Sunday, October 6, 2024

ਕਾਂਗਰਸੀ ਵਰਕਰਾਂ ਨੇ ਅਨੋਖੇ ਅੰਦਾਜ਼ ‘ਚ ਕੀਤਾ ਰੋਸ ਪ੍ਰਦਰਸਨ

PPN2906201605

ਬਠਿੰਡਾ, 29 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਭਾਵੇਂ ਸ਼ਹਿਰ ਬਠਿੰਡਾ ਨੂੰ ਪੈਰਿਸ ਬਨਾਉਣ ਦੇ ਦਾਅਵੇ ਕਰਦੇ ਨਹੀਂ ਥੱਕਦੇ ਪਰ ਜਮੀਨੀ ਹਾਲਾਤ ਇਹ ਹਨ ਕਿ ਸ਼ਹਿਰ ਵਾਸੀਆਂ ਨੂੰ ਅੱਜ ਤੱਕ ਵੀ ਕੋਈ ਮੁੱਢਲੀ ਸਹੂਲਤ ਮੁੱਹਈਆ ਨਹੀਂ ਹੋਈ, ਟੁੱਟੀਆਂ ਸੜਕਾਂ ਕਰਕੇ ਲੋਕਾਂ ਨੂੰ ਵੱਡੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਿਰੋਧੀ ਧਿਰ ਕਾਂਗਰਸ ਪਾਰਟੀ ਦੇ ਜਿਲ੍ਹਾ ਸ਼ਹਿਰੀ ਪ੍ਰਧਾਨ ਮੋਹਨ ਲਾਲ ਝੁੰਬਾ ਦੀ ਅਗਵਾਈ ਵਿੱਚ ਅੱਜ ਸੈਂਕੜੇ ਵਰਕਰਾਂ ਨੇ ਲੋਕ ਸਮੱਸਿਆਵਾਂ ਤੇ ਬਾਦਲ ਸਰਕਾਰ ਨੂੰ ਕਰੜੇ ਹੱਥੀਂ ਲੈਂਦਿਆਂ ਅਨੋਖੇ ਅੰਦਾਜ ਵਿੱਚ ਰੋਸ ਪ੍ਰਦਰਸਨ ਕੀਤਾ ਤੇ ਸ਼ਹਿਰ ਦੀਆਂ ਜਲਥਲ ਹੋਈਆਂ ਸੜਕਾਂ ਨੂੰ ਛੱਪੜ ਬਣਾਕੇ ਮੱਛੀਆਂ ਛੱਡੀਆਂ ਗਈਆਂ ਤਾਂ ਜੋ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਵੀ ਮਿਲ ਸਕੇ। ਜਿਲ੍ਹਾ ਸ਼ਹਿਰੀ ਪ੍ਰਧਾਨ ਮੋਹਨ ਲਾਲ ਝੁੰਬਾ ਨੇ ਕਿਹਾ ਕਿ ਸੁਭਾਸ਼ ਨਗਰ, ਲਾਲ ਸਿੰਘ ਨਗਰ ਆਦਿ ਦੇ ਏਰੀਏ ਵਿੱਚ ਹਾਲਾਤ ਇਹ ਹਨ ਕਿ ਸੜਕਾਂ ਤਾਂ ਲੋਕਾਂ ਨੂੰ ਨਸੀਬ ਨਹੀਂ ਹੋਈਆਂ, ਬਰਸਾਤ ਦੇ ਪਾਣੀ ਅਤੇ ਗਲੀਆਂ ਨਾਲੀਆਂ ਦੇ ਪਾਣੀ ਦੇ ਨਿਕਾਸ ਪ੍ਰਬੰਧ ਨਾ ਹੋਣ ਕਰਕੇ ਸੜਕਾਂ ਤੇ ਪਾਣੀ ਭਰਿਆ ਰਹਿੰਦਾ ਹੈ ਇਸ ਲਈ ਅੱਜ ਮੱਛੀਆਂ ਛੱਡਕੇ ਇਸ ਪਾਣੀ ਨੂੰ ਵਰਤੋਂ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਜੋ ਵਿਕਾਸ ਕਰਨ ਦੇ ਵੱਡੇ ਵੱਡੇ ਦਾਅਵੇ ਕਰਨ ਵਾਲੇ ਨਗਰ ਨਿਗਮ ਪ੍ਰਸਾਸ਼ਨ ਅਤੇ ਪੰਜਾਬ ਸਰਕਾਰ ਦੀ ਨੀਂਦ ਖੁੱਲ੍ਹ ਸਕੇ। ਉਹਨਾਂ ਪ੍ਰਸਾਸਨ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਜਲਦੀ ਹੀ ਇਹ ਸੜਕ ਨਾ ਬਣਾਈ ਤਾਂ ਮੱਛੀਆਂ ਛੱਡਣ ਦਾ ਕੰਮ ਨਗਰ ਨਿਗਮ ਦੇ ਮੇਅਰ, ਕਮਿਸ਼ਨਰ ਅਤੇ ਮੁੱਖ ਸੰਸਦੀ ਸਕੱਤਰ ਦੇ ਘਰਾਂ ਵਿੱਚ ਵੀ ਕੀਤਾ ਜਾਵੇਗਾ। ਸਾਬਕਾ ਮੰਤਰੀ ਅਤੇ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਹਰਮੰਦਰ ਸਿੰਘ ਜੱਸੀ ਨੇ ਸ਼ਹਿਰ ਦੀਆਂ ਸਮੱਸਿਆਵਾਂ ਪ੍ਰਤੀ ਚਿੰਤਾ ਜਾਹਰ ਕਰਦਿਆਂ ਮੰਗ ਕੀਤੀ ਕਿ ਪੰਜਾਬ ਦੇ ਮੁੱਖ ਮੰਤਰੀ ਵਿਧਾਨ ਸਭਾ ਹਲਕਾ ਸ਼ਹਿਰੀ ਬਠਿੰਡਾ ਦੇ ਵਾਸੀਆਂ ਨੂੰ ਇਹ ਜਵਾਬ ਦੇਣ ਕਿ ਹੁਣ ਤੱਕ ਸ਼ਹਿਰ ਦੇ ਸੀਵਰੇਜ ਪ੍ਰੋਜੈਕਟ ਲਈ ਕਿੰਨੇ ਸੌ ਕਰੋੜ ਬਰਬਾਦ ਕਰ ਦਿੱਤਾ? ਕਿਉਂਕਿ ਕਿਸੇ ਵੀ ਇਲਾਕੇ ਵਿੱਚ ਸੀਵਰੇਜ, ਸੜਕਾਂ ਅਤੇ ਬਰਸਾਤੀ ਪਾਣੀ ਦੇ ਨਿਕਾਸ ਵਾਲੇ ਕੋਈ ਪ੍ਰਬੰਧ ਨਹੀਂ ਹਨ। ਇਸ ਮੌਕੇ ਉਹਨਾਂ ਦੇ ਨਾਲ ਬਲਜੀਤ ਸਿੰਘ ਪ੍ਰਧਾਨ ਯੂਥ ਕਾਂਗਰਸ, ਜਨਰਲ ਸਕੱਤਰ ਰੁਪਿੰਦਰ ਬਿੰਦਰਾ, ਦਯਾ ਨੰਦ, ਮਨਜੀਤ ਸੀਤੂ, ਸਤਪਾਲ ਖਨਗਵਾਲ, ਸਤਨਾਮ ਸੰਜੂ, ਵਿਜੇ ਗੋਇਲ, ਗੁਰਲਾਲ ਸਿੰਘ, ਚੰਦਰ ਭਾਨ, ਸੁਖਮੰਦਰ ਸਿੰਘ, ਅਵਤਾਰ ਸਿੰਘ, ਮੇਵਾ ਰਾਮ, ਦਰਸ਼ਨ ਸਿੰਘ ਘੁੱਦਾ, ਹਰਮੇਸ਼ ਕੁਮਾਰ, ਬਲਜਿੰਦਰ ਕੌਰ, ਮਮਤਾ ਗਰਗ, ਰਾਣੀ ਕੌਰ, ਬਲਰਾਜ ਸਿੰਘ, ਜਸਵਿੰਦਰ ਸਿੰਘ, ਰਵੀ ਕੁਮਾਰ, ਅਵਤਾਰ ਤਾਰਾ ਆਦਿ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਅਤੇ ਅਹੁਦੇਦਾਰ ਹਾਜਰ ਸਨ।

Check Also

ਰੰਗਮੰਚ ਕਲਾਕਾਰ ਕੈਲਾਸ਼ ਕੌਰ ਦੇ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ

ਸੰਗਰੂਰ, 5 ਅਕਤੂਬਰ (ਜਗਸੀਰ ਲੌਂਗੋਵਾਲ) – ਤਰਕਸ਼ੀਲ ਸੁਸਾਇਟੀ ਪੰਜਾਬ ਨੇ ਪ੍ਰਸਿੱਧ ਲੋਕਪੱਖੀ ਨਾਟਕਕਾਰ ਅਤੇ ਚਿੰਤਕ …

Leave a Reply