ਨਿੱਕੀ ਕਹਾਣੀ
ਸ਼ਾਲੂ ਅਤੇ ਹਰੀਸ਼ ਦੇ ਵਿਆਹ ਨੂੰ ਤਕਰੀਬਨ ਅੱਠ ਸਾਲ ਹੋ ਗਏ ਸਨ ਅਤੇ ਉਹਨਾਂ ਦੀ ਧੀ ਚਿੰਕੀ ਹੁਣ ਸੱਤਾ ਸਾਲਾਂ ਦੀ ਹੋ ਗਈ ਸੀ।ਚਿੰਕੀ ਤੋਂ ਬਾਅਦ ਸ਼ਾਲੂ ਫਿਰ ਕਦੀ ਮਾਂ ਨਾ ਬਣ ਸਕੀ।ਹਰੀਸ਼ ਹੋਰਨਾਂ ਮਰਦਾਂ ਦੀ ਤਰ੍ਹਾਂ ਹੀ ਆਪਣੇ ਵੰਸ਼ ਨੂੰ ਅੱਗੇ ਚਲਾਉਣ ਦੇ ਲਈ ਮੁੰਡਾ ਚਹੁੰਦਾ ਸੀ।ਜਦੋਂ ਵੀ ਉਹ ਆਪਣੇ ਦੋਸਤਾਂ ਰਿਸ਼ਤੇਦਾਰਾਂ ਦੇ ਮੁੰਡਿਆਂ ਨੂੰ ਦੇਖਦਾ ਤਾਂ ਉਸ ਦੇ ਦਿਲ ਵਿੱਚ ਵੀ ਇਹ ਰੀਝ ਆਉਂਦੀ ਕਿ ਉਸ ਦੇ ਵੀ ਇੱਕ ਬੇਟਾ ਹੁੰਦਾ।ਸ਼ਾਲੂ ਅਤੇ ਹਰੀਸ਼ ਦੇ ਝਗੜੇ ਵੱਧਦੇ ਜਾ ਰਹੇ ਸਨ ਅਤੇ ਉਹਨਾਂ ਦਾ ਰਿਸ਼ਤਾ ਦਿਨ-ਬ-ਦਿਨ ਵਿਗੜਦਾ ਹੀ ਜਾ ਰਿਹਾ ਸੀ।ਹਰੀਸ਼ ਰੋਜ਼ ਦੀ ਤਰ੍ਹਾਂ ਸਵੇਰੇ ਦਫ਼ਤਰ ਚਲਿਆਂ ਜਾਂਦਾ ਅਤੇ ਸਾਲੂ ਚਿੰਕੀ ਨੂੰ ਸਕੂਲ ਭੇਜ ਕੇ ਘਰ ਦੇ ਕੰਮ ਕਾਜ ਵਿੱਚ ਰੁੱਝ ਜਾਂਦੀ।ਇੱਕ ਖਾਲੀਪਨ ਸ਼ਾਲੂ ਨੂੰ ਅੰਦਰੋ ਅੰਦਰੀ ਖਾਈ ਜਾ ਰਿਹਾ ਸੀ।ਹਰੀਸ਼ ਦੇ ਦਫ਼ਤਰ ਤੋਂ ਵਾਪਿਸ ਆਉਂਦਿਆਂ ਹੀ ਫਿਰ ਉਹੀ ਲੜਾਈ ਝਗੜਾ ਸ਼ੁਰੂ ਹੋ ਜਾਂਦਾ।ਰੋਜ਼ਾਨਾ ਦੀ ਤਰ੍ਹਾਂ ਚਿੰਕੀ ਸਕੂਲ ਤੋਂ ਵਾਪਸ ਆ ਗਈ ਸੀ ਤੇ ਸ਼ਾਲੂ ਉਸ ਲਈ ਰਸੋਈ ਵਿੱਚ ਖਾਣਾ ਬਣਾ ਰਹੀ ਸੀ, ਚਿੰਕੀ ਨੇ ਪਾਣੀ ਪੀਣ ਲਈ ਜਦੋਂ ਰਸੋਈ ਵਿੱਚੋ ਗਲਾਸ ਉਠਾਇਆ ਤਾਂ ਗਲਾਸ ਉਸ ਦੇ ਹੱਥੋਂ ਫ਼ਰਸ਼ ‘ਤੇ ਡਿੱਗ ਪਿਆ।ਗਲਾਸ ਟੁੱਟਣ ਤੋਂ ਤਾਂ ਬਚ ਗਿਆ ਪਰ ਉਸ ਵਿੱਚ ਤਰੇੜ ਪੈ ਗਈ। ਸ਼ਾਲੂ ਨੂੰ ਯਾਦ ਆਇਆ ਕਿ ਉਸ ਦੀ ਮਾਂ ਕਿਹਾ ਕਰਦੀ ਸੀ ਕਿ ‘ਤਿੜਕੇ ਹੋਏ ਭਾਂਡੇ ਅਤੇ ਤਿੜਕੇ ਹੋਏ ਰਿਸ਼ਤੇ ਜ਼ਿਆਦਾ ਦੇਰ ਨਹੀਂ ਨਿੱਭਦੇ’। ਮਾਂ ਦੀ ਇਹ ਗੱਲ ਯਾਦ ਕਰਦਿਆਂ ਹੀ ਸ਼ਾਲੂ ਨੇ ਚਿੰਕੀ ਨੂੰ ਡਾਂਟਦਿਆਂ ਹੋਇਆ ਕਿਹਾ ਕਿ ਹੁਣ ਇਹ ਗਲਾਸ ਤਿੜਕ ਗਿਆ ਹੈ, ਤਿੜਕਿਆ ਭਾਂਡਾ ਘਰ ਵਿੱਚ ਨਹੀਂ ਰੱਖੀਦਾ।
ਏਨੇ ਨੂੰ ਦਰਵਾਜ਼ੇ ਦੀ ਘੰਟੀ ਵੱਜਦੀ ਹੈ, ਹਰੀਸ਼ ਦਫ਼ਤਰ ਤੋਂ ਅੱਜ ਜਲਦੀ ਘਰ ਆ ਗਿਆ ਸੀ ਜਾਂ ਸ਼ਾਇਦ ਉਹ ਦਫ਼ਤਰ ਗਿਆ ਹੀ ਨਹੀਂ ਸੀ। ਸ਼ਾਲੂ ਦਰਵਾਜ਼ਾ ਖੋਲਦੀ ਹੈ, ਹਰੀਸ਼ ਅੱਜ ਪਹਿਲਾਂ ਦੀ ਬਜਾਏ ਬਿਲਕੁੱਲ ਸਾਂਤ ਸੀ।ਉਸ ਦੇ ਹੱਥ ਵਿੱਚ ਤਲਾਕ ਦੇ ਪੇਪਰ ਸਨ, ਜੋ ਉਸ ਨੇ ਆਉਦਿਆਂ ਹੀ ਸ਼ਾਲੂ ਦੇ ਹੱਥ ਵਿੱਚ ਫੜਾਉਂਦਿਆਂ ਕਿਹਾ ਕਿ ”ਸ਼ਾਲੂ ਆਪਣੇ ਰਿਸ਼ਤੇ ਵਿੱਚ ਤਰੇੜ ਪੈ ਚੁੱਕੀ ਹੈ ਜਿਸ ਦਾ ਭਰ ਪਾਉਣਾ ਹੁਣ ਨਾ-ਮੁਮਕਿਨ ਹੈ। ਤਿੜਕੇ ਹੋੲੈ ਰਿਸ਼ਤਿਆਂ ਦੇ ਨਾਲ ਜ਼ਿੰਦਗੀ ਦਾ ਸਫ਼ਰ ਤੈਅ ਕਰ ਪਾਉਣਾ ਮੁਸ਼ਕਿਲ ਨਹੀਂ ਅਸੰਭਵ ਹੈ, ਇਸ ਲਈ ਤੂੰ ਇਹਨਾਂ ਪੇਪਰਾਂ ਤੇ ਦਸਤਖਤ ਕਰਦੇ।ਸ਼ਾਲੂ ਖਾਮੋਸ਼ ਖੜੀ ਕਦੇ ਤਿੜਕੇ ਹੋਏ ਗਲਾਸ ਵੱਲ ਦੇਖ ਰਹੀ ਸੀ ਅਤੇ ਕਦੇ ਤਲਾਕ ਦੇ ਕਾਗਜਾਂ ਵੱਲ। ਉਸ ਨੂੰ ਤਿੜਕੇ ਭਾਂਡੇ ਅਤੇ ਤਿੜਕੇ ਰਿਸ਼ਤੇ ਵਿੱਚ ਕੋਈ ਫ਼ਰਕ ਨਹੀਂ ਸੀ ਲੱਗ ਰਿਹਾ, ਤੇ ਉਸਦੇ ਕੰਨਾਂ ਵਿੱਚ ਉਸ ਦੀ ਮਾਂ ਦੇ ਕਹੇ ਲਫ਼ਜ਼ ਗੂੰਜ ਰਹੇ ਸਨ।

ਕੰਵਲਜੀਤ ਕੌਰ ਢਿੱਲੋਂ
ਤਰਨ ਤਾਰਨ
ਸੰਪਰਕ 9478793231
Punjab Post Daily Online Newspaper & Print Media