ਅੰਮ੍ਰਿਤਸਰ, 30 ਅਪ੍ਰੈਲ (ਸੁਖਬੀਰ ਸਿੰਘ)- ਮਾਲ ਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਅੱਜ ਸਮੂਹ ਪੰਜਾਬ ਵਾਸੀਆਂ ਵੱਲੋਂ ਭਾਰੀ ਉਤਸ਼ਾਹ ਨਾਲ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰਨ ‘ਤੇ ਤਸੱਲੀ ਅਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਸ ਵਾਰ ਵੀ ਲੋਕ ਅਕਾਲੀ ਭਾਜਪਾ ਦੇ ਸਾਂਝੇ ਉਮੀਦਵਾਰਾਂ ਨੂੰ ਭਾਰੀ ਬਹੁਮਤ ਨਾਲ ਜਿਤਾ ਕੇ ਬਾਦਲ ਸਰਕਾਰ ਦੀਆਂ ਉੱਸਾਰੂ ਨੀਤੀਆਂ ਦੇ ਹੱਕ ਵਿੱਚ ਫਤਵਾ ਦੇਣਗੇ।
ਸ: ਮਜੀਠੀਆ ਨੇ ਅੱਜ ਮਜੀਠਾ ਵਿਖੇ ਬੂਥ ਨੰਬਰ 32 ‘ਤੇ ਅਤਿ ਦੀ ਗਰਮੀ ਵਿੱਚ ਹੋਰਨਾਂ ਵੋਟਰਾਂ ਨਾਲ ਲਾਈਨ ਵਿੱਚ ਖੜਕੇ ਆਪਣੀ ਵਾਰੀ ਦੀ ਉਡੀਕ ਕਰਦਿਆਂ ਵੋਟ ਪਾਉਣ ਦੇ ਅਧਿਕਾਰ ਦਾ ਇਸਤੇਮਾਲ ਕੀਤਾ। ਇਸੇ ਦੌਰਾਨ ਜਦ ਸ: ਮਜੀਠੀਆ ਲਾਈਨ ਵਿੱਚ ਖੜੇ ਸਨ ਤਾਂ ਉਸੇ ਵਕਤ ਇਤਫ਼ਾਕ ਨਾਲ ਕੈਪਟਨ ਅਮਰਿੰਦਰ ਸਿੰਘ ਜਿਸ ਨੇ ਵੋਟਰਾਂ ਨੂੰ ਧਮਕਾਉਣ ਦੇ ਦੋਸ਼ ਲਾਉਂਦਿਆਂ ਚੋਣ ਕਮਿਸ਼ਨ ਨੂੰ ਸ਼ਿਕਾਇਤ ਕਰ ਕੇ ਮਜੀਠੀਆ ਨੂੰ ਪੋਲਿੰਗ ਬੂਥਾਂ ‘ਤੇ ਜਾਣ ਤੋਂ ਰੋਕਣ ਲਈ ਕਿਹਾ ਸੀ ਵੀ ਉਸੇ ਬੂਥ ‘ਤੇ ਆਣ ਪਹੁੰਚੇ। ਉਸ ਵਕਤ ਕੈਪਟਨ ਦੇ ਨਜ਼ਦੀਕ ਆਉਣ ‘ਤੇ ਸ: ਮਜੀਠੀਆ ਨੇ ਕੈਪਟਨ ਨੂੰ ਕਟਾਖਸ਼ ਕਰਦਿਆਂ ਕਿਹਾ ”ਚਾਚਾ ਜੀ ਦੇਖ ਲਿਓ ਮੈ ਵੋਟ ਪਾਉਣ ਲਈ ਲਾਈਨ ਵਿੱਚ ਖੜ੍ਹਾ ਜੇ”, ਇਹ ਸੁਣ ਉੱਥੇ ਮੌਜੂਦ ਲੋਕਾਂ ਵਿੱਚ ਹਾਸੇ ਦਾ ਮਾਹੌਲ ਬਣ ਗਿਆ। ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ: ਮਜੀਠੀਆ ਨੇ ਕਿਹਾ ਕਿ ਰਾਜ ਦੇ ਵੱਖ ਵੱਖ ਖੇਤਰਾਂ ਤੋਂ ਅਕਾਲੀ ਭਾਜਪਾ ਦੇ ਹੱਕ ਵਿੱਚ ਭਾਰੀ ਪੋਲਿੰਗ ਦੀਆਂ ਸੂਚਨਾਵਾਂ ਆ ਰਹੀਆਂ ਹਨ । ਸ: ਮਜੀਠੀਆ ਨੇ ਚੋਣ ਕਮਿਸ਼ਨ ਵੱਲੋਂ ਉਹਨਾਂ ‘ਤੇ ਅੱਜ ਦੇ ਦਿਨ ਲਈ ਘੁੰਮਣ ਫਿਰਨ ‘ਤੇ ਲਗਾਈ ਗਈ ਪਾਬੰਦੀ ਗੈਰ ਲੋਕਤੰਤਰਿਕ ਅਤੇ ਵਿਅਕਤੀਗਤ ਆਜ਼ਾਦੀ ਦੇ ਵਿਰੁੱਧ ਸੀ ਜਿਸ ਕਾਰਨ ਚੋਣ ਕਮਿਸ਼ਨ ਨੂੰ ਆਪਣਾ ਫੈਸਲਾ ਬਦਲਣਾ ਪਿਆ। ਉਹਨਾਂ ਕਿਹਾ ਕਿ ਉਹਨਾਂ ‘ਤੇ ਪਾਬੰਦੀ ਲਗਾਉਣ ਦੀ ਮੰਗ ਕਰਕੇ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਨੇ ਪਹਿਲਾਂ ਹੀ ਆਪਣੀ ਹਾਰ ਕਬੂਲ ਕਰ ਲਈ ਹੈ। ਉਹਨਾਂ ਸ੍ਰੀ ਅਰੁਣ ਜੇਤਲੀ ਦੀ ਜਿੱਤ ਦਾ ਦਾਅਵਾ ਕਰਦਿਆਂ ਕਿਹਾ ਕਿ ਲੋਕ ਅੰਮ੍ਰਿਤਸਰ ਦੀ ਤਰੱਕੀ ਤੇ ਖੁਸ਼ਹਾਲੀ ਚਾਹੁੰਦੇ ਹਨ, ਉਹ ਬਚਿਆਂ ਦੇ ਸੁਨਹਿਰੇ ਭਵਿੱਖ ਪ੍ਰਤੀ ਆਸਵੰਦ ਹਨ, ਜੋ ਮੋਦੀ ਸਰਕਾਰ ਵਿੱਚ ਸ੍ਰੀ ਅਰੁਣ ਜੇਤਲੀ ਰਾਹੀ ਹੀ ਸੰਭਵ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਡਾ: ਮਨਮੋਹਨ ਸਿੰਘ ਤੋਂ ਬਹੁਤ ਆਸਾਂ ਸਨ ਪਰ ਉਹਨਾਂ ਗਾਂਧੀ ਪਰਿਵਾਰ ਦੇ ਦਬਾਅ ‘ਚ ਆਕੇ ਪੰਜਾਬ ਲਈ ਕੁੱਝ ਨਹੀਂ ਕੀਤਾ ਜਿਸ ਪ੍ਰਤੀ ਲੋਕਾਂ ਵਿੱਚ ਭਾਰੀ ਰੋਸ ਹੈ। ਉਹਨਾਂ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਅਸਫਲ ਰਾਜ ਨੇਤਾ ਗਰਦਾਨਿਆ ਤੇ ਕਿਹਾ ਕਿ ਉਸ ਨੂੰ ਲੋਕ 2007 ਤੋਂ ਅੱਜ ਤਕ ਰੱਦ ਕਰਦੇ ਆ ਰਹੇ ਹਨ। ਉਹਨਾਂ ਕਿਹਾ ਕਿ 10 ਸਾਲ ਕੇਂਦਰ ਵਿੱਚ ਕਾਂਗਰਸ ਦੀ ਸਰਕਾਰ ਰਹੀ ਪਰ ਕੈਪਟਨ ਨੇ ਪੰਜਾਬ ਦੇ ਭਲੇ ਲਈ ਕੁੱਝ ਵੀ ਕੇਂਦਰ ਤੋਂ ਹਾਸਲ ਨਹੀਂ ਕੀਤਾ, ਜਿਸ ਦਾ ਹਰਜਾਨਾ ਕੈਪਟਨ ਨੂੰ ਚੋਣ ‘ਚ ਆਪਣੀ ਹਾਰ ਦੇ ਰੂਪ ਵਿੱਚ ਚੁਕਾਉਣਾ ਪਵੇਗਾ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …