
ਅੰਮ੍ਰਿਤਸਰ, 5 ਮਈ (ਸੁਖਬੀਰ ਸਿੰਘ)- ਗੁਰੂ ਨਗਰੀ ਅੰਮ੍ਰਿਤਸਰ ਵਿੱਚ ਅੱਜ ਉਸ ਸਮੇਂ ਵੱਡਾ ਰੇਲ ਹਾਦਸਾ ਹੋਣੋ ਬਚ ਗਿਆ, ਜਦ ਅੰਮ੍ਰਿਤਸਰ ਤੋਂ ਜਲੰਧਰ ਲਈ 1.40 ਵਜੇ ਰਵਾਨਾ ਹੋਈ ਈ.ਐਮ. ਯੂ ਰੇਲ ਗੱਡੀ ਕਾਂਟਾ ਬਦਲਣ ਦੀ ਹੋਈ ਗਲਤੀ ਕਾਰਣ ਭੰਡਾਰੀ ਪੁੱਲ ਦੇ ਬਿਲਕੁੱਲ ਹੇਠਾਂ ਲਾਈਨਾਂ ਤੋਂ ਥੱਲੇ ਲੱਥ ਗਈ। ਇਸ ਹਾਦਸੇ ਨਾਲ ਜਿਥੇ ਰੇਲ ਗੱਡੀ ਦੀ ਅਵਾਜ ਬਦਲ ਗਈ ਉਥੇ ਭੰਡਾਰੀ ਪੁੱਲ ਦੇ ਹੇਠਾਂ ਬੈਠੇ ਲੜਕਿਆਂ ਅਤੇ ਰੇਲ ਗੱਡੀ ਦੀਆਂ ਸਵਾਰੀਆਂ ਨੇ ਰੌਲਾ ਪਾ ਦਿਤਾ ਤਾਂ ਡਰਾਈਵਰ ਨੇ ਗੱਡੀ ਦੀ ਬਰੇਕ ਲਾ ਦਿਤੀ, ਜਿਸ ਨਾਲ ਜਾਨੀ ਤੇ ਮਾਲੀ ਨੁਕਸਾਨ ਨੂੰ ਬਚਾਅ ਲਿਆ ਗਿਆ। ਇਸ ਹਾਦਸੇ ਨਾਲ ਗੱਡੀ ਦੇ ਅਖੀਰਲੇ ਡੱਬੇ ਦੇ ਅਗਲੇ ਪਹੀਏ ਤਾਂ ਸਹੀ ਲਾਈਨ ਤੇ ਚਲੇ ਗੇ ਪ੍ਰੰਤੂ ਕਾਹਲੀ ‘ਚ ਕਾਂਟਾ ਬਦਲੇ ਜਾਣ ‘ਤੇ ਡੱਬੇ ਦੇ ਪਿਛਲੇ ਪਹੀਏ ਰੇਲ ਗੱਡੀ ਦੇ ਨਾਲ ਨਾ ਚੱਲ ਸਕੇ ਅਤੇ ਡਰਾਈਵਰ ਵਲੋਂ ਬਰੇਕ ਲਾ ਦੇਣ ਕਰਕੇ ਅਖੀਰਲਾ ਡੱਬਾ ਰੇਲ ਦੇ ਦਬਾਅ ਹੇਠ ਆ ਕੇ ਜਾਮ ਹੋ ਗਿਆ।

ਇਸ ਹਾਦਸੇ ਕਾਰਣ ਸਾਰੇ ਅੱਪ ਤੇ ਡਾਊਨ ਟਰੈਕ ਰੁੱਕ ਗਏ ਅਤੇ ਅੰਮ੍ਰਿਤਸਰ ਆਉਣ ਵਾਲੀਆਂ ਗੱਡੀਆਂ ਜਿੰਨਾਂ ਵਿੱਚ ਸ਼ਤਾਬਦੀ ਅਤੇ ਸ਼ਾਨੇ ਪੰਜਾਬ ਸ਼ਾਮਲ ਸਨ ਪਿਛੇ ਰੋਕ ਦਿਤੀਆਂ ਗਈਆਂ ਅਤੇ ਸਟੇਸ਼ਨ ਤੋਂ ਰਵਾਨਾ ਹੋਣ ਵਾਲੀਆਂ ਕੁੱਝ ਗੱਡੀਆਂ ਰੱਦ ਤੇ ਕੁੱਝ ਦਾ ਸਮਾਂ ਬਦਲ ਦਿਤਾ ਗਿਆ।ਇਸ ਖਰਾਬੀ ਨੂੰ ਦੂਰ ਕਰਨ ਲਈ ਬੇਸ਼ੱਕ ਰੇਲਵੇ ਵਿਭਾਗ ਦੇ ਵੱਡੇ ਅਧਿਕਾਰੀ ਮੌਕੇ ਤੇ ਪੁੱਜ ਗਏ ਪ੍ਰੰਤੂ ਮਾਮਲਾ ਪੇਚੀਦਾ ਹੋਣ ਕਾਰਣ ਉਨਾਂ ਨੂੰ ਟਰੈਕ ਖਾਲੀ ਕਰਨ ਵਿੱਚ ਘੰਟਿਆਂ ਤੋਂ ਜਿਆਦਾ ਸਮਾਂ ਲੱਗ ਗਿਆ।

ਅੰਮ੍ਰਿਤਸਰ -ਜਲੰਧਰ ਤੇ ਹੋਰ ਗੱਡੀਆਂ ਰੱਦ ਹੋ ਜਾਣ ਕਰਕੇ ਸਵਾਰੀਆਂ ਨੂੰ ਕਾਫੀ ਮੁਸ਼ਕਲਾਂ ਪੇਸ਼ ਆਈਆਂ ਅਤੇ ਉਨਾਂ ਨੂੰ ਬਦਲਵੇਂ ਪ੍ਰਬੰਧ ਕਰਕੇ ਆਪੋ ਆਪਣੀ ਮੰਜਲ ਵੱਲ ਵਧਣਾ ਪਿਆ। ਡਵਿਜ਼ਨਲ ਓਪਰੇਟਿੰਗ ਮੈਨੇਜਰ ਐਮ ਐਸ ਭੁੱਲਰ, ਏ.ਟੀ.ਪੀ ਅਸ਼ੋਕ ਸਲਾਰੀਆ ਅਤੇ ਸਟੇਸ਼ਨ ਮਾਸਟਰ ਵਿਮਲ ਕੁਮਾਰ ਨੇ ਦੱਸਿਆ ਕਿ ਇਸ ਹਾਦਸੇ ਦੀ ਜਾਂਚ ਕਰਵਾਈ ਜਾਵਗੀ ਤਾਂ ਕਿ ਅਸਲੀਅਤ ਸਾਹਮਣੇ ਆ ਸਕੇ।

ਇਸ ਮੌਕੇ ਰੇਲਵੇ ਪੁਲਿਸ ਦੇ ਏ.ਐਸ. ਆਈ ਕੇ.ਐਸ ਰੰਧਾਵਾ ਅਤੇ ਪਵਨ ਕੁਮਾਰ ਵੀ ਮੌਜੂਦ ਸਨ ਜਿੰਨਾਂ ਨੂੰ ਇਕੱਤਰ ਹਜੂਮ ਤੇ ਸਵਾਰੀਆਂ ਨੂੰ ਕੰਟਰੋਲ ਕਰਨ ਵਿੱਚ ਕਾਫੀ ਜੱਦੋ ਜਹਿਦ ਕਰਨੀ ਪਈ।
Punjab Post Daily Online Newspaper & Print Media