਾਮ ਇਤਿਹਾਸ ਦੇ ਪੰਨਿਆਂ ‘ਤੇ ਕਾਲੇ ਅੱਖਰਾਂ ਨਾਲ ਲਿਖਿਆ ਜਾਵੇਗਾ।ਉਨ੍ਹਾਂ ਕਿਹਾ ਕਿ ਕੈਪਟਨ ਨੂੰ ਮਾਲਵੇ ਦੇ ਲੋਕਾਂ ਨੇ ਨਿਹੰਗ ਦੇ ਬਾਟੇ ਵਾਂਗ ਮਾਂਜ ਕੇ ਸੁੱਟਿਆ ਹੈ ਅਤੇ ਹੁਣ ਮਝੈਲਾਂ ਦੀ ਵਾਰੀ ਹੈ।ਉਨ੍ਹਾਂ ਅਰੁਣ ਜੇਤਲੀ ਨੂੰ ਭਾਰੀ ਗਿਣਤੀ ਵੋਟਾਂ ਨਾਲ ਜਿਤਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਜੇਤਲੀ ਇੱਕ ਸੂਝਵਾਨ ਅਤੇ ਸਿਆਣਾ ਵਕੀਲ ਹੈ ਜਿਸਨੇ ਕੈਪਟਨ ਵਰਗੇ ਕਈ ਨਟਖਟ ਅੰਦਰ ਦਿੱਤੇ ਹਨ। ਇਸ ਮੌਕੇ ਰਾਜ ਮਹਿੰਦਰ ਸਿੰਘ ਮਜੀਠਾ, ਲਖਬੀਰ ਸਿੰਘ ਮੋਦੀ ਨੰਗਲ, ਤਲਬੀਰ ਸਿੰਘ ਗਿੱਲ, ਰਜਿੰਦਰ ਕੁਮਾਰ ਪੱਪੂ ਜੈਂਤੀਪੁਰ, ਸੁਖਮਿੰਦਰ ਸਿੰਘ ਗਰੇਵਾਲ, ਹਰਵਿੰਦਰ ਸਿੰਘ ਪੱਪੂ ਕੋਟਲਾ, ਤਰਸੇਮ ਸਿੰਘ ਸਿਆਲਕਾ, ਭਗਵੰਤ ਸਿਆਲਕਾ, ਕੁਲਵਿੰਦਰ ਸਿੰਘ ਧਾਰੀਵਾਲ, ਸ਼ਮੀਰ ਸਿੰਘ ਤਲਵੰਡੀ, ਮਾਲਕ ਸਿੰਘ ਚਾਚੋਵਾਲੀ, ਨਿਰਮਲ ਸਿੰਘ ਪਾਖਰਪੁਰਾ, ਗੁਰਿੰਦਰ ਸਿੰਘ ਰਾਜਪੂਤ, ਕੁਲਵੰਤ ਸਿੰਘ ਚੱਬਾ, ਰਸ਼ਪਾਲ ਸਿੰਘ ਲਹਿਰਕਾ, ਸ੍ਰੀ ਲਾਲ ਚੰਦ, ਹਿੰਮਤ ਸਿੰਘ ਕਾਦਰਾਬਾਦ, ਬਿਕਰਮ ਸਿੰਘ ਢਿੱਲੋਂ ਤੋਂ ਇਲਾਵਾ ਪ੍ਰੋ: ਸਰਚਾਂਦ ਸਿੰਘ ਮੌਜੂਦ ਸਨ।