Wednesday, December 31, 2025

ਸਰਨਾ ਨੂੰ ਸਾਮੰਤੀ ਅਤੇ ਰਾਜਵਾੜਾ ਸ਼ਾਹੀ ਸੋਚ ਤੋਂ ਬਾਹਰ ਨਿਕਲਣ ਦੀ ਸਲਾਹ

PPN240420
ਨਵੀਂ ਦਿੱਲੀ, 24 ਅਪ੍ਰੈਲ (ਅੰਮ੍ਰਿਤ ਲਾਲ ਮੰਨਣ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਵਲੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੱਕ ਵਿਚ ਮੀਡੀਆ ‘ਚ ਜਾਰੀ ਕੀਤੇ ਗਏ ਬਿਆਨ ਦੀ ਭਾਸ਼ਾ ਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਅਤੇ ਦਿੱਲੀ ਕਮੇਟੀ ਦੇ ਮੀਡੀਆ ਸਲਾਹਕਾਰ ਪਰਮਿੰਦਰ ਪਾਲ ਸਿੰਘ ਨੇ ਵਿਰੋਧ ਜਤਾਉਂਦੇ ਹੋਏ ਸ਼ਬਦਾਂ ਦਾ ਚੋਣ ਸਹੀ ਢੰਗ ਨਾਲ ਕਰਨ ਦੀ ਸਲਾਹ ਦਿੱਤੀ ਹੈ। ਸਰਨਾ ਵਲੋਂ ਅਕਾਲੀ ਦਲ ਦੇ ਕਾਰਕੁੰਨਾਂ ਵੱਲੋਂ ਬੀਤੇ ਦਿਨੀਂ ਕਾਂਗਰਸ ਦਫ਼ਤਰ ਦੇ ਸਾਹਮਣੇ ਦਿੱਲੀ ‘ਚ ਕੀਤੇ ਗਏ ਪ੍ਰਦਰਸ਼ਨ ਨੂੰ ਬਾਦਲ ਪਰਿਵਾਰ ਦੇ ਗੁਲਾਮਾਂ ਦਾ ਪ੍ਰਦਰਸ਼ਨ ਕਹਿਣ ਤੇ ਪਰਮਿੰਦਰ ਨੇ ਸਰਨਾ ਨੂੰ ਸਾਮੰਤੀ ਅਤੇ ਰਜਵਾੜਾ ਸ਼ਾਹੀ ਸੋਚ ਤੋਂ ਬਾਹਰ ਨਿਕਲ ਕੇ ਸੋਚਣ ਦੀ ਬੇਨਤੀ ਕੀਤੀ ਹੈ। ਪਰਮਿੰਦਰ ਨੇ ਕਿਹਾ ਕਿ ਅਸੀ ਵੀ ਸਰਨਾ ਦੇ ਖਿਲਾਫ਼ ਵਿਰੋਧੀ ਧਿਰ ਦੇ ਤੌਰ ਤੇ ਸੰਗਤਾਂ ਦੀ ਅਵਾਜ਼ ਨੂੰ ਮੀਡੀਆ ਰਾਹੀਂ ਬੁਲੰਦ ਕਰਦੇ ਰਹੇ ਹਾਂ ਪਰ ਕਦੇ ਵੀ ਅਸੀ ਅਹੰਕਾਰੀ, ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣ ਵਾਲੀ ਜਾਂ ਸਾਮੰਤੀ ਸੋਚ ਦਾ ਪ੍ਰਤਿਨਿਧ ਕਰਦੀ ਭਾਸ਼ਾ ਨੂੰ ਨਹੀਂ ਵਰਤਿਆ ਹੈ। ਸਰਨਾ ਵਲੋਂ ਚੋਣਾਂ ਦੇ ਸਿਲਸਿਲੇ ‘ਚ ਦਿੱਲੀ ਕਮੇਟੀ ਦੇ ਖਿਲਾਫ਼ ਕੀਤੀ ਜਾ ਰਹੀ ਦੁਸ਼ਣਬਾਜ਼ੀ ਨੂੰ ਕਾਂਗਰਸੀਆਂ ਦੀ ਖੁਸ਼ਾਮਦ ਕਰਨ ਦਾ ਜਰੀਆ ਦੱਸਦੇ ਹੋਏ ਪਰਮਿੰਦਰ ਨੇ ਉਨ੍ਹਾਂ ਦੇ ਆਪਣੇ ਪ੍ਰਧਾਨਗੀ ਕਾਲ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਅਤੇ ਹੋਰ ਚੋਣਾਂ ਦੌਰਾਨ ਕਮੇਟੀ ਦੇ ਸਟਾਫ, ਪ੍ਰੈਸ ਅਤੇ ਸਰਾਵਾਂ ਦੀ ਦੁਰਵਰਤੋਂ ਬਾਰੇ ਵੀ ਚੇਤੇ ਕਰਵਾਉਂਦੇ ਹੋਏ ਸਵਾਲ ਪੁੱਛੇ ਕਿ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਤੇ ਪੰਜ ਤਾਰਾ ਹੋਟਲ ਵਿਚ ਮੀਟ ਸ਼ਰਾਬ ਦੀ ਪਾਰਟੀ ਸਰਨਾ ਨੇ ਅਮਰਿੰਦਰ ਦੇ ਪੰਜਾਬ ਕਾਂਗਰਸ ਦਾ ਪ੍ਰਧਾਨ ਬਨਣ ਵੇਲੇ ਕਿਥੋ ਕਰਵਾਈ ਸੀ ਅਤੇ 22 ਅਪ੍ਰੈਲ 2006 ਨੂੰ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕਰਨ ਵਾਲੇ ਜਨਰਲ ਆਰ.ਐਸ. ਦਿਆਲ ਨੂੰ ਅਮਰਿੰਦਰ ਨੇ ਮੁੰਬਈ ‘ਚ ਕਿਉਂ ਸਨਮਾਨਿਤ ਕੀਤਾ ਸੀ? ਸਰਨਾ ‘ਤੇ ਸ਼ਬਦੀ ਹਮਲੇ ਬੋਲਦੇ ਹੋਏ ਪਰਮਿੰਦਰ ਨੇ ਕਾਂਗਰਸ ਸਰਕਾਰ ਤੋਂ ਨਿਜੀ ਮੁਫਾਦ ਲੈਣ ਵਾਸਤੇ ਗੁਰਮਤਿ ਸਟੇਜਾਂ ਦਾ ਸਰਨਾ ਕਾਰਜ ਕਾਲ ਦੌਰਾਨ ਦੁਰਵਰਤੋਂ ਦਾ ਵੀ ਹਵਾਲਾ ਦਿੱਤਾ। ਦਿੱਲੀ ਕਮੇਟੀ ਦੀ ਅੰਮ੍ਰਿਤਸਰ ਸਰਾਂ ‘ਚ ਕਮਰਿਆਂ ਦੀ ਬੁਕਿੰਗ ਆਨ ਲਾਈਨ ਹੋਣ ਦੀ ਗੱਲ ਕਰਦੇ ਹੋਏ ਪਰਮਿੰਦਰ ਨੇ ਸਰਾਂ ਦੇ ਕਿਸੀ ਪ੍ਰਕਾਰ ਦੇ ਰਾਜਸੀ ਇਸਤੇਮਾਲ ਨੂੰ ਵੀ ਖਾਰਿਜ ਕੀਤਾ।

Check Also

ਵੀ.ਸੀ ਪ੍ਰੋ. ਕਰਮਜੀਤ ਸਿੰਘ ਦੀ ਕਿਤਾਬ “ਮੈਡੀਟੇਸ਼ਨ ਟੂ ਮਾਰਟਿਡਮ: ਦ ਲੀਗੇਸੀ ਆਫ਼ ਸ੍ਰੀ ਗੁਰੂ ਤੇਗ ਬਹਾਦਰ ਜੀ” ਰਲੀਜ਼

ਅੰਮ੍ਰਿਤਸਰ, 30 ਦੰਸਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) …

Leave a Reply