ਕੀਰਤਨ ਸਰਵਣ ਕੀਤਾ, ਬਰਤਨ ਸਾਫ਼ ਕਰਨ ਅਤੇ ਜੋੜਿਆਂ ਦੀ ਕੀਤੀ ਸੇਵਾ
ਸ੍ਰੀ ਅਨੰਦਪੁਰ ਸਾਹਿਬ, 6 ਮਈ (ਪੰਜਾਬ ਪੋਸਟ ਬਿਊਰੋ)- ਪੰਜਾਬ ਦੇ ਕੈਬਨਿਟ ਮੰਤਰੀ ਸ਼੍ਰੀ ਬਿਕਰਮ ਸਿੰਘ ਮਜੀਠੀਆ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਆਦੇਸ਼ ਮੁਤਾਬਿਕ ਅੱਜ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੁੰਦਿਆਂ ਇੱਕ ਨਿਮਾਣੇ ਸਿੱਖ ਵੱਜੋਂ ਸ਼ਰਧਾਪੂਰਵਕ ਲੰਗਰ ਦੇ ਜੂਠੇ ਬਰਤਨ ਮਾਂਜਦਿਆਂ ਅਤੇ ਜੋੜੇ ਸਾਫ਼ ਕਰਦਿਆਂ ਸੇਵਾ ਦੀ ਸ਼ੁਰੂਆਤ ਕੀਤੀ। ਅੱਜ ਸਵੇਰੇ ਸ:ਮਜੀਠੀਆ ਨੇ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਲੰਗਰ ਹਾਲ ਵਿੱਚ ਪਹੁੰਚੇ ਜਿੱਥੇ ਉਹਨਾਂ ਜੂਠੇ ਬਰਤਨ ਸਾਫ਼ ਕੀਤੇ ਅਤੇ ਲੰਗਰ ਵਿੱਚ ਮਾਈਕ ਸੇਵਾ ਕੀਤੀ ਉਪਰੰਤ ਉਹਨਾਂ ਪੰਗਤ ਵਿੱਚ ਬੈਠ ਕੇ ਲੰਗਰ ਛੱਕਿਆ। ਇਸ ਤੋ ਬਾਅਦ ਉਨ੍ਹਾਂ ਨਿਮਰਤਾ ਨਾਲ ਕੇਸਗੜ੍ਹ ਸਾਹਿਬ ਦੇ ਜੋੜਾ ਘਰ ਵਿਖੇ ਜਾ ਕੇ ਜੋੜੇ ਸਾਫ਼ ਕੀਤੇ। ਉਹਨਾਂ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਕੜਾਹ ਪ੍ਰਸਾਦਿ ਦੀ ਦੇਗ ਕਰਵਾਈ ਅਤੇ ਮੱਥਾ ਟੇਕਣ ਉਪਰੰਤ ਗੁਰਬਾਣੀ ਦਾ ਰਸਭਿੰਨਾ ਕੀਰਤਨ ਸਰਵਣ ਕੀਤਾ । ਇਸ ਮੌਕੇ ਸਿੰਘ ਸਾਹਿਬ ਗਿਆਨੀ ਮੱਲ ਸਿੰਘ ਜੀ ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨੇ ਅਰਦਾਸ ਕੀਤੀ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਜਾਣੇ ਅਨਜਾਣੇ ਵਿੱਚ ਹੋਈ ਭੁੱਲ ਉਪਰੰਤ ਸ: ਮਜੀਠੀਆ ਨੇ ਆਪ ਹੀ ਆਪਣੀ ਭੁੱਲ ਨੂੰ ਸਵੀਕਾਰ ਕਰਦਿਆਂ ਇੱਕ ਨਿਮਾਣੇ ਸਿੱਖ ਵੱਜੋ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹਾਜ਼ਰ ਹੋਕੇ ਮੁਆਫੀਨਾਮਾ ਦਿੱਤਾ ਤੇ ਗੁਰੂ ਪੰਥ ਤੋਂ ਮੁਆਫ਼ੀ ਦੀ ਬੇਨਤੀ ਕੀਤੀ।
ਇਸ ਸੰਬੰਧੀ ਪੰਜ ਸਿੰਘ ਸਾਹਿਬਾਨ ਵੱਲੋਂ ਇੱਕ ਮਈ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਈ ਇਕੱਤਰਤਾ ਦੌਰਾਨ ਸ: ਮਜੀਠੀਆ ਨੂੰ ਪੰਜਾਂ ਤਖ਼ਤਾਂ ਵਿਖੇ ਸੇਵਾ ਕਰਨ ਦਾ ਆਦੇਸ਼ ਜਾਰੀ ਹੋਇਆ। ਜਿਸ ਤਹਿਤ ਅੱਜ ਉਹਨਾਂ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸੇਵਾ ਨਿਭਾਈ। ਇਸ ਮੌਕੇ ਉਨ੍ਹਾਂ ਨਾਲ ਹੋਰਨਾਂ ਤੋਂ ਇਲਾਵਾ ਸ਼੍ਰੀ ਭਗਵੰਤ ਸਿੰਘ ਸਿਆਲਕਾ, ਸ਼੍ਰੀ ਜੋਧ ਸਿੰਘ ਸਮਰਾ, ਸ਼੍ਰੀ ਸੁਰਜੀਤ ਸਿੰਘ ਭਿਟੇਵੱਟ (ਸਾਰੇ ਮੈਂਬਰ ਐੱਸ.ਜੀ.ਪੀ.ਸੀ.), ਸ਼੍ਰੀ ਸੁਖਵਿੰਦਰ ਸਿੰਘ ਗਰੇਵਾਲ ਮੈਨੇਜਰ ਤਖ਼ਤ ਸ਼੍ਰੀ ਕੇਸਗੜ੍ਹ. ਸਾਹਿਬ, ਸ਼੍ਰੀ ਹਰਬੰਸ ਸਿੰਘ ਮੱਲੀ ਸਾਬਕਾ ਮੈਨੇਜਰ ਸ਼੍ਰੀ ਦਰਬਾਰ ਸਾਹਿਬ,ਅੰਮ੍ਰਿਤਸਰ, ਪ੍ਰਭਦਿਆਲ ਸਿੰਘ ਨੰਗਲ ਪੰਨਵਾ ਅਤੇ ਪ੍ਰੋ.ਸਰਚਾਂਦ ਸਿੰਘ ਮੀਡੀਆ ਐਡਵਾਈਜ਼ਰ ਵੀ ਉਨ੍ਹਾਂ ਦੇ ਨਾਲ ਸਨ।