Wednesday, July 3, 2024

ਕੈਪਟਨ ਸਵਾਰਥੀ ਹਿਤਾਂ ਲਈ ਖ਼ਾਲਸਾ ਯੂਨੀਵਰਸਿਟੀ ‘ਤੇ ਸਿਆਸਤ ਕਰਨ ਤੋ ਗੁਰੇਜ਼ ਕਰੇ – ਮਜੀਠੀਆ

PPN1902201619

ਮਜੀਠਾ, 19 ਫਰਵਰੀ (ਪ.ਪ) – ਲੋਕ ਸੰਪਰਕ ਤੇ ਮਾਲ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੀ ਸਵਾਰਥੀ ਅਤੇ ਪਾਰਟੀ ਮੁਫ਼ਾਦ ਖ਼ਾਤਰ ਖ਼ਾਲਸਾ ਕਾਲਜ ਅਤੇ ਵਿਦਿਆਰਥੀਆਂ ਦੇ ਵਡੇਰੇ ਹਿਤਾਂ ਦੀ ਕੀਮਤ ‘ਤੇ ਪ੍ਰਸਤਾਵਿਤ ਖ਼ਾਲਸਾ ਯੂਨੀਵਰਸਿਟੀ ਦੇ ਮੁੱਦੇ ‘ਤੇ ਸਿਆਸਤ ਕਰਨ ਤੋ ਗੁਰੇਜ਼ ਕਰਨ ਲਈ ਕਿਹਾ ਹੈ।
ਸ: ਮਜੀਠੀਆ ਅੱਜ ਪਿੰਡ ਕੋਟਲਾ ਸੁਲਤਾਨ ਸਿੰਘ ਵਿਖੇ ਵਿਕਾਸ ਕਾਰਜਾਂ ਲਈਂ 25 ਲੱਖ ਰੁਪੈ ਗ੍ਰਾਂਟ ਦੇਣ ਆਏ ਸਨ ਨੇ ਪੰਜਾਬ ਕਾਂਗਰਸ ਪ੍ਰਧਾਨ ਵੱਲੋਂ ਲਾਏ ਦੋਸ਼ਾਂ ਦਾ ਕਰਾਰਾ ਜਵਾਬ ਦਿਤਾ ਤੇ ਚੁਨੌਤੀ ਦਿੰਦਿਆਂ ਕਿਹਾ ਕਿ ਕੈਪਟਨ ਇੱਕ ਅਜਿਹਾ ਵਾਕਿਆ ਦਸ ਦੇਣ ਜਦ ਮਜੀਠੀਆ ਪਰਿਵਾਰ ਨੇ ਖ਼ਾਲਸਾ ਕਾਲਜ ਨੂੰ ਆਪਣੇ ਮੁਫ਼ਾਦ ਲਈ ਵਰਤਿਆ ਹੋਵੇ। ਉਹਨਾਂ ਕਿਹਾ ਕਿ ਅਸਲ ਵਿੱਚ ਕੈਪਟਨ ਅਮਰਿੰਦਰ ਸਿੰਘ ਕੋਲ ਕੋਈ ਮੁੱਦਾ ਰਿਹਾ ਹੀ ਨਹੀ ਹੈ। ਉਹਨਾਂ ਕੈਪਟਨ ਵੱਲੋਂ ਖ਼ਾਲਸਾ ‘ਵਰਸਿਟੀ ਦਾ ਵਿਰੋਧ ਕਰਨ ਸੰਬੰਧੀ ਕਿਹਾ ਕਿ ਕੁੱਝ ਨਿੱਜੀ ਯੂਨੀਵਰਸਿਟੀਆਂ ਨੇ ਕਾਂਗਰਸ ਦੀ ਲੀਡਰਸ਼ਿਪ ਨੂੰ ਚੋਣਾਂ ਦੌਰਾਨ ਫੰਡਿੰਗ ਕਰਨ ਦਾ ਵਿਸ਼ਵਾਸ ਦਿਵਾਇਆ ਹੈ ਜੋ ਨਹੀਂ ਚਾਹੁੰਦੇ ਹਨ ਕਿ ਖ਼ਾਲਸਾ ‘ਵਰਸਿਟੀ ਹੋਂਦ ਵਿੱਚ ਆਉਣ ‘ਤੇ ਮਾਝੇ ਦੇ ਵਿਦਿਆਰਥੀਆਂ ਦਾ ਵੱਡਾ ਹਿੱਸਾ ਉਹਨਾਂ ਦੇ ਅਦਾਰਿਆਂ ਤੋ ਮੁੱਖ ਮੋੜ ਜਾਣ।
ਸ: ਮਜੀਠੀਆ ਨੇ ਕਿਹਾ ਕਿ ਖਡੂਰ ਸਾਹਿਬ ਜਿਮਨੀ ਚੋਣ ਦੌਰਾਨ ਪੰਜਾਬ ਵਾਸੀਆਂ ਨੇ ਇਨਸਾਫ਼ ਪਸੰਦ ਤੇ ਭਾਈਚਾਰਕ ਏਕਤਾ ਦੇ ਮੁਦਈ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸ: ਰਵਿੰਦਰ ਸਿੰਘ ਬ੍ਰਹਮਪੁਰਾ ਨੂੰ ਵੱਡੀ ਲੀਡ ਨਾਲ ਜਿਤਾ ਕੇ ਪੰਜਾਬ ਦਾ ਮਾਹੌਲ ਖਰਾਬ ਕਰਨ ਵਿੱਚ ਲੱਗੇ ਉਹਨਾਂ ਪੰਥ ਤੇ ਪੰਜਾਬ ਦੇ ਵਿਕਾਸ ਦੇ ਵਿਰੋਧੀਆਂ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ ਹੈ। ਉਹਨਾਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦਾ ਖ਼ਜ਼ਾਨਾ ਖਾਲੀ ਹੋਣ ਦੀ ਦਿੱਤੀ ਜਾ ਰਹੀ ਦੁਹਾਈ ਨੂੰ ਵੀ ਮੂਲੋਂ ਨਕਾਰਦਿਆਂ ਕਿਹਾ ਕਿ ਜੇ ਰਾਜ ਦਾ ਖ਼ਜ਼ਾਨਾ ਖਾਲੀ ਹੁੰਦਾ ਤਾਂ ਰਾਜ ਵਿੱਚ ਸੜਕਾਂ ਦਾ ਜਾਲ, ਪਿੰਡਾਂ ਅਤੇ ਸ਼ਹਿਰਾਂ ਦੇ ਵਿਕਾਸ ਲਈ ਫੰਡ, ਸਵਾ ਲਖ ਸਰਕਾਰੀ ਨੌਕਰੀਆਂ ‘ਤੇ ਭਰਤੀ ਪ੍ਰਕਿਰਿਆ, ਕਿਸਾਨੀ ਨੂੰ ਮੋਟਰਾਂ ਚਲਾਉਣ ਲਈ ੫੬੦੦ ਕਰੋੜ ਸਾਲਾਨਾ ਸਬਸਿਡੀ, ਆਟਾ ਦਾਲ ਲਈ 400 ਕਰੋੜ, ਪੈਨਸ਼ਨਾਂ ਲਈ 900 ਕਰੋੜ, ਸ਼ਗਨ ਸਕੀਮਾਂ ਤੋ ਇਲਾਵਾ ਹੋਰ ਲੋਕ ਭਲਾਈ ਸਕੀਮਾਂ ਕਿਵੇਂ ਚਲਾਈਆਂ ਜਾ ਸਕਦੀਆਂ ਹਨ। ਉਹਨਾਂ ਕਿਹਾ ਕਿ ਪੰਜਾਬ ਦੀ ਵਿੱਤੀ ਸਥਿਤੀ ਬਹੁਤ ਮਜ਼ਬੂਤ ਹੈ ਤੇ ਵਿਕਾਸ ਕਾਰਜਾਂ ਲਈ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿਤੀ ਜਾਵੇਗੀ। ਉਹਨਾਂ ਦੱਸਿਆ ਕਿ ਪਿੰਡ ‘ਚ ਡੇਰਿਆਂ ਦੀਆਂ 70 ਫੀਸਦੀ ਰਸਤੇ ਪੱਕੇ ਕੀਤੇ ਜਾ ਚੁੱਕੇ ਹਨ। ਇਸ ਮੌਕੇ ਉਹਨਾਂ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਸੰਤੋਖ ਸਿੰਘ ਸਮਰਾ ਤੇ ਪੰਚਾਇਤ ਵੱਲੋਂ ਸ: ਮਜੀਠੀਆ ਨੂੰ ਸਿਰੋਪਾਉ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਜਥੇਦਾਰ ਸੰਤੋਖ ਸਿੰਘ ਸਮਰਾ, ਮੇਜਰ ਸ਼ਿਵੀ, ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਜੋਧ ਸਿੰਘ, ਪ੍ਰੋ: ਸਰਚਾਂਦ ਸਿੰਘ, ਗਗਨਦੀਪ ਸਿੰਘ ਭਕਨਾ, ਐਸਈ ਪ੍ਰਦੀਪ ਕੁਮਾਰ ਸੈਣੀ, ਇੰਜੀਨੀਅਰ ਮਨਿੰਦਰਪਾਲ ਸਿੰਘ, ਬੱਬੀ ਭੰਗਵਾਂ, ਪ੍ਰਭਦਿਆਲ ਸਿੰਘ ਨੰਗਲ ਪੰਨਵਾਂ, ਸਰਪੰਚ ਨਿਰਮਲ ਸਿੰਘ, ਗੌਰਵ ਬੱਬਾ, ਡਾ: ਕਸ਼ਮੀਰ ਸਿੰਘ, ਤਰਸੇਮ ਸਿੰਘ, ਰਣਧੀਰ ਸਿੰਘ ਜੇ ਈ, ਮਾਸਟਰ ਹਰਦੀਪ ਸਿੰਘ ਸਮਰਾ, ਸਰਪੰਚ ਰਸ਼ਪਾਲ ਸਿੰਘ ਪੱਪਾ, ਡਾ: ਦਿਲਬਾਗ ਸਿੰਘ ਧੰਜੂ, ਦਾਰਾ ਸਿੰਘ ਜਿਜੇਆਣੀ, ਜੋਗਿੰਦਰ ਸਿੰਘ ਕੈਰੋਂ, ਬਾਬੂ ਦਲੀਪ ਸਿੰਘ ਅਠਵਾਲ, ਜਤਿੰਦਰਪਾਲ ਸਿੰਘ ਸਾਬਾ ਹਮਜ਼ਾ ਅਤੇ ਲਾਲ ਮਸੀਹ ਆਦਿ ਆਗੂ ਹਾਜ਼ਰ ਸਨ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply