Wednesday, July 3, 2024

ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵਲੋਂ ਲੜੀ ਪਹਿਲੀ ਜੰਗ ਪਹਲੀ ਫਤਹਿ ਨੂੰ ਸਮਰਪਿਤ ਨਗਰ ਕੀਰਤਨ

PPN1006201605

ਅੰਮ੍ਰਿਤਸਰ, 10 ਜੂਨ (ਗੁਰਪ੍ਰੀਤ ਸਿੰਘ) – ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਮੀਰੀ-ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਵੱਲੋਂ ਗੁਰਦੁਆਰਾ ਕਿਲ੍ਹਾ ਸ੍ਰੀ ਲੋਹਗੜ੍ਹ ਸਾਹਿਬ ਤੋਂ ਲੜੀ ਗਈ ਪਹਿਲੀ ਜੰਗ ਤੇ ਪਹਿਲੀ ਫਤਹਿ ਦੇ ਸਬੰਧ ਵਿੱਚ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਜੈਕਾਰਿਆਂ ਦੀ ਗੂੰਜ ਵਿੱਚ ਆਯੋਜਿਤ ਕੀਤਾ ਗਿਆ।ਨਗਰ ਕੀਰਤਨ ਦੀ ਰਵਾਨਗੀ ਤੋਂ ਪਹਿਲਾ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਦੇ ਭਾਈ ਗੁਰਦੇਵ ਸਿੰਘ ਦੇ ਹਜ਼ੂਰੀ ਰਾਗੀ ਜਥੇ ਵੱਲੋਂ ਅੰਮ੍ਰਿਤ ਮਈ ਬਾਣੀ ਦੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ।ਅਰਦਾਸ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇ ਕੀਤੀ ਅਤੇ ਹੁਕਮਨਾਮਾ ਭਾਈ ਦਇਆ ਸਿੰਘ ਗ੍ਰੰਥੀ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਨੇ ਲਿਆ।
ਨਗਾਰਿਆਂ ਦੀ ਗੂੰਜ ਨਾਲ ਚੜ੍ਹਦੀ ਕਲਾ ਦੇ ਜੈਕਾਰੇ ਛੱਡਦੀਆਂ ਤੇ ਸਤਿਨਾਮੁ ਵਾਹਿਗੁਰੂ ਦਾ ਜਾਪੁ ਕਰਦੀਆਂ ਸੰਗਤਾਂ ਦਾ ਠਾਠਾਂ ਮਾਰਦਾ ਇਕੱਠ ਇੱਕ ਅਲੌਕਿਕ ਨਜ਼ਾਰਾ ਪੇਸ਼ ਕਰ ਰਿਹਾ ਸੀ।ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਦੇ ਪਿੱਛੇ-ਪਿੱਛੇ ਸਕੂਲਾਂ ਦੇ ਬੱਚਿਆਂ ਦੇ ਬੈਂਡ ਨਗਰ ਕੀਰਤਨ ਦੀ ਸ਼ਾਨ ਵਧਾ ਰਹੇ ਸਨ ਤੇ ਗਤਕਾ ਪਾਰਟੀਆਂ ਆਪਣੇ-ਆਪਣੇ ਜੌਹਰ ਦਿਖਾ ਰਹੀਆਂ ਸਨ।ਸੰਗਤਾਂ ਵੱਲੋਂ ਥਾਂ-ਥਾਂ ਠੰਢੇ ਮਿੱਠੇ ਜਲ ਦੀਆਂ ਛਬੀਲਾਂ ਲਗਾਈਆਂ ਗਈਆਂ ਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।
ਇਹ ਨਗਰ ਕੀਰਤਨ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਤੋਂ ਆਰੰਭ ਹੋ ਕੇ ਚੌਂਕ ਸੁਲਤਾਨਵਿੰਡ, ਚੌਂਕ ਘਿਉ ਮੰਡੀ, ਸ਼ੇਰਾਂ ਵਾਲਾ ਗੇਟ, ਮਹਾਂ ਸਿੰਘ ਗੇਟ, ਚੌਂਕ ਰਾਮਬਾਗ, ਗੋਲ ਹੱਟੀ ਚੌਕ, ਗੁਰਦੁਆਰਾ ਟਾਹਲੀ ਸਾਹਿਬ (ਸੰਤੋਖਸਰ), ਕਟੜਾ ਜੈਮਲ ਸਿੰਘ, ਕਟੜਾ ਘਨੱਈਆ ਚੌੰਂਕ, ਚੌਂਕ ਟੈਲੀਫੋਨ ਐਕਸਚੇਂਜ, ਕਟੜਾ ਸ਼ੇਰ ਸਿੰਘ, ਡੀ ਏ ਵੀ ਕਾਲਜ ਰੋਡ, ਅੰਦਰੂਨ ਹਾਥੀ ਗੇਟ, ਕਟੜਾ ਮੋਤੀ ਰਾਮ, ਲੋਹਗੜ੍ਹ ਗੇਟ ਤੋਂ ਹੁੰਦਾ ਹੋਇਆ ਗੁਰਦੁਆਰਾ ਕਿਲ੍ਹਾ ਸ੍ਰੀ ਲੋਹਗੜ੍ਹ ਸਾਹਿਬ ਵਿਖੇ ਸੰਪੂਰਨ ਹੋਇਆ।
ਇਸ ਮੌਕੇ ਬਾਬਾ ਅਵਤਾਰ ਸਿੰਘ ਬਿਧੀ ਚੰਦ ਸੰਪ੍ਰਦਾ ਸੁਰਸਿੰਘ ਵਾਲੇ, ਸੰਤ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲੇ, ਬਾਬਾ ਸਾਧ ਜੀ, ਸ. ਸੁਲੱਖਣ ਸਿੰਘ ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ. ਮਨਜਿੰਦਰ ਸਿੰਘ ਮੰਡ ਮੈਨੇਜਰ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਸ਼ੋ੍ਰਮਣੀ ਕਮੇਟੀ ਦਾ ਸਮੁੱਚਾ ਸਟਾਫ ਅਤੇ ਭਾਰੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।
ਸ਼ੋ੍ਰਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਸ੍ਰ: ਦਿਲਜੀਤ ਸਿੰਘ ਬੇਦੀ ਨੇ ਜਾਣਕਾਰੀ ਦੇਂਦਿਆਂ ਦੱਸਿਆ ਕਿ ਇਸ ਫਤਹਿ ਦਿਵਸ ਸਬੰਧੀ ਗੁਰਦੁਆਰਾ ਕਿਲ੍ਹਾ ਸ੍ਰੀ ਲੋਹਗੜ੍ਹ ਸਾਹਿਬ ਵਿਖੇ 12 ਜੂਨ ਨੂੰ ਸਵੇਰੇ 5.00 ਵਜੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣਗੇ।ਉਪਰੰਤ 7.00 ਵਜੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸੁਖਜਿੰਦਰ ਸਿੰਘ ਦੇ ਜਥੇ ਵੱਲੋਂ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਦੀਆਂ ਛਹਿਬਰਾਂ ਲਗਾਈਆਂ ਜਾਣਗੀਆਂ।ਸਵੇਰੇ 7.00 ਤੋਂ 8.30 ਵਜੇ ਤੱਕ ਭਾਈ ਜਸਬੀਰ ਸਿੰਘ ਪੰਜਾਬ ਐਂਡ ਸਿੰਧ ਬੈਂਕ, ਸ਼ਬਦ ਕੀਰਤਨ ਤੇ ਨਾਮ ਸਿਮਰਨ ਸਤਿਸੰਗ ਸਭਾ ਕੀਰਤਨ ਦੀਆਂ ਹਾਜ਼ਰੀਆਂ ਭਰਨਗੇ।ਉਪਰੰਤ 8.30 ਤੋਂ 9.30 ਵਜੇ ਤੱਕ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੁਖਵਾਕ ਦੀ ਕਥਾ ਕਰਨਗੇ।ਉਨ੍ਹਾਂ ਕਿਹਾ ਕਿ ਦੁਪਹਿਰ 2 ਵਜੇ ਭਾਈ ਸੁਰਿੰਦਰ ਸਿੰਘ ਸ੍ਰੀ ਗੁਰੂ ਰਾਮਦਾਸ ਲੋਕ ਭਲਾਈ ਸੰਸਥਾ ਅਤੇ ਸ੍ਰੀ ਅੰਮ੍ਰਿਤਸਰ ਸ਼ਹਿਰ ਦੀਆਂ ਸਮੂਹ ਸੁਖਮਨੀ ਸਾਹਿਬ ਸੇਵਾ-ਸੁਸਾਇਟੀਆਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੀਆਂ ਹਾਜ਼ਰੀਆਂ ਭਰਨਗੀਆਂ।
ਉਨ੍ਹਾਂ ਕਿਹਾ ਕਿ ਗੁਰਦੁਆਰਾ ਕਿਲ੍ਹਾ ਸ੍ਰੀ ਲੋਹਗੜ੍ਹ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਗੁਰਮਤਿ ਸਮਾਗਮ ਸ਼ਾਮ 4 ਵਜੇ ਤੋਂ ਦੇਰ ਰਾਤ ਤੀਕ ਹੋਵੇਗਾ। ਜਿਸ ਵਿੱਚ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਮੁੱਖ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਭਾਈ ਸਤਨਾਮ ਸਿੰਘ ਹਜ਼ੂਰੀ ਰਾਗੀ ਜਥਾ ਗੁਰਦੁਆਰਾ ਸ਼ਹੀਦ ਗੰਜ ਸਾਹਿਬ, ਭਾਈ ਗੁਰਸੇਵਕ ਸਿੰਘ ਰੰਗੀਲਾ ਚੰਡੀਗੜ੍ਹ, ਭਾਈ ਗੁਰਵਿੰਦਰ ਸਿੰਘ, ਭਾਈ ਬਲਵਿੰਦਰ ਸਿੰਘ ਰੰਗੀਲਾ ਚੰਡੀਗੜ੍ਹ, ਬਾਬਾ ਦਰਸ਼ਨ ਸਿੰਘ ਗੁੰਮਟਾਲੇ ਵਾਲੇ, ਭਾਈ ਗੁਰਇਕਬਾਲ ਸਿੰਘ ਬੀਬੀ ਕੌਲਾਂ ਜੀ ਭਲਾਈ ਕੇਂਦਰ, ਭਾਈ ਜੋਗਿੰਦਰ ਸਿੰਘ ਰਿਆੜ ਲੁਧਿਆਣਾ, ਨਿਸ਼ਕਾਮ ਕੀਰਤਨੀ ਜਥਾ ਜੋੜਾ ਘਰ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਗੁਰਬਾਣੀ ਕੀਰਤਨ ਰਾਹੀ ਸੰਗਤਾਂ ਨੂੰ ਨਿਹਾਲ ਕਰਨਗੇ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply