Saturday, July 27, 2024

ਨਾਨਕਸ਼ਾਹੀ ਕੈਲੰਡਰ ਵਿੱਚ ਸੋਧ ਤੇ ਤਖਤ ਪਟਨਾ ਸਾਹਿਬ ਵਿਵਾਦ ਠੰਡੇ ਬਸਤੇ ‘ਚ — ਨਹੀ ਹੋਈ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿੱਚ ਵਿਚਾਰ

PhotoB
ਅੰਮ੍ਰਿਤਸਰ, 6 ਫਰਵਰੀ (ਨਰਿੰਦਰ ਪਾਲ ਸਿੰਘ)- ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਹੈ ਕਿ ਪੰਜ ਸਿੰਘ ਸਾਹਿਬਾਨ ਦੀ ਇਥੇ ਹੋਈ ਇਕੱਤਰਤਾ ਵਿਚ ਨਾਨਕਸ਼ਾਹੀ ਕੈਲੰਡਰ ਵਿੱਚ ਕਿਸੇ ਹੋਰ ਸੰਭਾਵੀ ਸੋਧ ਅਤੇ ਤਖਤ ਪਟਨਾ ਸਾਹਿਬ ਦੇ ਵਿਵਾਦ ਦੇ ਹੱਲ ਲਈ ਕੋਈ ਚਰਚਾ ਨਹੀ ਹੋਈ।ਇਕੱਤਰਤਾ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗਿਆਨੀ ਗੁਰਬਚਨ ਸਿੰਘ ਨੇ ਦੱਸਿਆ ਕਿ ਨਾਨਕਸ਼ਾਹੀ ਕੈਲੰਡਰ ਦਾ ਮਾਮਲਾ ਸਮੁੱਚੀ ਸਿੱਖ ਕੌਮ ਨਾਲ ਜੁੜਿਆ ਹੋਇਆ ਹੈ ਤੇ ਇਸ ਵਿੱਚ ਕਿਸੇ ਕਿਸਮ ਦੀ ਸੰਭਾਵੀ ਸੋਧ ਬਾਰੇ ਹਾਲੇ ਹੋਰ ਸੁਝਾਅ ਪੁੱਜ ਰਹੇ ਹਨ ਅਤੇ ਅਜੇ ਹੋਰ ਸੁਝਾਅ ਆਉਣ ਦੀ ਉਮੀਦ ਕੀਤੀ ਜਾ ਰਹੀ ਹੈ।ਤਖਤ ਸ੍ਰੀ ਪਟਨਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਅਤੇ ਗਿਆਨੀ ਇਕਬਾਲ ਸਿੰਘ ਦਰਮਿਆਨ ਚੱਲ ਰਹੇ ਵਿਵਾਦ ਦੇ ਹੱਲ ਬਾਰੇ ਪੁਛੇ ਜਾਣ ਤੇ ਗਿਆਨੀ ਗੁਰਬਚਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਪਾਸ 7 ਜਨਵਰੀ 2014 ਨੂੰ ਤਖਤ ਸ੍ਰੀ ਪਟਨਾ ਸਾਹਿਬ ਵਿਖੇ ਚੱਲ ਰਹੇ ਗੁਰਮਤਿ ਸਮਾਗਮ ਦੌਰਾਨ ਵਾਪਰੀ ਮੰਦਭਾਗੀ ਘਟਨਾ ਦੀ ਸੀ. ਡੀ. ਪੁੱਜ ਗਈ ਹੈ । ਉਨ੍ਹਾਂ ਨਾਲ ਹੀ ਕਿਹਾ ਕਿ ਇਸ ਵਿਵਾਦ ਬਾਰੇ ਉਨ੍ਹਾਂ ਨਾਲ ਕਿਸੇ ਵੀ ਧਿਰ ਨੇ ਕੋਈ ਰਾਬਤਾ ਕਾਇਮ ਨਹੀ ਕੀਤਾ।ਜਿਕਰਯੋਗ ਹੈ ਕਿ ਇਸ ਵਿਵਾਦ ਦੇ ਚੱਲਦਿਆਂ ਗਿਆਨੀ ਇਕਬਾਲ ਸਿੰਘ ਤਖਤ ਸ੍ਰੀ ਪਟਨਾ ਸਾਹਿਬ ਪ੍ਰਬੰਧਕੀ ਬੋਰਡ ਦੇ ਮੈਂਬਰਾਨ ਖਿਲਾਫ ਪੁਲਿਸ ਪਾਸ ਸ਼ਿਕਾਇਤ ਦਰਜ ਕਰਵਾ ਚੁੱਕੇ ਹਨ, ਜਦਕਿ ਪ੍ਰਬਧਕੀ ਕਮੇਟੀ ਨੇ ਗਿਆਨੀ ਇਕਬਾਲ ਸਿੰਘ ਨੂੰ 8 ਜਨਵਰੀ 2014 ਨੂੰ ਜਾਰੀ ਇੱਕ ਆਦੇਸ਼ ਰਾਹੀਂ ਨੌਕਰੀ ਤੋਂ ਮੁਅਤਲ ਕਰ ਦਿੱਤਾ ਸੀ।ਗਿਆਨੀ ਇਕਬਾਲ ਸਿੰਘ ਇਹ ਵੀ ਸਪੱਸ਼ਟ ਕਰ ਚੁੱਕੇ ਹਨ ਕਿ ਉਹ ਬੋਰਡ ਵਲੋਂ ਨਵ-ਨਿਯੁੱਕਤ ਐਡੀਸ਼ਨਲ ਹੈੱਡ ਗ੍ਰੰਥੀ ਗਿਆਨੀ ਪ੍ਰਤਾਪ ਸਿੰਘ ਦੀ ਨਿਯੁੱਕਤੀ ਰੱਦ ਕਰਨ ਅਤੇ ਸਮੁੱਚੀ ਕਮੇਟੀ ਭੰਗ ਕਰਨ ਦੀ ਸ਼ਰਤ ਤੇ ਹੀ ਪੁਲਿਸ ਕੇਸ ਵਾਪਿਸ ਲੈ ਸਕਦੇ ਹਨ। ਗਿਆਨੀ ਗੁਰਬਚਨ ਸਿੰਘ ਨੇ ਸਪੱਸ਼ਟ ਕੀਤਾ ਹੈ ਕਿ ਪੁਲਿਸ ਕੇਸ ਦੇ ਚਲਦਿਆਂ ਸਿੰਘ ਸਾਹਿਬਾਨ ਇਸ ਮਸਲੇ ਤੇ ਕੋਈ ਵਿਚਾਰ ਨਹੀ ਕਰਨਗੇ।

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …

Leave a Reply