ਫ਼ਾਜ਼ਿਲਕਾ, 13 ਮਈ (ਵਿਨੀਤ ਅਰੋੜਾ)- ਮੰਡੀ ਅਰਨੀਵਾਲਾ ਅਤੇ ਆਸ-ਪਾਸ ਪਿੰਡਾਂ ‘ਚ ਪਿਛਲੇ ੩-੪ ਦਿਨਾਂ ਤੋਂ ਹੋਈ ਬੂੰਦਾਂ ਬਾਂਦੀ ਬਾਅਦ ਮੰਡੀਆਂ ਵਿਚ ਪਹਿਲਾ ਹੀ ਚੁਕਾਈ ਦੇ ਚੱਲ ਰਹੇ ਢਿੱਲੇ ਕੰਮ ਵਿਚ ਹੋਰ ਖੜੋਤ ਆ ਗਈ ਹੈ। ਬੇਸ਼ੱਕ ਕਣਕ ਦੀ ਖ਼ਰੀਦ ਵਿਚ ਕੋਈ ਢਿੱਲ ਨਹੀਂ ਪਰ ਕਈ ਮੰਡੀਆਂ ਵਿਚ ਜਗ੍ਹਾ ਨਾ ਮਿਲਣ ਕਾਰਨ ਮੰਡੀ ਵਿਚ ਕਣਕ ਲੈ ਕੇ ਆ ਰਹੇ ਕਿਸਾਨਾਂ ਨੂੰ ਕਣਕ ਉਤਾਰਨ ਵਿਚ ਬੜੀ ਮੁਸ਼ਕਿਲ ਆ ਰਹੀ ਹੈ। ਸਾਡੀ ਟੀਮ ਵੱਲੋਂ ਅੱਜ ਡੱਬਵਾਲਾ ਕਲਾਂ ਖ਼ਰੀਦ ਕੇਂਦਰ ਅਤੇ ਟਾਹਲੀਵਾਲਾ ਜੱਟਾ ਖ਼ਰੀਦ ਕੇਂਦਰ ਦਾ ਦੌਰਾ ਕੀਤਾ ਗਿਆ ਤਾਂ ਪਤਾ ਲੱਗਾ ਕਿ ਮੰਡੀ ਅਰਨੀਵਾਲਾ ਵਿਚ ਜਗ੍ਹਾ ਘੱਟ ਹੋਣ ਕਾਰਨ ਕਿਸਾਨਾਂ ਨੂੰ ਮਜਬੂਰੀ ਵੱਸ ਆਪਣੀ ਫ਼ਸਲ ਕੱਚੇ ਫੜ ਵਿਚ ਉਤਾਰ ਕੇ ਵੇਚਣੀ ਪੈ ਰਹੀ ਹੈ। ਇੱਥੇ ਹੁਣ ਕੁੱਝ ਲਿਫ਼ਟਿੰਗ ਵਿਚ ਸੁਧਾਰ ਹੋਇਆ ਹੈ ਪਰ ਏਥੋਂ ਨੇੜਲੇ ਖ਼ਰੀਦ ਕੇਂਦਰ ਟਾਹਲੀਵਾਲਾ ਜੱਟਾਂ ਵਿਚ ਲਿਫ਼ਟਿੰਗ ਨਾ ਹੋਣ ਕਾਰਨ ਮੰਡੀ ਵਿਚ ਖ਼ਰੀਦ ਕੀਤੀ ਕਣਕ ਦੇ ਗੱਟਿਆਂ ਦੇ ਅੰਬਾਰ ਲੱਗ ਗਏ ਹਨ। ਇੱਥੇ ਇੰਸਪੈਕਟਰ ਦਵਿੰਦਰ ਕੁਮਾਰ ਅਨੁਸਾਰ ਹੁਣ ਤਕ ਇਕੋ ਹੀ ਏਜੰਸੀ ਪਨਗਰੇਨ ਵੱਲੋਂ ੧ ਲੱਖ ੨੦ ਹਜ਼ਾਰ ਗੱਟਾ ਕਣਕ ਖ਼ਰੀਦ ਕੀਤਾ ਗਿਆ ਹੈ ਜਿਸ ‘ਚੋਂ 65 ਹਜ਼ਾਰ ਗੱਟਾ, ਢਿੱਲੀ ਲਿਫ਼ਟਿੰਗ ਕਾਰਨ ਮੰਡੀ ਵਿਚ ਸਟਾਕ ਪਿਆ ਹੈ। ਇੱਥੋਂ ਦੇ ਕਈ ਆੜ੍ਹਤੀਆਂ ਅਤੇ ਕਿਸਾਨਾਂ ਮੁਤਾਬਿਕ ਖ਼ਰੀਦ ਤਸੱਲੀ ਬਖ਼ਸ਼ ਹੈ ਪਰ ਲਿਫ਼ਟਿੰਗ ਦਾ ਕੰਮ ਸੁਸਤ ਹੈ। ਉੱਧਰ ਡੱਬਵਾਲਾ ਖ਼ਰੀਦ ਕੇਂਦਰ ਵਿਚ ਐਫ.ਸੀ.ਆਈ. ਵੱਲੋਂ ੮੬ ਹਜ਼ਾਰ ਗੱਟਾ ਖ਼ਰੀਦ ਕੀਤਾ ਗਿਆ ਹੈ। ਇੰਸਪੈਕਟਰ ਮੁਤਾਬਿਕ ਇੱਥੇ 55 ਹਜ਼ਾਰ ਗੱਟਾ ਲਿਫ਼ਟਿੰਗ ਹੋਣਾ ਬਾਕੀ ਹੈ। ਇਸੇ ਤਰ੍ਹਾਂ ਇੱਥੇ ਪਨਸਪ ਵੱਲੋਂ 111248 ਗੱਟੇ ਕਣਕ ਖ਼ਰੀਦੀ ਗਈ ਹੈ। ਇੰਸਪੈਕਟਰ ਗਗਨ ਸੇਖੋਂ ਨੇ ਦੱਸਿਆ ਕਿ ਇੱਥੇ 67 ਹਜ਼ਾਰ ਗੱਟਾ ਕਣਕ ਲਿਫ਼ਟਿੰਗ ਹੋਣੀ ਬਾਕੀ ਹੈ। ਬੇਸ਼ੱਕ ਉਕਤ ਦੋਹਾਂ ਮੰਡੀਆਂ ਵਿਚ ਕਣਕ ਦੀ ਖ਼ਰੀਦ ਕਰ ਰਹੇ ਅਧਿਕਾਰੀ ਖ਼ਰੀਦ ਪ੍ਰਬੰਧਾਂ ਵਿਚ ਕੁੱਝ ਸੁਧਾਰ ਹੋਣ ਦੀ ਗੱਲ ਕਰ ਰਹੇ ਹਨ ਪਰ ਹਕੀਕਤ ਇਹ ਹੈ ਕਿ ਮੰਡੀਆਂ ਵਿਚ ਲੇਬਰ, ਗੱਡੀਆਂ ਦਾ ਘਾਟ ਕਾਰਨ ਲਿਫ਼ਟਿੰਗ ਦਾ ਕੰਮ ਢਿੱਲਾ ਹੈ। ਜਿਸ ਕਾਰਨ ਮੰਡੀਆਂ ਵਿਚ ਕਣਕ ਲਿਆ ਰਹੇ ਕਿਸਾਨਾਂ ਨੂੰ ਅੱਗੇ ਥਾਂ ਨਾ ਮਿਲਣ ਕਾਰਨ ਖੱਜਲ ਖ਼ੁਆਰ ਹੋਣਾ ਪੈ ਰਿਹਾ ਹੈ।
Check Also
ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ‘ਤੇ 10ਵੀਂ ਜਨਰਲ ਬਾਡੀ ਮੀਟਿੰਗ ਦਾ ਆਯੋਜਨ
ਸੰਗਰੂਰ, 4 ਜੁਲਾਈ (ਜਗਸੀਰ ਲੌਂਗੋਵਾਲ) – ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ਅਤੇ 10ਵੀਂ …