
ਫ਼ਾਜ਼ਿਲਕਾ, 30 ਅਪ੍ਰੈਲ (ਵਿਨੀਤ ਅਰੋੜਾ)- ਭਾਰਤ-ਪਾਕਿ ਅੰਤਰਰਾਸ਼ਟਰੀ ਸਰਹੱਦ ਦੀ ਸਾਦਕੀ ਚੌਂਕੀ ਨੇੜਿਓ ਬੀ.ਐਸ.ਐਫ. ਦੇ ਜਵਾਨਾਂ ਨੇ ਇਕ ਪਾਕਿਸਤਾਨੀ ਨਾਗਰਿਕ ਨੂੰ ਭਾਰਤ ਦੀ ਹੱਦ ਅੰਦਰ ਦਾਖ਼ਲ ਹੁੰਦਿਆਂ ਕਾਬੂ ਕੀਤਾ ਹੈ। ਬੀ.ਐਸ.ਐਫ. ਦੇ ਅਧਿਕਾਰੀ ਸ੍ਰੀ ਆਰ.ਪੀ.ਐਸ. ਜਸਵਾਲ ਨੇ ਦੱਸਿਆ ਕਿ ਭਾਰਤ-ਪਾਕਿ ਅੰਤਰਰਾਸ਼ਟਰੀ ਸਰਹੱਦ ਦੀ ਸਾਦਕੀ ਚੌਂਕੀ ਦੀ ਝੰਗੜ ਪੋਸਟ ਨੇੜੇ ਬੀ.ਐਸ.ਐਫ. ਦੇ ਜਵਾਨ ਗਸ਼ਤ ਕਰ ਰਹੇ ਸਨ ਤਾਂ ਅਚਾਨਕ ਉਨ੍ਹਾਂ ਚੌਂਕੀ ਨੇੜਿਓ ਇਕ ਨੌਜਵਾਨ ਨੂੰ ਮੋਟਰਸਾਈਕਲ ਸਮੇਤ ਦੇਖਿਆ। ਜਵਾਨਾਂ ਨੇ ਉਕਤ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ। ਪੁੱਛ ਗਿੱਛ ਦੌਰਾਨ ਉਸ ਨੇ ਆਪਣਾ ਨਾਂਅ ਸ਼ਾਹਬਰਮ ਪੁੱਤਰ ਅਸ਼ਰਫ਼ ਵਟੂ ਜ਼ਿਲ੍ਹਾ ਪਾਕਪਟਨ (ਪਾਕਿਸਤਾਨ) ਦੱਸਿਆ। ਹੋਰ ਵਧੇਰੇ ਪੁੱਛ ਗਿੱਛ ਦੌਰਾਨ ਉਸ ਨੇ ਦੱਸਿਆ ਕਿ ਉਹ ਆਪਣੇ ਸੀ.ਡੀ. ਆਈ. ਹੌਂਡਾ ਮੋਟਰਸਾਈਕਲ ਜਿਸ ਦਾ ਨੰਬਰ ਐਲ.ਜੈਡ. ਯੂ. 8513 ਹੈ, ‘ਤੇ ਸਵਾਰ ਹੋ ਕੇ ਪਾਕਿਸਤਾਨ ਦੀ ਸੂਲੇਮਾਨਕੀ ਚੌਂਕੀ ‘ਤੇ ਪਿਕਨਿਕ ਮਨਾਉਣ ਲਈ ਆਇਆ ਸੀ, ਦੋਹਾਂ ਦੇਸ਼ਾਂ ਦੀ ਸਰਹੱਦ ‘ਤੇ ਹੋਣ ਵਾਲੀ ਝੰਡਾ ਉਤਾਰਨ ਦੀ ਰਸਮ ਦੇਖ ਕੇ ਵਾਪਸ ਜਾਣ ਲੱਗਿਆ। ਜਾਂਦੇ ਸਮੇਂ ਪੀਣ ਵਾਲੇ ਪਾਣੀ ਦੀ ਤਲਾਸ਼ ਵਿਚ ਉਹ ਰਸਤਾ ਭਟਕ ਗਿਆ ਅਤੇ ਗ਼ਲਤੀ ਨਾਲ ਭਾਰਤ ਦੀ ਸਰਹੱਦੀ ਅੰਦਰ ਦਾਖ਼ਲ ਹੋ ਗਿਆ। ਬੀ.ਐਸ.ਐਫ. ਦੇ ਅਧਿਕਾਰੀ ਸ੍ਰੀ ਜਸਵਾਲ ਨੇ ਦੱਸਿਆ ਕਿ ਉਸ ਦੀ ਤਲਾਸ਼ੀ ਲੈਣ ਤੇ ਉਸ ਪਾਸੋਂ ੬ ਹਜ਼ਾਰ ਦੀ ਪਾਕਿਸਤਾਨੀ ਕਰੰਸੀ ਬਰਾਮਦ ਹੋਈ ਹੈ, ਇਸ ਤੋਂ ਇਲਾਵਾ ਉਸ ਪਾਸੋਂ ਕੁੱਝ ਵੀ ਬਰਾਮਦ ਨਹੀਂ ਹੋਇਆ। ਜਿਸ ਤੋਂ ਬਾਅਦ ਦੋਹਾਂ ਦੇਸ਼ਾਂ ਦੇ ਫ਼ੌਜੀ ਅਧਿਕਾਰੀਆਂ ਵਿਚ ਹੋਈ ਮੀਟਿੰਗ ਤੋਂ ਬਾਅਦ ਉਕਤ ਨੌਜਵਾਨ ਸ਼ਾਹਬਰਮ ਨੂੰ ਪਾਕਿਸਤਾਨੀ ਰੇਂਜਰਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ।
Punjab Post Daily Online Newspaper & Print Media