Friday, July 5, 2024

ਮੁਸਾਫਿਰ ਗਰੁੱਪ ਵੱਲੋਂ ਆਯੋਜਿਤ ਵੋਟ ਜਾਗਰੂਕਤਾ ਜਲਸੇ ਦੀ ਸਟੇਜ਼ ‘ਤੇ ਕੁੱਝ ਨੌਜਵਾਨਾਂ ਨੇ ਜਲਸਾ ਪ੍ਰਬੰਧਕਾਂ ਦੀ ਕੀਤੀ ਕੁੱਟਮਾਰ

PPN1402201605
ਮਾਲੇਰਕੋਟਲਾ, 14 ਫਰਵਰੀ (ਹਰਮਿੰਦਰ ਭੱਟ) – ਲੰਘੀ ਰਾਤ ਸਥਾਨਕ ਮੁਹੱਲਾ ਕਿਲਾ ਰਹਿਮਤਗੜ੍ਹ ਵਿਖੇ ਨੌਜਵਾਨਾਂ ਦੇ ਮੁਸਾਫਿਰ ਗਰੁੱਪ ਵੱਲੋਂ ਆਮ ਲੋਕਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਤੇ ਵੋਟ ਦੀ ਕਦਰੋ-ਕੀਮਤ ਬਾਰੇ ਜਾਗਰੂਕ ਕਰਨ ਲਈ ਆਯੋਜਿਤ ਕੀਤੇ ਗਏ ਇਕ ਜਲਸੇ ਦੌਰਾਨ ਕੁਝ ਨੌਜਵਾਨਾਂ ਵੱਲੋਂ ਸਟੇਜ਼ ‘ਤੇ ਆ ਕੇ ਪ੍ਰਬੰਧਕ ਨੌਜਵਾਨਾਂ ਦੀ ਕੁੱਟਮਾਰ ਕਰਨ ਅਤੇ ਧਮਕੀਆਂ ਦੇਣ ਦੇ ਦੋਸ਼ ‘ਚ ਮਾਲੇਰਕੋਟਲਾ ਪੁਲਿਸ ਨੇ ਕਾਂਗਰਸ ਪਾਰਟੀ ਨਾਲ ਸਬੰਧਤ ਦੱਸੇ ਜਾਂਦੇ 6 ਨੌਜਵਾਨਾਂ ਸਾਬਕਾ ਯੂਥ ਕਾਂਗਰਸ ਪ੍ਰਧਾਨ ਮੁਹੰਮਦ ਸ਼ਕੀਲ ਪੁੱਤਰ ਰੁਲਦੂ, ਵਿਦਿਆਰਥੀ ਜਥੇਬੰਦੀ ਐਨ.ਐਸ.ਯੂ.ਆਈ. ਦੇ ਮਲੇਰਕੋਟਲਾ ਪ੍ਰਧਾਨ ਸਾਕਿਬ ਅਲੀ, ਲਾਲਾ ਕਬੂਤਰਾਂ ਵਾਲਾ ਪੁੱਤਰ ਫਕੀਰੀਆ, ਮੁਹੰਮਦ ਇਕਬਾਲ ਪੁੱਤਰ ਮੁਹੰਮਦ ਸਦੀਕ, ਬਿਜਲੀ ਪੁੱਤਰ ਮੁਹੰਮਦ ਇਸਮਾਇਲ, ਕਾਲਾ ਪੁੱਤਰ ਮੁਹੰਮਦ ਬਸ਼ੀਰ ਵਾਸੀਆਨ ਕਿਲਾ ਰਹਿਮਤਗੜ੍ਹ ਸਮੇਤ 25-30 ਨਾਮਲੂਮ ਨੌਜਵਾਨਾਂ ਖਿਲਾਫ ਧਾਰਾ 341, 323, 427, 382, 506, 149 ਅਧੀਨ ਮਾਮਲਾ ਦਰਜ ਕੀਤਾ ਹੈ। ਮੁਸਾਫਿਰ ਗਰੁੱਪ ਦੇ ਨੌਜਵਾਨ ਮੁਹੰਮਦ ਇਰਸ਼ਾਦ ਪੁੱਤਰ ਮੁਹੰਮਦ ਯਾਕੂਬ ਵਾਸੀ ਨਿਸਾਦ ਕਲੋਨੀ ਮਲੇਰਕੋਟਲਾ ਵੱਲੋਂ ਪੁਲਿਸ ਪਾਸ ਦਰਜ ਕਰਵਾਏ ਮਾਮਲੇ ‘ਚ ਲਿਖਾਏ ਗਏ ਬਿਆਨਾਂ ਅਤੇ ਅੱਜ ਦੁਪਹਿਰ ਸਥਾਨਕ ਰੈਸਟ ਹਾਉਸ ਵਿਖੇ ਮੁਸਾਫਿਰ ਗਰੁੱਪ ਦੇ ਪ੍ਰਧਾਨ ਅਬਦੁੱਲ ਸੱਤਾਰ ਅਤੇ ਮੁਹੰਮਦ ਇਰਸ਼ਾਦ ਵੱਲੋਂ ਆਪਣੇ ਸਾਥੀਆਂ ਸਮੇਤ ਪੁਲਿਸ ਦੀ ਹਾਜ਼ਰੀ ‘ਚ ਕੀਤੀ ਗਈ ਪ੍ਰੈਸ ਕਾਨਫਰੰਸ ‘ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਸਾਡੇ ਗੈਰ ਸਿਆਸੀ ਮੁਸਾਫਿਰ ਗਰੁੱਪ ਵੱਲੋਂ ਲੋਕਾਂ ਨੂੰ ਵੋਟ ਦੀ ਕਦਰੋ-ਕੀਮਤ ਬਾਰੇ ਜਾਗਰੂਕ ਕਰਨ ਲਈ ਅਪ੍ਰੈਲ 2015 ਤੋਂ ਇੱਕ ਮੁਹਿੰਮ ਚਲਾਈ ਹੋਈ ਹੈ। ਜੋ ਸਿਆਸੀ ਪਾਰਟੀਆਂ ਨੂੰ ਰਾਸ ਨਹੀਂ ਆ ਰਹੀ। ਉਕਤ ਮੁਹਿੰਮ ਦੇ ਤਹਿਤ ਇਲਾਕੇ ਦੇ ਵੱਖ-ਵੱਖ ਮੁਹੱਲਿਆਂ ‘ਚ ਜਾਗਰੂਕ ਜਲਸੇ ਕੀਤੇ ਜਾ ਰਹੇ ਹਨ। ਲੰਘੀ ਰਾਤ ਵੀ ਕਿਲਾ ਰਹਿਮਤਗੜ੍ਹ ਵਿਖੇ ਵੱਡੀ ਮਸਜਿਦ ਕੋਲ ਅਜਿਹਾ ਹੀ ਜਲਸਾ ਆਯੋਜਿਤ ਕੀਤਾ ਗਿਆ ਸੀ। ਮੁਹੰਮਦ ਇਰਸ਼ਾਦ ਨੇ ਦੋਸ਼ ਲਗਾਇਆ ਕਿ ਜਦੋਂ ਮੈਂ ਸਟੇਜ਼ ‘ਤੇ ਸਪੀਚ ਕਰ ਰਿਹਾ ਸੀ ਤਾਂ ਉਪਰੋਕਤ ਮੋਟਰਸਾਇਕਲਾਂ ‘ਤੇ ਸਵਾਰ ਹੋ ਕੇ ਆਏ ਦੋਸ਼ੀਆਨ ਨੇ ਸਟੇਜ਼ ਉਪੱਰ ਚੜ੍ਹ ਕੇ ਮੈਨੂੰ ਤੇ ਮੇਰੇ ਸਾਥੀਆਂ ਨੂੰ ਕਥਿਤ ਗਾਲੀ-ਗਲੋਚ ਤੇ ਥੱਪੜ ਮਾਰਦਿਆਂ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਇਥੋਂ ਤੱਕ ਕਿ ਸਾਡੇ ਜਲਸੇ ਦੀ ਵੀਡੀਓ ਬਣਾ ਰਹੇ ਕੈਮਰਾਮੈਨ ਸ਼ਕੀਲ ਦਾ ਕੈਮਰਾ ਖੋਹ ਕੇ ਵੀਡੀਓ ਡੀਲੀਟ ਕਰਦਿਆਂ ਕੈਮਰਾ ਭੰਨ ਦਿੱਤਾ ਅਤੇ ਉਥੋਂ ਫਰਾਰ ਹੋ ਗਏ। ਮੁਹੰਮਦ ਇਰਸ਼ਾਦ ਨੇ ਦੋਸ਼ੀਆਂ ਖਿਲਾਫ ਇਰਾਦਾ ਕਤਲ ਦੀਆਂ ਧਾਰਾਵਾਂ ਅਧੀਨ ਮਾਮਲਾ ਦਰਜ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ-ਪੜਤਾਲ ਕਰਕੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।
ਗੁਰਪ੍ਰੀਤ ਸਿੰਘ ਸਿਕੰਦ ਡੀ.ਐਸ.ਪੀ. ਮਲੇਰਕੋਟਲਾ ਨੇ ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹੁਣ ਤੱਕ ਮੌਕੇ ਤੋਂ ਕੀਤੀ ਜਾਂਚ-ਪੜਤਾਲ ਅਤੇ ਮੁਦੱਈ ਮੁਸਾਫਿਰ ਗਰੁੱਪ ਦੇ ਮੁਹੰਮਦ ਇਰਸ਼ਾਦ ਵੱਲੋਂ ਦਿੱਤੇ ਗਏ ਬਿਆਨਾਂ ਮੁਤਾਬਕ ਬਣਦੀਆਂ ਧਾਰਾਵਾਂ ਅਧੀਨ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਜਾਂਚ ਸ਼ੂਰੂ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਜਾਂਚ ਪੜਤਾਲ ਦੌਰਾਨ ਕੋਈ ਪੱਖਪਾਤ ਨਹੀਂ ਕੀਤਾ ਜਾਵੇਗਾ, ਪੂਰੇ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਇਨਸਾਫ ਕੀਤਾ ਜਾਵੇਗਾ।ਓਧਰ ਕਾਂਗਰਸ ਪਾਰਟੀ ਦੇ ਸਥਾਨਕ ਆਗੂਆਂ ਕੌਂਸਲਰ ਚੌਧਰੀ ਮੁਹੰਮਦ ਬਸ਼ੀਰ, ਯੂਥ ਕਾਂਗਰਸ ਦੇ ਸੂਬਾਈ ਸਕੱਤਰ ਤੇ ਕੌਂਸਲਰ ਮੁਹੰਮਦ ਫਾਰੂਕ ਅਨਸਾਰੀ, ਕਾਂਗਰਸ ਦੇ ਸੂਬਾ ਆਗੂ ਗੁਲਾਮ ਹੁਸੈਨ, ਬਲਾਕ ਕਾਂਗਰਸ ਪ੍ਰਧਾਨ ਬੇਅੰਤ ਕਿੰਗਰ ਨੇ ਕਿਹਾ ਕਿ ਲੰਘੀ ਰਾਤ ਕਿਲਾ ਰਹਿਮਤਗੜ੍ਹ ਵਿਖੇ ਜੋ ਘਟਨਾਂ ਵਾਪਰੀ ਹੈ ਉਸ ਨਾਲ ਸਾਡੀ ਪਾਰਟੀ ਦੇ ਆਗੂਆਂ ਦਾ ਕੋਈ ਸਬੰਧ ਨਹੀਂ ਹੈ। ਸੱਤਾਧਾਰੀ ਪਾਰਟੀ ਦੀ ਸਹਿ ‘ਤੇ ਜਾਣ-ਬੁੱਝ ਕੇ ਸਾਡੀ ਪਾਰਟੀ ਦੇ ਨੌਜਵਾਨਾਂ ਨੂੰ ਨਿਸ਼ਾਨਾਂ ਬਣਾਇਆ ਜਾ ਰਿਹਾ ਹੈ। ਉਨ੍ਹਾਂ ਮੁਸਾਫਿਰ ਗਰੁੱਪ ਦੇ ਨੌਜਵਾਨਾਂ ਨੂੰ ਅਸਿੱਧੇ ਢੰਗ ਨਾਲ ਸੱਤਾਧਾਰੀ ਪਾਰਟੀ ਵੱਲੋਂ ਸਪੋਟ ਕੀਤੇ ਜਾਣ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਇਹ ਸਪਸ਼ਟ ਕੀਤਾ ਜਾਵੇ ਕਿ ਉਕਤ ਗਰੁੱਪ ਨੂੰ ਫੰਡ ਕਿਥੋਂ ਮੁਹੱਈਆ ਹੋ ਰਿਹਾ ਹੈ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply