Friday, July 5, 2024

ਅੰਮ੍ਰਿਤਸਰ ਦੇ ਬਹੁਤੇ ਇਲਾਕਿਆਂ ਵਿਚ ਆਰ.ਓ ਦੀ ਲੋੜ ਨਹੀਂ- ਏ.ਡੀ.ਸੀ

PPN1205201609
ਸੀਵਰੇਜ ਅਤੇ ਪਾਣੀ ਸਬੰਧੀ ਸ਼ਿਕਾਇਤ ਟੋਲ ਫਰੀ ਨੰਬਰ ‘ਤੇ ਕੀਤੀ ਜਾਵੇ

ਅੰਮ੍ਰਿਤਸਰ, 12 ਮਈ (ਜਗੀਪ ਸਿੰਘ ਸੱਗੂ) – ਵਧੀਕ ਡਿਪਟੀ ਕਮਿਸ਼ਨਰ ਸ. ਤਜਿੰਦਰਪਾਲ ਸਿੰਘ ਸੰਧੂ ਨੇ ਅੰਮ੍ਰਿਤਸਰ ਵਾਸੀਆਂ ਨੂੰ ਆਰ. ਓ. ਦੀ ਵਰਤੋਂ ਤੋਂ ਸੰਜਮ ਕਰਨ ਦੀ ਅਪੀਲ ਕਰਦਿਆਂ ਕਿਹਾ ਹੈ ਕਿ ਅੰਮ੍ਰਿਤਸਰ ਸ਼ਹਿਰ ਅਤੇ ਪਿੰਡ, ਜਿਥੇ ਵਾਟਰ ਸਪਲਾਈ ਵਿਭਾਗ ਵੱਲੋਂ ਪੀਣ ਵਾਲੇ ਪਾਣੀ ਦੀ ਸਪਲਾਈ ਕੀਤੀ ਜਾ ਰਹੀ ਹੈ, ਵਿਚ ਆਰ. ਓ. ਲਗਾਉਣ ਦੀ ਲੋੜ ਨਹੀਂ, ਕਿਉਂਕਿ ਇਹ ਪਾਣੀ ਧਰਤੀ ਦੀ ਡੂੰਘੀ ਪਰਤ ਵਿਚੋਂ ਲਿਆ ਗਿਆ ਸਾਫ ਪੀਣ ਯੋਗ ਪਾਣੀ ਹੈ ਅਤੇ ਇਸ ਦੀ ਟੈਸਟਿੰਗ ਵੀ ਹੋਈ ਹੈ। ਅੱਜ ਜਨ ਸਿਹਤ ਵਿਭਾਗ ਸਲਾਕਾਰ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਉਨਾਂ ਕਿਹਾ ਕਿ ਆਰ. ਓ. ਲਗਾਉਣ ਨਾਲ ਪਾਣੀ ਵੱਡੀ ਮਾਤਰਾ ਵਿਚ ਫਜ਼ੂਲ ਚਲਾ ਜਾਂਦਾ ਹੈ, ਕਿਉਂਕਿ ਆਰ. ਓ. ਜਿੰਨਾ ਪਾਣੀ ਸਾਫ ਕਰਦਾ ਹੈ, ਉਸ ਨਾਲੋਂ ਕਰੀਬ ਚਾਰ ਗੁਣਾ ਵੱਧ ਪਾਣੀ ਫਜ਼ੂਲ ਗਵਾ ਦਿੰਦਾ ਹੈ। ਉਨ੍ਹਾਂ ਕਿਹਾ ਕਿ ਜਿਥੇ ਕਿਧਰੇ ਆਰ. ਓ ਲਗਾਉਣ ਦੀ ਲੋੜ ਪਵੇ, ਉਥੇ ਵੀ ਆਰ. ਓ. ਵੱਲੋਂ ਕੱਢੇ ਜਾਂਦੇ ਵਾਧੂ ਪਾਣੀ ਦੀ ਵਰਤੋਂ ਬਾਥਰੂਮ ਜਾਂ ਘਾਹ ਦੇ ਲਾਅਨ ਆਦਿ ਵਿਚ ਕਰਨ ਦਾ ਪ੍ਰਬੰਧ ਸਾਨੂੰ ਕਰਨਾ ਚਾਹੀਦਾ ਹੈ, ਤਾਂ ਕਿ ਸਾਡਾ ਪਾਣੀ ਵਿਅਰਥ ਨਾ ਜਾਵੇ ਅਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਅਸੀਂ ਇਹ ਕੁਦਰਤ ਦਾ ਅਨਮੋਲ ਖਜ਼ਾਨਾ ਸਾਂਭ ਕੇ ਦੇ ਸਕੀਏ। ਮੀਟਿੰਗ ਵਿਚ ਹਾਜ਼ਰ ਜਨ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਵੀ ਦੱਸਿਆ ਕਿ ਕੇਵਲ ਅਜਨਾਲਾ ਤਹਿਸੀਲ ਦੇ ਕੁਝ ਹਿੱਸੇ ਨੂੰ ਛੱਡੇ ਕੇ ਅੰਮ੍ਰਿਤਸਰ ਜ਼ਿਲ੍ਹੇ ਦਾ ਪੀਣ ਵਾਲਾ ਪਾਣੀ ਸਾਫ ਹੈ ਅਤੇ ਸਾਨੂੰ ਆਰ. ਓ. ਲਗਾਉਣ ਦੀ ਲੋੜ ਨਹੀਂ। ਸ. ਸੂੰਧ ਨੇ ਜਨ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਪਾਣੀ ਦੀ ਸੰਜਮ ਨਾਲ ਵਰਤੋਂ ਕਰਨ ਬਾਰੇ ਆਮ ਲੋਕਾਂ ਨੂੰ ਜਾਗਰੂਕ ਕਰਵਾਉਣ ਦੀ ਹਦਾਇਤ ਵੀ ਕੀਤੀ। ਸ. ਸੰਧੂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੀਵਰੇਜ ਅਤੇ ਪਾਣੀ ਸਬੰਧੀ ਸ਼ਿਕਾਇਤਾਂ ਲਈ ਟੋਲ ਫਰੀ ਨੰਬਰ 18001802468 ਜਾਰੀ ਕੀਤਾ ਗਿਆ ਹੈ ਅਤੇ ਕੋਈ ਵੀ ਨਾਗਰਿਕ ਇਸ ਸਬੰਧੀ ਆਪਣੀ ਸ਼ਿਕਾਇਤ ਇਸ ਨੰਬਰ ‘ਤੇ ਕਰ ਸਕਦਾ ਹੈ। ਅੱਜ ਦੀ ਮੀਟਿੰਗ ਵਿਚ ਹਾਜ਼ਰ ਸਲਾਹਕਾਰ ਕਮੇਟੀ ਦੇ ਮੈਂਬਰਾਂ ਨੇ ਵੀ ਪਾਣੀ ਦੀ ਸੰਜਮ ਨਾਲ ਵਰਤੋਂ ਕਰਨ ਅਤੇ ਸਿੰਚਾਈ ਲਈ ਵੱਧ ਤੋਂ ਵੱਧ ਨਹਿਰਾਂ ਦਾ ਪਾਣੀ ਵਰਤੋਂ ਵਿਚ ਲਿਆਉਣ ਦੀ ਸਲਾਹ ਦਿੱਤੀ, ਤਾਂ ਕਿ ਪਾਣੀ ਦੇ ਹੇਠਾਂ ਜਾ ਰਹੇ ਪੱਧਰ ਨੂੰ ਬਚਾਇਆ ਜਾ ਸਕੇ। ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਐਸ. ਈ. ਨਰਿੰਦਰ ਸਿੰਘ, ਐਸ. ਈ ਐਸ. ਕੇ. ਸ਼ਰਮਾ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply