Wednesday, July 3, 2024

ਖ਼ਾਲਸਾ ਕਾਲਜ ਵੈਟਰਨਰੀ ਨੇ ‘ਵਰਲਡ ਵੈਟਰਨਰੀ ਦਿਵਸ’ ਮਨਾਇਆ

PPN0405201605

ਅੰਮ੍ਰਿਤਸਰ, 4 ਮਈ (ਸੁਖਬੀਰ ਸਿੰਘ ਖੁਰਮਣੀਆ)- ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੀ ਸਰਪ੍ਰਸਤੀ ਹੇਠ ਰਾਮ ਤੀਰਥ ਰੋਡ ਵਿਖੇ ਪਸ਼ੂਆਂ ਦੀ ਸਿਹਤ ਅਤੇ ਬਿਮਾਰੀਆਂ ਨਾਲ ਸਬੰਧਿਤ ਵਿੱਦਿਅਕ ਸੰਸਥਾ ਖ਼ਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਸ (ਵੈਟਰਨਰੀ ਹਸਪਤਾਲ) ਵਿਖੇ ਅੱਜ ‘ਵਰਲਡ ਵੈਟਰਨਰੀ ਦਿਵਸ’ ਮਨਾਇਆ ਗਿਆ। ਇਸ ਮੌਕੇ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਇਸ ਦੌਰਾਨ ‘ਪਸ਼ੂ ਜਾਂਚ ਕੈਂਪ’ ਵਿੱਚ ਮਾਹਿਰ ਡਾਕਟਰਾਂ ਨੇ ਮੁਫਤ ਜਾਨਵਰਾਂ ਦੇ ਟੀਕਾਕਰਨ ਅਤੇ ਉਨ੍ਹਾਂ ਲਈ ਮਲ੍ਹੱਪ ਮਾਰੂ ਦਵਾਈਆਂ ਅਤੇ ਸਿਹਤ ਚੈੱਕਅੱਪ ਤੋਂ ਇਲਾਵਾ ਉਨ੍ਹਾਂ ਦੀ ਸਿਹਤ ਸੰਭਾਲ ਲਈ ਤਕਨੀਕੀ ਜਾਣਕਾਰੀ ਪ੍ਰਦਾਨ ਕੀਤੀ ਗਈ ਹੈ। ਇਸ ਮੌਕੇ ਮੁਫ਼ਤ ਕੈਂਪ ਦੌਰਾਨ ਸੈਂਕੜੇ ਪਸ਼ੂਆਂ ਤੇ ਪਾਲਤੂ ਜਾਨਵਰਾਂ ਦਾ ਮੁਫਤ ਟੀਕਾਕਰਨ ਵੀ ਕੀਤਾ ਗਿਆ।
ਇਸ ਮੌਕੇ ਸ: ਛੀਨਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੀ ਖੇਤੀਬਾੜੀ ਦੀ ਹਾਲਤ ਅਤਿ ਤਰਸਯੋਗ ਹੋਣ ਕਾਰਨ ਦੁਧਾਰੂ ਪਸ਼ੂਆਂ ਦੀ ਦੇਖਭਾਲ ਅਤੇ ਤੰਦਰੁਸਤੀ ਅਤਿ ਜਰੂਰੀ ਹੋ ਗਈ ਹੈ। ਉਨ੍ਹਾਂ ਕਿਹਾ ਕਿ ਕਾਲਜ ਵਿੱਚ ਜਿੱਥੇ ਵਿਦਿਆਰਥੀਆਂ ਨੂੰ ਪਸ਼ੂਆਂ ਦੀਆਂ ਬਿਮਾਰੀਆਂ ਤੇ ਉਨ੍ਹਾਂ ਦੀ ਰੋਕਥਾਮ ਸਬੰਧੀ ਵਿੱਦਿਅਕ ਜਾਣਕਾਰੀ ਮੁਹੱਈਆ ਕਰਵਾਈ ਜਾਂਦੀ ਹੈ, ਉੱਥੇ ਹੀ ਕੌਂਸਲ ਦੁਆਰਾ ਸਰਹੱਦੀ ਪਿੰਡਾਂ ਦੇ ਲੋਕਾਂ ਨੂੰ ਹਰੇਕ ਤਰ੍ਹਾਂ ਦੇ ਜਾਨਵਰਾਂ, ਪੰਛੀਆਂ ਦੇ ਇਲਾਜ ਲਈ ਹਸਪਤਾਲ ਵਿੱਚ ਸਹੂਲਤ ਪ੍ਰਦਾਨ ਕੀਤੀ ਗਈ ਹੈ ਤਾਂ ਕਿ ਲੋਕਾਂ ਵੱਲੋਂ ਸਹਾਇਕ ਧੰਦੇ ਵਜੋਂ ਪਾਲੇ ਜਾਂਦੇ ਹਰੇਕ ਪ੍ਰਕਾਰ ਦੇ ਜਾਨਵਰਾਂ ਦਾ ਉਪਚਾਰ ਹੋ ਸਕੇ।  ਉਨ੍ਹਾਂ ਕਿਹਾ ਕਿ ਅੱਜ ਦੇ ਦਿਨ ਸਾਨੂੰ ਇਹ ਪ੍ਰਣ ਲੈਣਾ ਚਾਹੀਦਾ ਹੈ ਕਿ ਜਾਨਵਰਾਂ ਨੂੰ ਕਿਸ ਤਰੀਕੇ ਨਾਲ ਖੇਤੀਬਾੜੀ ਵਿਭਿੰਨਤਾ ਦੇ ਸਹਾਇਕ ਧੰਦੇ ਵਜੋਂ ਉਜਾਗਰ ਕੀਤਾ ਜਾ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਦੁਧਾਰੂ ਪਸ਼ੂਆਂ ਅਤੇ ਦੂਸਰੇ ਜਾਨਵਰਾਂ ਦੀ ਸਿਹਤ ਸਬੰਧੀ ਸਹੀ ਜਾਣਕਾਰੀ ਕਿਸਾਨਾਂ ਨੂੰ ਹੋਣੀ ਚਾਹੀਦੀ ਹੈ ਤਾਂ ਕਿ ਇਸ ਸਹਾਇਕ ਧੰਦੇ ਨੂੰ ਸਫ਼ਲਤਾ ਪੂਰਵਕ ਚਲਾਇਆ ਜਾ ਸਕੇ।  ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਲਜ ਪ੍ਰਿੰਸੀਪਲ ਡਾ. ਐੱਸ. ਕੇ. ਜੰਡ ਨੇ ਕਿਹਾ ਕਿ ਵਰਲਡ ਵੈਟਰਨਰੀ ਦਿਵਸ ਮਨਾਉਣ ਦਾ ਮੁੱਖ ਮੰਤਵ ਇਸ ਦਿਨ ਪਸ਼ੂਆਂ ਦੀ ਸਿਹਤ ਅਤੇ ਤੰਦਰੁਸਤੀ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਹੈ। ਉਨ੍ਹਾਂ ਨੇ ਆਈਆਂ ਸਖਸ਼ੀਅਤਾਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ‘ਕੋਂਟੀਨਿਊਡ ਐਜ਼ੂਕੇਸ਼ਨ ਵਿਦ ਏ ਵਨ ਹੈਲਥ ਫੋਕਸ’ ਵਿਸ਼ੇ ‘ਤੇ ਅਧਾਰਿਤ ਇਸ ਦਿਵਸ ਮੌਕੇ ਸੂਬੇ ਦੇ ਮਾਹਿਰ ਡਾਕਟਰਾਂ ਵੱਲੋਂ ਪਸ਼ੂ ਪਾਲਕਾਂ ਨੂੰ ਜਾਨਵਰਾਂ ਦੀ ਸਹੀ ਦੇਖਭਾਲ ਸਬੰਧੀ ਜਾਗਰੂਕ ਵੀ ਕੀਤਾ ਗਿਆ ਅਤੇ ਇਸਦੇ ਨਾਲ ਹੀ ਅੱਜ ਦਿਨ ਪਸ਼ੂ ਰੋਗਾਂ ਅਤੇ ਉਨ੍ਹਾਂ ਦੇ ਇਲਾਜ ਸਬੰਧੀ ਇਕ ਪ੍ਰਦਰਸ਼ਨੀ ਵੀ ਲਗਾਈ ਜਿਸ ਵਿੱਚ ਸਰਹੱਦੀ ਖੇਤਰ ਅਤੇ ਆਸਪਾਸ ਦੇ ਪਿੰਡਾਂ ਦੇ ਜ਼ਿੰਮੀਦਾਰਾਂ, ਕਿਸਾਨਾਂ ਨੇ ਲਾਹਾ ਲਿਆ। ਇਸ ਮੌਕੇ ਕੌਂਸਲ ਦੇ ਫਾਈਨਾਂਸ ਸਕੱਤਰ ਸ: ਗੁਨਬੀਰ ਸਿੰਘ, ਸ: ਅਜ਼ਮੇਰ ਸਿੰਘ ਹੇਰ, ਸ: ਸਰਦੂਲ ਸਿੰਘ ਮੰਨਨ, ਡਾ. ਐੱਸ. ਐੱਸ. ਸਿੱਧੂ, ਡਾ. ਐੱਸ. ਕੇ. ਨਾਗਪਾਲ, ਡਾ. ਕੇ. ਸੀ. ਚੌਧਰੀ, ਡਾ. ਜਸਪਾਲ ਸਿੰਘ, ਡਾ. ਓ. ਪੀ. ਕਾਲੀਆ, ਡਾ. ਮਦਨ ਲਾਲ ਮਹਿਰਾ, ਡਾ. ਕੇ. ਐੱਸ. ਮਿਨਹਾਸ, ਡਾ. ਜੇ. ਐੱਸ. ਪੂਨੀਆ ਤੋਂ ਵੱਖ-ਵੱਖ ਪਿੰਡਾਂ ਦੇ ਲੋਕ ਤੇ ਵਿਦਿਆਰਥੀ ਹਾਜ਼ਰ ਸਨ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply