ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਨੂੰ ਸਿਰ ਮੱਥੇ ਪ੍ਰਵਾਨ – ਮਜੀਠੀਆ
ਪੰਜ ਤਖਤ ਸਾਹਿਬਾਨ ਵਿਖੇ ਲੰਗਰ ਦੀ ਮਾਇਕ ਤੇ ਹੱਥੀਂ ਸੇਵਾ ਕਰਨ ਅਤੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਖਿਮਾ ਯਾਚਨਾ ਦੀ ਅਰਦਾਸ ਕਰਵਾਉਣ ਦਾ ਹੁਕਮ
ਅੰਮ੍ਰਿਤਸਰ, 1 ਮਈ (ਪੰਜਾਬ ਪੋਸਟ ਬਿਊਰੋ)- ਕੈਬਨਿਟ ਲੋਕ ਸੰਪਰਕ ਤੇ ਮਾਲ ਮੰਤਰੀ ਪੰਜਾਬ ਬਿਕਰਮ ਸਿੰਘ ਮਜੀਠੀਆ ਵਲੋਂ ਗੁਰਬਾਣੀ ਦੇ ਗਲਤ ਉਚਾਰਣ ਕੀਤੇ ਜਾਣ ਦੇ ਮਾਮਲੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਮਾਫੀ ਮੰਗਣ ਲਈ ਪਹੁੰਚ ਕਰਨ ‘ਤੇ ਅੱਜ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿੱਚ ਉਨਾਂ ਦਾ ਮਾਮਲਾ ਵਿਚਾਰਿਆ ਗਿਆ।ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਅੱਜ ਦੀ ਇਕੱਤਰਤਾ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ, ਤਖਤ ਸ੍ਰੀ ਕੇਸਗੜ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਮਲ ਸਿੰਘ, ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਬਲਵੰਤ ਸਿੰਘ ਨੰਦਗੜ, ਸ੍ਰੀ ਦਰਬਾਰ ਸਾਹਿਬ ਦੇ ਐਡੀਸ਼ਨਲ ਗ੍ਰੰਥੀ ਗਿਆਨੀ ਜਗਤਾਰ ਸਿੰਘ ਲੁਧਿਆਣਾ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਗ੍ਰੰਥੀ ਗਿਆਨੀ ਗੁਰਮੁੱਖ ਸਿੰਘ ਨੇ ਸ਼ਮੂਲੀਅਤ ਕੀਤੀ ਅਤੇ ਲੰਮਾਂ ਸਮਾਂ ਵਿਚਾਰ ਵਟਾਂਦਰਾ ਕਰਨ ਉਪਰੰਤ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਪੰਜ ਸਿੰਘ ਸਾਹਿਬਾਨ ਦੇ ਫੈਸਲੇ ਦਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਐਲਾਨ ਕਰਦਿਆਂ ਕਿਹਾ ਕਿ ਪਿਛਲੇ ਦਿਨੀਂ ਬਿਕਰਮ ਸਿੰਘ ਮਜੀਠੀਆ ਵੱਲੋਂ ਚੋਣ ਜਲਸੇ ਦੌਰਾਨ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਪਵਿੱਤਰ ਬਾਣੀ ਦੀ ਤੁਕ ਬਦਲ ਕੇ ਪੜੀ ਗਈ, ਜਿਸ ਨੂੰ ਉਸਨੇ ਆਪ ਬੋਲਿਆ ਅਤੇ ਹਾਜ਼ਰ ਲੋਕਾਂ ਤੋਂ ਬੁਲਵਾਇਆ।ਇਸ ਸਬੰਧੀ ਸੰਗਤਾਂ ਵੱਲੋਂ ਰੋਸ ਪ੍ਰਗਟ ਕੀਤਾ ਗਿਆ ਅਤੇ ਲਿਖਤੀ ਰੂਪ ਵਿੱਚ ਵੀ ਵੱਖ-ਵੱਖ ਜਥੇਬੰਦੀਆਂ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਬਿਕਰਮ ਸਿੰਘ ਮਜੀਠੀਏ ਨੂੰ ਸਜ਼ਾ ਲਗਾਉਣ ਲਈ ਬੇਨਤੀਆਂ ਕੀਤੀਆਂ ਗਈਆਂ। ਬਿਕਰਮ ਸਿੰਘ ਵੱਲੋਂ ਉਕਤ ਗਲਤੀ ਨੂੰ ਮਹਿਸੂਸ ਕਰਦਿਆਂ ਆਪ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋ ਕੇ ਲਿਖ਼ਤੀ ਮੁਆਫੀਨਾਮਾ ਦਿੱਤਾ ਗਿਆ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਵੱਲੋਂ ਹੋਏ ਹਰ ਹੁਕਮ ਦੀ ਪਾਲਣਾ ਕਰਨ ਦਾ ਪ੍ਰਗਟਾਵਾ ਕੀਤਾ।
ਇਸ ਸਬੰਧ ਵਿੱਚ ਅੱਜ ਮਿਤੀ 18 ਵੈਸਾਖ ਸੰਮਤ ਨਾਨਕਸ਼ਾਹੀ 546 ਮੁਤਾਬਿਕ 1 ਮਈ, ਦਿਨ ਵੀਰਵਾਰ ਨੂੰ ਪੰਜ ਸਿੰਘ ਸਾਹਿਬਾਨ ਦੀ ਹੋਈ ਇਕੱਤਰਤਾ ਵਿੱਚ ਬਿਕਰਮ ਸਿੰਘ ਨੂੰ ਬੁਲਾਇਆ ਗਿਆ। ਉਸਨੇ ਆਪਣੇ ਵੱਲੋਂ ਹੋਈ ਗਲਤੀ ਪੰਜ ਸਿੰਘ ਸਾਹਿਬਾਨ ਦੇ ਸਾਹਮਣੇ ਕਬੂਲ ਕੀਤੀ ਅਤੇ ਅੱਗੋਂ ਵੀ ਸਿੰਘ ਸਾਹਿਬਾਨ ਵੱਲੋਂ ਕੀਤੇ ਹਰ ਆਦੇਸ਼ ਦੀ ਪਾਲਣਾ ਕਰਨ ਦੀ ਵਚਨਬੱਧਤਾ ਪ੍ਰਗਟਾਈ।ਜਿਸ ਉਪਰ ਪੰਜ ਸਿੰਘ ਸਾਹਿਬਾਨ ਵੱਲੋਂ ਵਿਚਾਰ ਕਰਨ ਉਪਰੰਤ ਗੁਰਮਤਿ ਦੀ ਰੋਸ਼ਨੀ ਵਿੱਚ ਧਾਰਮਿਕ ਸੇਵਾ (ਤਨਖਾਹ) ਲਗਾਈ ਗਈ ਹੈ।ਸਿੰਘ ਸਾਹਿਬ ਨੇ ਐਲਾਨ ਕੀਤਾ ਕਿ ਬਿਕਰਮ ਸਿੰਘ ਮਜੀਠੀਆ ਨੂੰ ਪੰਜਾ ਸਿੰਘ ਸਾਹਿਬਾਨ ਨੇ ਹੁਕਮ ਕੀਤਾ ਹੈ ਕਿ ਉਹ ਪੰਜ ਤਖ਼ਤ ਸਾਹਿਬਾਨ, ਤਖ਼ਤ ਸ੍ਰੀ ਹਰਿਮੰਦਰ ਜੀ (ਪਟਨਾ ਸਾਹਿਬ), ਤਖ਼ਤ ਸ੍ਰੀ ਕੇਸਗੜ੍ਹ ਸਾਹਿਬ (ਸ੍ਰੀ ਅਨੰਦਪੁਰ ਸਾਹਿਬ), ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਿਚਲਨਗਰ ਸਾਹਿਬ (ਨਾਦੇੜ), ਤਖ਼ਤ ਸ੍ਰੀ ਦਮਦਮਾ ਸਾਹਿਬ (ਤਲਵੰਡੀ ਸਾਬੋ) ਵਿਖੇ ਹਾਜ਼ਰ ਹੋ ਕੇ ਲੰਗਰ ਦੀ ਮਾਇਕ ਅਤੇ ਹੱਥੀਂ ਸੇਵਾ ਕਰਨ ਤੋਂ ਬਾਅਦ ਸਰਬਉੱਚ ਅਸਥਾਨ ਸ੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਹਾਜ਼ਰ ਹੋ ਕੇ ਸ੍ਰੀ ਅਖੰਡ ਪਾਠ ਸਾਹਿਬ ਅਰੰਭ ਕਰਵਾਉਣ ਅਤੇ ਤਿੰਨ ਦਿਨ ਹੀ ਲੰਗਰ ਵਿੱਚ ਬਰਤਨ ਸਾਫ ਕਰਨ ਅਤੇ ਗੁਰਬਾਣੀ ਸੁਨਣ ਅਤੇ ਯਥਾ ਸ਼ਕਤ ਮਾਇਕੀ ਤੌਰ ‘ਤੇ ਲੰਗਰ ਦੀ ਸੇਵਾ ਕਰਨ।ਇਹ ਸੇਵਾਵਾਂ ਮੁਕੰਮਲ ਕਰਨ ਉਪਰੰਤ ਸ੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਪੇਸ਼ ਹੋ ਕੇ 501 ਰੁਪਏ ਗੁਰੂ ਕੀ ਗੋਲਕ ਵਿੱਚ ਪਾਉਣ ਅਤੇ 101 ਰੁਪਏ ਦੀ ਕੜ੍ਹਾਹ ਪ੍ਰਸ਼ਾਦਿ ਦੀ ਦੇਗ ਕਰਵਾ ਕੇ ਖਿਮਾਂ ਯਾਚਨਾ ਦੀ ਅਰਦਾਸ ਕਰਵਾਉਣ।ਉਨਾਂ ਕਿਹਾ ਕਿ ਫੈਸਲਾ ਮਿਤੀ 19 ਨਵੰਬਰ 2003ਵਿੱਚ ਪੰਜ ਸਿੰਘ ਸਾਹਿਬਾਨ ਵੱਲੋਂ ਹੋਏ ਫੈਸਲੇ ਦੇ ਮਤਾ ਨੰ: ੧ ਅਨੁਸਾਰ ਕੀਤਾ ਗਿਆ ਹੈ। ਸਮੁੱਚੇ ਤਖ਼ਤ ਸਾਹਿਬਾਨ ਇਸ ਨੂੰ ਹੀ ਪ੍ਰਵਾਨ ਕਰਨ।
ਇਸ ਫੈਸਲੇ ਦੇ ਐਲਾਨ ਦੌਰਾਨ ਬਿਕਰਮ ਸਿੰਘ ਮਜੀਠੀਆ ਜਿੰਨਾਂ ਨੇ ਆਪਣਾ ਦਾਹੜਾ ਪ੍ਰਕਾਸ਼ਿਆ ਹੋਇਆ ਸੀ, ਇੱਕ ਨਿਮਾਨੇ ਸਿੱਖ ਵਾਂਗ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁੱਖ ਹੱਥ ਜੋੜ ਕੇ ਖੜੇ ਰਹੇ।ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਨੂੰ ਸਿਰ ਮੱਥੇ ਪ੍ਰਵਾਨ ਕਰਦਿਆਂ ਸ੍ਰ. ਮਜੀਠੀਆ ਨੇ ਸ੍ਰੀ ਅਕਾਲ ਤਖਤ ਸਾਹਿਬ ਸਾਹਮਣੇ ਝੁੱਕ ਕੇ ਮੱਥਾ ਟੇਕਿਆ ਅਤੇ ਉਸ ਉਪਰੰਤ ਸ੍ਰੀ ਦਰਬਾਰ ਸਾਹਿਬ ਵੱਲ ਮੁੱਖ ਕਰਕੇ ਦੋਵੇਂ ਹੱਥ ਜੋੜ ਕੇ ਮੱਥਾ ਟੇਕਣ ਉਪਰੰਤ ਬਾਹਰ ਆ ਗਏ। ਜਿਥੇ ਉਨਾਂ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਵਿੱਚ ਦੱਸਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਸਦਾ ਬਖਸ਼ਿੰਦ ਹੈ ਅਤੇ ਉਨਾਂ ਪਾਸੋਂ ਜੋ ਅੱਵਗਿਆ ਹੋਈ ਉਸ ਲਈ ਉਨਾਂ ਨੂੰ ਜੋ ਹੁਕਮ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਹੋਇਆ ਹੈ, ਉਸ ਨੂੰ ਉਹ ਪੂਰਾ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਆ ਕੇ ਅਰਦਾਸ ਕਰਵਾਉਗੇ।ਉਨਾਂ ਨੇ ਕਿਹਾ ਕਿ ਉਹ ਸਮੁੱਚੀ ਸਿਖ ਸੰਗਤ ਤੋਂ ਵੀ ਮਾਫੀ ਮੰਗਦੇ ਹਨ ਜਿੰਨਾਂ ਦੇ ਹਿਰਦਿਆਂ ਨੂੰ ਉਨਾਂ ਵਲੋਂ ਚੋਟ ਪਹੁੰਚਾਈ ਗਈ ਹੈ।
ਇਸੇ ਦੌਰਾਨ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਦੱਸਿਆ ਕਿ ਬਿਕਰਮ ਸਿੰਘ ਮਜੀਠੀਆ ਨੇ ਖੁੱਦ ਆਪ ਸ੍ਰੀ ਅਕਾਲ ਤਖਤ ਸਾਹਿਬ ਆ ਕੇ ਮਾਫੀ ਮੰਗੀ ਸੀ ਅਤੇ ਉਨਾਂ ਨੂੰ ਅੱਜ ਮਾਫੀ ਦਿੰਦਿਆਂ ਸਜ਼ਾ ਲਗਾਈ ਗਈ ਹੈ, ਜਿਸ ਦੀ ਕੋਈ ਸਮਾਂ ਸੀਮਾ ਨਿਸਚਿਤ ਨਹੀ ਕੀਤੀ ਗਈ।ਤਖਤ ਸ੍ਰੀ ਪਟਨਾ ਸਾਹਿਬ ਦੇ ਮਾਮਲੇ ਬਾਰੇ ਉਨਾਂ ਕਿਹਾ ਕਿ ਉਨਾਂ ਨੂੰ ਕਮੇਟੀ ਵਲੋਂ ਕਾਗਜ਼ਾਤ ਸੌਂਪੇ ਗਏ ਹਨ ਉਨਾਂ ਦੀ ਪੜਤਾਲ ਤੋਂ ਬਾਅਦ ਮਾਮਲਾ ਵਿਚਾਰਿਆ ਜਾਵੇਗਾ ।ਸਿੰਘ ਸਾਹਿਬ ਨੇ ਇਕ ਹੋਰ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਗਿਆਨੀ ਇਕਬਾਲ ਸਿੰਘ ਦੀ ਤਬੀਅਤ ਖਰਾਬ ਹੋ ਜਾਣ ਕਰਕੇ ਉਹ ਅੱਜ ਦੀ ਇਕੱਤਰਤਾ ਵਿੱਚ ਸ਼ਾਮਲ ਨਹੀ ਹੋਏ।ਰੋਚੈਸਟਰ ਦੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਵਲੋਂ ਸਿੱਖ ਅਰਦਾਸ ਵਿੱਚ ਕੀਤੀ ਗਈ ਰੱਦੋ ਬਦਲ ਬਾਰੇ ਸਿੰਘ ਸਾਹਿਬ ਨੇ ਕਿਹਾ ਕਿ ਅਗਰ ਅਜਿਹਾ ਕੀਤਾ ਗਿਆ ਹੈ ਤਾਂ ਇਸ ਸਬੰਧੀ ਪੱਤਰ ਮਿਲਣ ‘ਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ, ਕਿਉਂਕਿ ਪੰਥ ਦੀ ਅਰਦਾਸ ਵਿੱਚ ਵਾਧ ਘਾਟ ਕਰਨ ਦੀ ਕਿਸੇ ਨੂੰ ਵੀ ਇਜ਼ਾਜਤ ਨਹੀਂ ਦਿਤੀ ਜਾ ਸਕਦੀ।